ਬਸਤੀਆਂ ''ਚ ਲੱਗੇ ਗੰਦਗੀ ਦੇ ਅੰਬਾਰ, ਭਿਆਨਕ ਬੀਮਾਰੀ ਫੈਲਣ ਦਾ ਖਦਸ਼ਾ
Wednesday, Aug 02, 2017 - 11:50 PM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਸ਼ਹਿਰ 'ਚ ਸਵੱਛ ਭਾਰਤ ਮੁਹਿੰਮ ਨੂੰ ਤਾਂ ਗ੍ਰਹਿਣ ਹੀ ਲੱਗ ਗਿਆ ਹੈ। ਖਾਸ ਤੌਰ 'ਤੇ ਸਲੱਮ ਬਸਤੀਆਂ 'ਚ ਗੰਦਗੀ ਕਾਰਨ ਇਹ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਬੀਮਾਰੀਆਂ ਦੀ ਲਪੇਟ 'ਚ ਆ ਰਹੇ ਹਨ।
ਕੁਝ ਦਿਨ ਪਹਿਲਾਂ ਰਾਏਕੋਟ ਰੋਡ ਟਰਾਈਡੈਂਟ ਫੈਕਟਰੀ ਨਜ਼ਦੀਕ ਰਾਮਦੇਵ ਨਗਰ 'ਚ ਸੀਵਰੇਜ ਵਾਲਾ ਮਿਕਸ ਪਾਣੀ ਪੀਣ ਕਾਰਨ ਮੁਹੱਲਾ ਵਾਸੀ ਡਾਇਰੀਏ ਦੀ ਲਪੇਟ 'ਚ ਆ ਗਏ ਸਨ ਅਤੇ ਹੁਣ ਸੇਖਾ ਰੋਡ ਫੌਜੀ ਬਸਤੀ ਗਲੀ ਨੰ. 5 ਦੇ ਵਸਨੀਕ ਗੰਦਗੀ ਫੈਲਣ ਕਾਰਨ ਅਤੇ ਸੀਵਰੇਜ ਦਾ ਪਾਣੀ ਘਰਾਂ 'ਚ ਵੜਨ ਨਾਲ ਬੀਮਾਰੀਆਂ ਦੀ ਲਪੇਟ 'ਚ ਆ ਰਹੇ ਹਨ। ਰੋਸ 'ਚ ਆਏ ਮੁਹੱਲਾ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।
ਗੱਲਬਾਤ ਕਰਦਿਆਂ ਰਾਮ ਕੁਮਾਰ ਅਤੇ ਗੁਰਮੇਲ ਕੌਰ ਨੇ ਕਿਹਾ ਕਿ ਸਾਡੇ ਮੁਹੱਲੇ 'ਚ ਪੱਕੀ ਗਲੀ ਵੀ ਨਹੀਂ ਬਣਾਈ ਗਈ, ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਸਾਡੇ ਘਰਾਂ 'ਚ ਦਾਖਲ ਹੋ ਰਿਹਾ ਹੈ। ਇਸ ਸਬੰਧੀ ਅਸੀਂ ਮੁਹੱਲੇ ਦੇ ਐੱਮ. ਸੀ. ਅਤੇ ਅਧਿਕਾਰੀਆਂ ਅੱਗੇ ਗੁਹਾਰ ਲਾ ਚੁੱਕੇ ਹਾਂ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ। ਬਰਸਾਤ ਪੈਣ ਕਰ ਕੇ ਸਾਡੇ ਮੁਹੱਲੇ ਦਾ ਹੋਰ ਵੀ ਬੁਰਾ ਹਾਲ ਹੋ ਗਿਆ ਹੈ। ਇਸ ਮੌਕੇ ਸੋਨੀਆ ਬੇਗਮ, ਨਜ਼ਮਾ ਬੇਗਮ, ਤਾਰਾ ਸਿੰਘ, ਹਾਕਮ ਸਿੰਘ ਆਦਿ ਵੀ ਹਾਜ਼ਰ ਸਨ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਈ. ਓ. : ਜਦੋਂ ਇਸ ਸਬੰਧ 'ਚ ਨਗਰ ਕੌਂਸਲ ਦੇ ਈ. ਓ. ਪਰਵਿੰਦਰ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਹੁਣੇ ਹੀ ਕਰਮਚਾਰੀਆਂ ਦੀ ਡਿਊਟੀ ਲਾਉਂਦਾ ਹਾਂ ਅਤੇ ਪਹਿਲ ਦੇ ਆਧਾਰ 'ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
