ਦਲਜੀਤ ਸਿੰਘ ਆਹਲੂਵਾਲੀਆ ਬਣੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ

07/09/2019 11:30:48 AM

ਜਲੰਧਰ (ਚੋਪੜਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਜੀਤ ਸਿੰਘ ਆਹਲੂਵਾਲੀਆ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜਲੰਧਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਿਧਾਨ ਸਭਾ ਅਤੇ ਨਿਗਮ ਚੋਣਾਂ 'ਚ ਕਾਂਗਰਸ ਦਾ ਝੰਡਾ ਲਹਿਰਾਉਣ ਦਾ ਇਹ ਇਨਾਮ ਉਨ੍ਹਾਂ ਨੂੰ ਮਿਲਿਆ ਹੈ। ਆਹਲੂਵਾਲੀਆ ਦੀ ਨਿਯੁਕਤੀ ਦੀ ਖਬਰ ਸੁਣਦੇ ਹੀ ਉਨ੍ਹਾਂ ਘਰ ਕਾਂਗਰਸੀ ਨੇਤਾਵਾਂ ਅਤੇ ਹੋਰ ਵਰਕਰਾਂ ਦੀ ਭੀੜ ਉਮੜ ਗਈ। ਆਹਲੂਵਾਲੀਆ ਨੇ ਆਪਣੀ ਨਿਯੁਕਤੀ 'ਤੇ ਰਾਹੁਲ ਗਾਂਧੀ, ਪ੍ਰਦੇਸ਼ ਕਾਂਗਰਸ ਦੀ ਮੁਖੀ ਆਸ਼ਾ ਕੁਮਾਰੀ, ਕੈ. ਅਮਰਿੰਦਰ ਸਿੰਘ, ਸੁਨੀਲ ਜਾਖੜ, ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਜੋ ਪਾਰਟੀ ਨੇ ਉਨ੍ਹਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ।

ਆਹਲੂਵਾਲੀਆ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਪਹਿਲ ਟਰੱਸਟ 'ਚ ਵਿਆਪਕ ਭ੍ਰਿਸ਼ਟਾਚਾਰ 'ਤੇ ਨਕੇਲ ਕੱਸਣਾ, ਆਰਥਿਕ ਸੰਕਟ ਤੋਂ ਕੱਢਣਾ, ਜਨਤਾ ਦਾ ਟਰੱਸਟ ਪ੍ਰਤੀ ਵਿਸ਼ਵਾਸ ਨੂੰ ਬਹਾਲ ਕਰਨਾ ਰਹੇਗੀ। 2002 ਤੋਂ ਲੈ ਕੇ 2007 ਦੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨਕਾਲ 'ਚ ਜਲੰਧਰ ਵਿਚ ਟਰੱਸਟ ਨੇ ਸੂਰਿਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ ਵਰਗੀਆਂ ਕਾਲੋਨੀਆਂ ਕੱਟੀਆਂ। ਉਸ ਤੋਂ ਬਾਅਦ 10 ਸਾਲਾਂ ਤੱਕ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ 'ਚ ਇਕ ਵੀ ਕਾਲੋਨੀ ਨਹੀਂ ਕੱਟੀ। ਕਾਂਗਰਸ ਸਮੇਂ ਵਿਕਸਿਤ ਕਾਲੋਨੀਆਂ ਦੀ ਡਿਵੈੱਲਪਮੈਂਟ ਪੂਰੀ ਤਰ੍ਹਾਂ ਰੋਕ ਦਿੱਤੀ ਗਈ। ਟਰੱਸਟ ਦੇ ਸਾਬਕਾ ਚੇਅਰਮੈਨ ਤੇਜਿੰਦਰ ਬਿੱਟੂ ਨੇ ਆਪਣੇ ਵਿਜ਼ਨ ਨਾਲ ਇਨ੍ਹਾਂ ਕਾਲੋਨੀਆਂ ਵਿਚ ਪਾਈਪ ਲਾਈਨ ਤੋਂ ਗੈਸ ਸਪਲਾਈ, ਪਾਰਕ, ਗ੍ਰੀਨ ਬੈਲੇਟ, ਵਧੀਆ ਕੁਆਲਿਟੀ ਦੀਆਂ ਸੜਕਾਂ ਸਮੇਤ ਹਰੇਕ ਸੁਵਿਧਾ ਦੇਣ ਦਾ ਪਲਾਨ ਬਣਾਇਆ ਸੀ, ਜੋ ਕਿ ਕੈਪਟਨ ਸਰਕਾਰ ਦੇ ਜਾਂਦਿਆਂ ਹੀ ਅੱਧ 'ਚ ਲਟਕ ਗਏ। ਨਵੀਆਂ ਕਾਲੋਨੀਆਂ ਵਿਕਸਿਤ ਨਾ ਹੋਣ ਅਤੇ ਅਪੂਰਵਡ ਕਾਲੋਨੀਆਂ ਦੀ ਡਿਵੈੱਲਪਮੈਂਟ ਨਾ ਹੋਣ ਕਾਰਨ ਲੋਕਾਂ ਦਾ ਵਿਸ਼ਵਾਸ ਇੰਪਰੂਵਮੈਂਟ ਟਰੱਸਟ ਤੋਂ ਉਠ ਗਿਆ।

ਆਹਲੂਵਾਲੀਆ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਟੁੱਟਣ ਨਾਲ ਹਾਲਾਤ ਇੰਨੇ ਬੁਰੇ ਹੋ ਚੁੱਕੇ ਹਨ ਕਿ ਜਨਤਾ ਦਾ ਟਰੱਸਟ ਦੀਆਂ ਜ਼ਮੀਨਾਂ ਖਰੀਦਣ 'ਚ ਰੁਝਾਨ ਘੱਟ ਹੋ ਗਿਆ ਹੈ। ਬੀਤੇ ਸਾਲਾਂ ਦੌਰਾਨ ਟਰੱਸਟ ਆਪਣੀਆਂ ਕਾਲੋਨੀਆਂ 'ਚ ਰਿਹਾਇਸ਼ੀ ਪਲਾਟ, ਕਮਰਸ਼ੀਅਲ ਬੂਥਾਂ ਦੀ ਨੀਲਾਮੀ ਰੱਖਦਾ ਹੈ ਪਰ ਕੋਈ ਖਰੀਦਦਾਰ ਇਸ ਵਿਚ ਆਪਣਾ ਰੁਝਾਨ ਨਹੀਂ ਦਿਖਾਉਂਦਾ। ਆਹਲੂਵਾਲੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਜਿੱਥੇ ਟਰੱਸਟ ਦੀਆਂ ਪੁਰਾਣੀਆਂ ਕਾਲੋਨੀਆਂ ਦਾ ਵਿਕਾਸ ਹੋਵੇਗਾ, ਉਥੇ ਹੀ ਲੋਕਾਂ ਲਈ ਨਵੀਆਂ ਅਪੂਰਵਡ ਕਾਲੋਨੀਆਂ ਕੱਟਣ ਦਾ ਮਾਸਟਰ ਪਲਾਨ ਬਣਾਇਆ ਜਾਵੇਗਾ। ਆਹਲੂਵਾਲੀਆ ਨੇ ਕਿਹਾ ਕਿ ਉਹ ਟਰੱਸਟ ਦੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਲੋਕਲ ਬਾਡੀਜ਼ ਮੰਤਰੀ ਨਾਲ ਮਿਲ ਕੇ ਵਿਸ਼ੇਸ਼ ਫੰਡਜ਼ ਰਿਲੀਜ਼ ਕਰਵਾਉਣ ਦੇ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਕਾਂਗਰਸ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰ ਕੇ ਵਿਖਾਉਣਗੇ।

ਆਹਲੂਵਾਲੀਆ ਦਾ ਸਿਆਸੀ ਸਫਰ
ਯੂਥ ਕਾਂਗਰਸ ਤੋਂ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਹਲੂਵਾਲੀਆ ਸਾਲ 1998 'ਚ ਜ਼ਿਲਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਦੋ ਸਾਲਾਂ ਉਪਰੰਤ ਪ੍ਰਦੇਸ਼ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਣੇ। 1992 'ਚ ਬੇਅੰਤ ਸਿੰਘ ਦੀ ਸਰਕਾਰ ਦੌਰਾਨ ਉਨ੍ਹਾਂ ਨੂੰ ਮਿਊਂਸੀਪਲ ਕਮੇਟੀ ਕਰਤਾਰਪੁਰ ਦੀਆਂ ਚੋਣਾਂ ਲੜਵਾਈਆਂ ਗਈਆਂ ਅਤੇ ਇਨ੍ਹਾਂ ਚੋਣਾਂ 'ਚ ਉਨ੍ਹਾਂ ਦੇ ਮੁਕਾਬਲੇ ਕੋਈ ਉਮੀਦਵਾਰ ਨਾ ਖੜ੍ਹਾ ਹੋਣ ਕਾਰਨ ਉਹ ਜੇਤੂ ਐਲਾਨੇ ਗਏ। ਉਸ ਸਮੇਂ ਲੋਕਲ ਬਾਡੀਜ਼ ਮੰਤਰੀ ਸਵ. ਚੌਧਰੀ ਜਗਜੀਤ ਸਿੰਘ ਨੇ ਆਹਲੂਵਾਲੀਆ ਨੂੰ ਮਿਊਂਸੀਪਲ ਕਮੇਟੀ ਦਾ ਚੇਅਰਮੈਨ ਬਣਾਇਆ। ਸਾਲ 2002 'ਚ ਪੰਜਾਬ 'ਚ ਕੈਪਟਨ ਅਮਰਿੰਦਰ ਦੀ ਸਰਕਾਰ ਬਣਨ 'ਤੇ ਆਹਲੂਵਾਲੀਆ ਨੂੰ ਡਾਇਰੈਕਟਰ ਇੰਡਸਟਰੀਜ਼ ਬਣਾਇਆ ਗਿਆ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ 3-3 ਸਾਲ ਦਾ ਦੋ ਵਾਰ ਕਾਰਜਕਾਲ ਪੂਰਾ ਕਰਨ ਦਾ ਮੌਕਾ ਦਿੱਤਾ। ਇਸਦੇ ਨਾਲ ਹੀ ਉਹ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਵੀ ਚੇਅਰਮੈਨ ਬਣਾਏ ਗਏ।

ਪਤਨੀ ਅਤੇ ਲੜਕੇ ਨੇ ਸਫਲਤਾ ਨੂੰ ਲੈ ਕੇ ਪਰਦੇ ਪਿੱਛੇ ਨਿਭਾਈ ਵੱਡੀ ਭੂਮਿਕਾ
ਦਲਜੀਤ ਆਹਲੂਵਾਲੀਆ ਨੇ ਆਪਣੇ ਸਿਆਸੀ ਸਫਰ 'ਚ ਹਰੇਕ ਪੜਾਅ ਨੂੰ ਵੱਡੀ ਸਫਲਤਾ ਨਾਲ ਪੂਰਾ ਕੀਤਾ ਪਰ ਅਸਲ ਵਿਚ ਉਨ੍ਹਾਂ ਦੀ ਸਫਲਤਾ ਪਿੱਛੇ ਪਤਨੀ ਕੰਵਲਇੰਦਰ ਅਤੇ ਲੜਕੇ ਕਾਕੂ ਆਹਲੂਵਾਲੀਆ ਨੇ ਵੱਡੀ ਭੂਮਿਕਾ ਨਿਭਾਈ ਹੈ। ਕੰਵਲਇੰਦਰ ਕਈ ਸਾਲ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਉਪ ਪ੍ਰਧਾਨ ਅਤੇ ਵੂਮੈਨ ਕਮਿਸ਼ਨ ਪੰਜਾਬ ਦੀ ਮੈਂਬਰ ਰਹਿ ਚੁੱਕੀ ਹੈ। ਉਨ੍ਹਾਂ ਦਾ ਲੜਕਾ ਕਾਕੂ ਆਹਲੂਵਾਲੀਆ ਜੋ ਕਿ ਨੌਜਵਾਨਾਂ ਵਿਚ ਕਾਫੀ ਲੋਕਪ੍ਰਸਿੱਧ ਹੈ, ਉਹ ਜ਼ਿਲਾ ਯੂਥ ਕਾਂਗਰਸ ਜਲੰਧਰ ਦਾ ਪ੍ਰਧਾਨ ਰਿਹਾ ਹੈ। ਜ਼ਿਲਾ ਕਾਂਗਰਸ ਦੇ ਪ੍ਰਧਾਨ ਦੇ ਕਾਰਜਕਾਲ ਦੌਰਾਨ ਕਾਕੂ ਨੇ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ। ਲੋਕ ਸਭਾ ਚੋਣਾਂ ਵਿਚ ਵੀ ਕਾਕੂ ਨੇ ਕਾਂਗਰਸ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ।


shivani attri

Content Editor

Related News