ਗੁਰਦਾਸਪੁਰ ''ਚ ਰਸੋਈ ਗੈਸ ਲੀਕ ਮਗਰੋਂ ਫਟਿਆ ਸਿਲੰਡਰ! ਧਮਾਕੇ ''ਚ 8 ਜਣੇ ਝੁਲਸੇ
Wednesday, Jun 03, 2026 - 09:19 PM (IST)
ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਦੇ ਹਨੂੰਮਾਨ ਚੌਕ ਇਲਾਕੇ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਕਵਾਟਰ ਵਿੱਚ ਮੰਗਲਵਾਰ ਸ਼ਾਮ ਰਸੋਈ ਗੈਸ ਲੀਕ ਹੋਣ ਮਗਰੋਂ ਹੋਏ ਧਮਾਕੇ ਕਾਰਨ ਦੋ ਬੱਚਿਆਂ ਸਮੇਤ 8 ਵਿਅਕਤੀ ਝੁਲਸ ਗਏ। ਜ਼ਖਮੀਆਂ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਉਧਰ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਜਾਣਕਾਰੀ ਦਿੰਦਿਆਂ ਜ਼ਖਮੀ ਦੀਵਾਕਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਹਨੂੰਮਾਨ ਚੌਕ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਮਿਸਤਰੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਸ਼ਾਮ ਸਮੇਂ ਉਸ ਦੀ ਪਤਨੀ ਮੰਨੂ ਕੁਮਾਰੀ ਰਸੋਈ ਵਿੱਚ ਖਾਣਾ ਬਣਾਉਣ ਦੀ ਤਿਆਰੀ ਕਰ ਰਹੀ ਸੀ, ਪਰ ਗੈਸ ਚੁੱਲਾ ਨਹੀਂ ਚੱਲ ਰਿਹਾ ਸੀ। ਚੁੱਲੇ ਨੂੰ ਚਲਾਉਣ ਅਤੇ ਠੀਕ ਕਰਨ ਦੀ ਕੋਸ਼ਿਸ਼ ਦੌਰਾਨ ਅਚਾਨਕ ਗੈਸ ਨੇ ਅੱਗ ਫੜ ਲਈ ਅਤੇ ਜ਼ੋਰਦਾਰ ਧਮਾਕਾ ਹੋ ਗਿਆ।
ਧਮਾਕੇ ਕਾਰਨ ਦੀਵਾਕਰ ਕੁਮਾਰ, ਉਸ ਦੀ ਪਤਨੀ ਮੰਨੂ ਕੁਮਾਰੀ, ਦੋ ਬੱਚਿਆਂ ਸਮੇਤ ਕੁੱਲ 8 ਵਿਅਕਤੀ ਝੁਲਸ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਸਥਾਨਕ ਲੋਕ ਤੁਰੰਤ ਮਦਦ ਲਈ ਮੌਕੇ 'ਤੇ ਪਹੁੰਚੇ। ਲੋਕਾਂ ਦੀ ਮਦਦ ਨਾਲ ਸਾਰੇ ਜਖਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ।
ਸਿਵਲ ਹਸਪਤਾਲ ਵਿੱਚ ਡਿਊਟੀ 'ਤੇ ਤਾਇਨਾਤ ਡਾਕਟਰਾਂ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਦੋ ਬੱਚਿਆਂ ਨੂੰ ਅੱਗ ਕਾਰਨ ਵਧੇਰੇ ਸੱਟਾਂ ਲੱਗੀਆਂ ਹਨ, ਜਦਕਿ ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਦੌਰਾਨ ਕਮਰੇ 'ਚ ਪਿਆ ਘਰੇਲੂ ਸਾਮਾਨ ਵੀ ਅੱਗ ਦੀ ਲਪੇਟ ਵਿੱਚ ਆ ਕੇ ਨੁਕਸਾਨਿਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਸਮੇਂ ਸਿਰ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
