ਪੰਜਾਬ ''ਚ ਅਪਰਾਧ ਦੇ ਮਾਮਲਿਆਂ ''ਚ 13 ਫ਼ੀਸਦੀ ਵਾਧਾ, ਰਿਪੋਰਟ ''ਚ ਹੋਇਆ ਖ਼ੁਲਾਸਾ

09/16/2021 3:50:57 PM

ਚੰਡੀਗੜ੍ਹ : ਪੰਜਾਬ 'ਚ ਸਾਲ 2020 ਦੌਰਾਨ ਕੋਵਿਡ ਪ੍ਰਕੋਪ ਦੇ ਮੱਦੇਨਜ਼ਰ ਸਖ਼ਤ ਤਾਲਾਬੰਦੀ ਦੇ ਬਾਵਜੂਦ ਵੀ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਅਪਰਾਧਾਂ ਦੇ ਮਾਮਲਿਆਂ ਵਿੱਚ 13 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਹਾਲਾਂਕਿ ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ ਵਿਚ ਨਸ਼ਿਆਂ ਨਾਲ ਸਬੰਧਿਤ ਐਫ. ਆਈ. ਆਰਜ਼ 'ਚ 40 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਖ਼ੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਦੀ ਰਿਪੋਰਟ (ਐਨ. ਸੀ. ਆਰ. ਬੀ.) 'ਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹਾਈ ਅਲਰਟ ਮਗਰੋਂ 'ਚੰਡੀਗੜ੍ਹ' 'ਚ ਵੀ ਸਖ਼ਤੀ, ਡਰੋਨ ਉਡਾਉਣ 'ਤੇ ਰੋਕ ਸਣੇ ਇਹ ਹੁਕਮ ਜਾਰੀ

ਐਨ. ਸੀ. ਆਰ. ਬੀ. ਦੇ ਅੰਕੜਿਆਂ ਅਨੁਸਾਰ ਸਾਲ 2019 ਵਿੱਚ 11,536 ਦੇ ਮੁਕਾਬਲੇ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟੈਂਸਿਸ (ਐਨ. ਡੀ. ਪੀ. ਐਸ.) ਐਕਟ ਦੇ ਤਹਿਤ ਪੰਜਾਬ ਵਿੱਚ 6,909 ਮਾਮਲੇ ਦਰਜ ਕੀਤੇ ਗਏ ਹਨ। ਵਿਸ਼ੇਸ਼ ਅਤੇ ਸਥਾਨਕ ਕਾਨੂੰਨਾਂ ਤੋਂ ਇਲਾਵਾ ਆਈ. ਪੀ. ਸੀ. ਦੀਆਂ ਵੱਖ -ਵੱਖ ਧਾਰਾਵਾਂ ਦੇ ਅਧੀਨ 2019 ਵਿੱਚ ਪੰਜਾਬ ਵਿੱਚ 72,855 ਦੇ ਖ਼ਿਲਾਫ਼ ਕੁੱਲ 82,875 ਮਾਮਲੇ ਦਰਜ ਕੀਤੇ ਗਏ ਹਨ। ਪੁਲਸ ਵਿਭਾਗ ਤੋਂ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਕੁੱਝ ਮਾਮਲਿਆਂ ਦੇ ਬਾਵਜੂਦ ਸਾਲ 2020 ਵਿੱਚ ਪੰਜਾਬ ਵਿੱਚ ਹੈਰੋਇਨ ਦੀ ਬਰਾਮਦਗੀ 759 ਕਿਲੋਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਰਹੀ ਹੈ, ਜਦੋਂ ਕਿ 2019 ਵਿੱਚ 460 ਕਿਲੋਗ੍ਰਾਮ ਜ਼ਬਤ ਕੀਤੀ ਗਈ ਸੀ।

ਇਹ ਵੀ ਪੜ੍ਹੋ : ਨਾਭਾ ਦੇ ਪਿੰਡ 'ਚ ਖ਼ੌਫ਼ਨਾਕ ਵਾਰਦਾਤ, ਠੇਕੇ ਦੇ ਕਰਿੰਦੇ ਨੂੰ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਾਰੀ ਗੋਲੀ
ਪੰਜਾਬ ਵਿੱਚ ਕਤਲ ਦੇ ਮਾਮਲੇ 2019 ਵਿੱਚ 679 ਤੋਂ ਵੱਧ ਕੇ ਸਾਲ 2020 ਵਿੱਚ 757 ਹੋ ਗਏ ਹਨ। ਇਨ੍ਹਾਂ 'ਚ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਰਾਜ ਵਿੱਚ ਸਾਲ 2019 ਵਿੱਚ ਖ਼ੁਦਕੁਸ਼ੀ ਦੇ ਮਾਮਲਿਆਂ ਵਿੱਚ 25 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ 2020 ਵਿੱਚ ਇਹ 35 ਫ਼ੀਸਦੀ ਤੱਕ ਪਹੁੰਚ ਗਿਆ ਹੈ। ਸਾਲ 2020 ਵਿੱਚ ਦੇਸ਼ਧ੍ਰੋਹ ਦਾ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਸਾਲ 2020  ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦੇ 4,838 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਸਾਲ 2019 ਵਿੱਚ ਇਹ 5,886 ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ SIT ਕਰੇਗੀ ਸਿਮਰਜੀਤ ਬੈਂਸ ਖ਼ਿਲਾਫ਼ ਜਬਰ-ਜ਼ਿਨਾਹ ਮਾਮਲੇ ਦੀ ਜਾਂਚ

ਇਨ੍ਹਾਂ ਮਾਮਲਿਆਂ ਵਿੱਚ ਕਰੀਬ 18 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਐਨ. ਸੀ. ਆਰ. ਬੀ. ਦੀ ਰਿਪੋਰਟ ਦਰਸਾਉਂਦੀ ਹੈ ਕਿ ਦੇਸ਼ ਭਰ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਵਿੱਚ ਵੀ 21.1 ਫ਼ੀਸਦੀ ਦੀ ਕਮੀ ਆਈ ਹੈ। ਨਾਲ ਹੀ ਸੂਬੇ ਵਿੱਚ ਬਲਾਤਕਾਰ ਦੇ 502 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਸਾਲ 2019 ਵਿੱਚ ਇਹ 1,002 ਸਨ। ਬੱਚਿਆਂ ਦੇ ਖ਼ਿਲਾਫ਼ ਅਪਰਾਧਾਂ ਦੇ ਦਰਜ ਕੀਤੇ ਗਏ ਕੇਸਾਂ ਦੀ ਗਿਣਤੀ ਸਾਲ 2019 ਵਿੱਚ 2,625 ਤੋਂ ਘੱਟ ਕੇ ਸਾਲ 2020 ਵਿੱਚ 2,121 ਰਹਿ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਸਾਲ 2019 ਵਿੱਚ 69 ਦੇ ਮੁਕਾਬਲੇ ਸਾਲ 2020 ਵਿੱਚ ਦਾਜ ਨਾਲ ਹੋਈਆਂ ਮੌਤਾਂ ਦੇ 63 ਮਾਮਲੇ ਦਰਜ ਕੀਤੇ ਗਏ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News