ਅਣਪਛਾਤੇ ਨੌਜਵਾਨਾਂ ਵੱਲੋਂ ਚਰਚ ''ਚ ਹਮਲਾ, 3 ਨੌਜਵਾਨ ਜ਼ਖ਼ਮੀ

Saturday, Jul 15, 2017 - 01:10 AM (IST)

ਕਾਦੀਆਂ(ਜ. ਬ.)-ਅੱਜ ਸਵੇਰੇ ਕਰੀਬ 9 ਵਜੇ ਕਾਦੀਆਂ ਨੇੜੇ ਸਥਿਤ ਭੈਣੀ ਬਾਂਗਰ ਰੋਡ 'ਤੇ ਬਣੀ ਇਕ ਚਰਚ 'ਚ ਸੇਵਾ ਕਰ ਰਹੇ ਨੌਜਵਾਨਾਂ 'ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ । ਇਸ ਹਮਲੇ 'ਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਇਸ ਸਬੰਧੀ ਚਰਚ ਦੇ ਪਾਸਟਰ ਬਲਵਿੰਦਰ ਸਿੰਘ ਉਰਫ਼ ਨਾਜ਼ੀ ਨੇ ਦੱਸਿਆ ਕਿ ਅੱਜ ਕਾਦੀਆਂ ਬੰਦ ਕਾਰਨ ਸ਼ਹਿਰ 'ਚ ਕੰਮ ਕਰਦੇ ਪਿੰਡ ਦੇ ਨੌਜਵਾਨ ਕੰਮ 'ਤੇ ਨਹੀਂ ਗਏ, ਜਿਸ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਸਵੇਰ ਤੋਂ ਚਰਚ 'ਚ ਸਾਫ਼-ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਇਹ ਨੌਜਵਾਨ ਚਰਚ 'ਚ ਸੇਵਾ ਕਰ ਰਹੇ ਸਨ ਤਾਂ ਲਗਭਗ 9.30 ਵਜੇ 7-8 ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਚਰਚ ਵਿਚ ਆ ਧਮਕੇ ਅਤੇ ਚਰਚ ਦੇ ਅੰਦਰ ਸੇਵਾ ਕਰ ਰਹੇ ਨੌਜਵਾਨਾਂ 'ਤੇ ਹਮਲਾ ਕਰ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਹਮਲੇ 'ਚ ਸੂਰਜ, ਸ਼ਮਾਮ ਅਤੇ ਰਾਜਾ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਇਸ ਹਮਲੇ ਦੀ ਖ਼ਬਰ ਸੁਣਦਿਆਂ ਹੀ ਡੀ. ਐੱਸ. ਪੀ. ਕਾਦੀਆਂ ਅਤੇ ਸਥਾਨਕ ਐੱਸ .ਐੱਚ. ਓ. ਲਲਿਤ ਕੁਮਾਰ ਸ਼ਰਮਾ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਇਸ ਸਬੰਧੀ ਪੁਲਸ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਲਲਿਤ ਸ਼ਰਮਾ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।


Related News