ਕੋਰੋਨਾ ਵਾਇਰਸ ਨੂੰ ਲੈ ਕੇ ਮੁੱਖ ਸਕੱਤਰ ਵੱਲੋਂ ਮੋਬਾਇਲ ਐਪ ਲਾਂਚ

Tuesday, Mar 10, 2020 - 12:08 AM (IST)

ਚੰਡੀਗੜ੍ਹ,(ਅਸ਼ਵਨੀ)- ਨੋਵਲ ਕੋਰੋਨਾ ਵਾਇਰਸ (ਕੋਵਿਡ-19) ਬਾਰੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਾਵਧਾਨੀਆਂ ਵਰਤਣ ਬਾਰੇ ਸਮੇਂ-ਸਮੇਂ 'ਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਸੋਮਵਾਰ ਇਥੇ ਹੋਈ ਸਟੇਟ ਮੈਨੇਜਮੈਂਟ ਕੋਵਿਡ-19 ਗਰੁੱਪ ਦੀ ਉੱਚ ਪੱਧਰੀ ਮੀਟਿੰਗ 'ਚ ਮੋਬਾਇਲ ਐਪਲੀਕੇਸ਼ਨ 'ਕੋਵਾ ਪੰਜਾਬ' ਲਾਂਚ ਕੀਤੀ ਗਈ।

ਜ਼ਿਕਰਯੋਗ ਹੈ ਕਿ 'ਕੋਵਾ' ਐਪ ਦਾ ਅਰਥ ਕੋਰੋਨਾ ਵਾਇਰਸ ਅਲਰਟ ਹੈ। ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਵੱਲੋਂ ਇਹ ਐਪ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਯਾਤਰਾ ਅਤੇ ਰੋਕਥਾਮ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਕਰਨ ਅਵਤਾਰ ਸਿੰਘ ਨੇ ਕਿਹਾ ਕਿ ਇਸ ਐਪਲੀਕੇਸ਼ਨ ਰਾਹੀਂ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਇਸ ਬੀਮਾਰੀ ਬਾਰੇ ਅਤੇ ਇਸ ਤੋਂ ਬਚਾਅ ਲਈ ਅਹਿਤਿਆਤੀ ਤਰੀਕਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਜੇਕਰ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਇਹ ਐਪ ਨਾਗਰਿਕਾਂ ਨੂੰ ਜ਼ਿਲੇ ਦੇ ਨਜ਼ਦੀਕੀ ਹਸਪਤਾਲ ਅਤੇ ਨੋਡਲ ਅਫਸਰ ਬਾਰੇ ਵੀ ਜਾਣਕਾਰੀ ਮੁਹੱਈਆ ਕਰਾਏਗੀ।

ਪ੍ਰਸ਼ਾਸਕੀ ਸੁਧਾਰ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਇਹ ਐਪ ਉਹ ਸਾਰੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ, ਜਿਸ ਰਾਹੀਂ ਨਾਗਰਿਕ ਆਪਣੇ ਅਤੇ ਆਪਣੇ ਪਰਿਵਾਰ ਨੂੰ ਕੋਵਿਡ-19 ਤੋਂ ਬਚਾ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਐਪ ਐਂਡਰਾਇਡ ਪਲੇਅ ਸਟੋਰ ਅਤੇ ਆਈ. ਓ. ਐੱਸ. ਐਪਸਟੋਰ ਉੱਤੇ 'ਕੋਵਾ ਪੰਜਾਬ' ਨਾਂ ਦੇ ਨਾਲ ਉਪਲੱਬਧ ਹੈ। ਪ੍ਰਮੁੱਖ ਸਕੱਤਰ ਸਿਹਤ ਅਨੁਰਾਗ ਅਗਰਵਾਲ ਨੇ ਕਿਹਾ ਕਿ ਇਸ ਐਪ ਰਾਹੀਂ ਸਰਕਾਰ ਵੱਲੋਂ ਨਾਗਰਿਕਾਂ ਨਾਲ ਸਮੇਂ-ਸਮੇਂ 'ਤੇ ਇਸ ਬੀਮਾਰੀ ਸਬੰਧੀ ਅਪਡੇਟਸ ਅਤੇ ਹਦਾਇਤਾਂ ਸਾਂਝੀਆਂ ਕੀਤੀਆਂ ਜਾਣਗੀਆਂ।


Related News