ਦੀਨਾਨਗਰ ਦੇ ਪੁਲਸ ਸਟੇਸ਼ਨ ਚੌਕ ਦੇ ਨਾਮਕਰਨ ਦਾ ਵਿਵਾਦ ਭੱਖਿਆ

Monday, Mar 31, 2025 - 09:06 PM (IST)

ਦੀਨਾਨਗਰ ਦੇ ਪੁਲਸ ਸਟੇਸ਼ਨ ਚੌਕ ਦੇ ਨਾਮਕਰਨ ਦਾ ਵਿਵਾਦ ਭੱਖਿਆ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ ) : ਦੀਨਾਨਗਰ ਪੁਲਿਸ ਸਟੇਸ਼ਨ ਚੌਕ ਦੇ ਨਾਮਕਰਨ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਮਗਰੋਂ ਅੱਜ ਬਾਬਾ ਸ਼੍ਰੀ ਚੰਦ ਜੀ ਨਾਮ ਲੇਵਾ ਸੰਗਤਾਂ ਨੇ ਨਗਰ ਕੌਂਸਲ ਦੀਨਾਨਗਰ ਵੱਲੋਂ ਬੀਤੇ ਦਿਨ ਕੀਤੇ ਗਏ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੁਲਸ ਸਟੇਸ਼ਨ ਚੌਕ ਵੱਡੀ ਗਿਣਤੀ ਵਿੱਚ ਇਕੱਠ ਕਰ ਕੇ ਬਾਬਾ ਸ਼੍ਰੀ ਚੰਦ ਜੀ ਚੌਕ ਰੱਖਦੇ ਹੋਏ ਚੌਕ ਵਿੱਚ ਬਾਬਾ ਸ਼੍ਰੀ ਚੰਦ ਦੇ ਨਾਂ ਦਾ ਬੋਰਡ ਸਥਾਪਿਤ ਕਰ ਦਿੱਤਾ।
 
ਇਸ ਤੋਂ ਪਹਿਲਾਂ ਦੀਨਾਨਗਰ ਦੇ ਗੁਰਦੁਆਰਾ ਸ਼ੇਰੇ ਪੰਜਾਬ ਯਾਦਗਾਰ ਮਹਾਰਾਜਾ ਰਣਜੀਤ ਸਿੰਘ ਵਿਖੇ ਹੋਈ ਇਕ ਵੱਡੇ ਪੱਧਰ ਦਾ ਵਿਸ਼ੇਸ਼ ਇਕੱਠ ਕਰਕੇ ਇਕ ਮੀਟਿੰਗ ਕੀਤੀ ਗਈ, ਉਪਰੰਤ ਬਾਬਾ ਸ਼੍ਰੀ ਚੰਦ ਜੀ ਨਾਮ ਲੇਵਾ ਸੰਗਤਾਂ ਦੇ ਰੂਪ 'ਚ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਬਾੜਾ, ਡਾ. ਹਰਵਿੰਦਰ ਪਾਲ ਸਿੰਘ ਜੈਨਪੁਰ, ਨਗਰ ਕੌਂਸਲ ਦੀਨਾਨਗਰ ਦੇ ਸਾਬਕਾ ਪ੍ਰਧਾਨ ਵਿਜੇ ਮਹਾਜਨ, ਸਰਪੰਚ ਦਲਬੀਰ ਸਿੰਘ ਬਿੱਲਾ ਭਟੋਇਆ, ਸਮੇਤ ਵੱਡੀ ਗਿਣਤੀ ਵਿੱਚ ਇਲਾਕਿਆ ਦੀਆਂ ਸੰਗਤਾਂ ਹਾਜ਼ਰ ਸਨ। ਮੀਟਿੰਗ ਵਿੱਚ ਨਗਰ ਕੌਂਸਲ ਦੀਨਾਨਗਰ ਵੱਲੋਂ ਬੀਤੇ ਦਿਨ ਪਾਸ ਕੀਤੇ ਗਏ ਇਕ ਮਤੇ ਦਾ ਸਖਤ ਸਬਦਾਂ ਵਿੱਚ ਵਿਰੋਧ ਕਰਦਿਆਂ ਮਤੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਸਮਾਜ ਵਿੱਚ ਵੰਡੀਆਂ ਪਾਉਣ ਵਾਲਾ ਕਰਾਰ ਦਿੱਤਾ ਗਿਆ। 

ਬੁਲਾਰਿਆਂ ਨੇ ਕਿਹਾ ਕਿ ਉਹ ਕਿਸੇ ਵੀ ਭਾਈਚਾਰੇ ਦਾ ਵਿਰੋਧ ਨਹੀਂ ਕਰਦੇ ਪਰ ਉਹ ਅਪਣਾ ਹੱਕ ਕਿਸੇ ਕੀਮਤ ਤੇ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਸਟੇਸ਼ਨ ਚੌਕ ਨੇੜੇ ਰੇਲਵੇ ਓਵਰਬ੍ਰਿਜ਼ ਦਾ ਨਿਰਮਾਣ ਸ਼ੁਰੂ ਹੋਇਆ ਤਾਂ ਉਸ ਵੇਲੇ ਪੁਲਸ ਸਟੇਸ਼ਨ ਚੌਕ ਵਿਖੇ ਸਥਿਤ ਬਾਬਾ ਸ਼੍ਰੀ ਚੰਦ ਜੀ ਦੇ ਨਾਂ 'ਤੇ ਉਸਾਰੇ ਗਏ ਗੇਟ ਨੂੰ ਪ੍ਰਸ਼ਾਸ਼ਨ ਵੱਲੋਂ ਤੋੜਿਆ ਗਿਆ ਸੀ ਅਤੇ ਗੇਟ ਨੂੰ ਤੋੜੇ ਜਾਣ ਮਗਰੋਂ ਇਲਾਕੇ ਦੀਆਂ ਬਾਬਾ ਸ਼੍ਰੀ ਚੰਦ ਜੀ ਨਾਮ ਲੇਵਾ ਸੰਗਤਾਂ ਅੰਦਰ ਵੱਡਾ ਰੋਸ ਫੈਲ ਗਿਆ ਸੀ। ਜਿਸ ਮਗਰੋਂ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਸੰਗਤਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਰੇਲਵੇ ਫਲਾਈਓਵਰ ਦਾ ਨਿਰਮਾਣ ਮੁਕੰਮਲ ਹੋਣ ਮਗਰੋਂ ਪੁਲਸ ਸਟੇਸ਼ਨ ਚੌਕ ਵਿਖੇ ਬਣਾਏ ਜਾਣ ਵਾਲੇ ਚੌਕ ਦਾ ਨਾਂ ਬਾਬਾ ਸ਼੍ਰੀ ਚੰਦ ਜੀ ਦੇ ਨਾਂ ਉੱਪਰ ਰੱਖਿਆ ਜਾਵੇਗਾ। ਪਰ ਹੁਣ ਜਦੋਂ ਚੌਕ ਦੇ ਨਿਰਮਾਣ ਦਾ ਸਮਾਂ ਆਇਆ ਹੈ ਤਾਂ ਕੁਝ ਰਾਜਨੀਤਕ ਲੋਕਾਂ ਵੱਲੋਂ ਬਾਬਾ ਸ਼੍ਰੀ ਚੰਦ ਜੀ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ ਅਤੇ ਇਸ ਚੌਕ ਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਇਸ ਤੋਂ ਉਪਰੰਤ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਚੌਕ ਵਿੱਚ ਵੱਡੇ ਪੱਧਰ ਤੇ ਇਕੱਠ ਕਰ ਕੇ ਬਾਬਾ ਸ੍ਰੀ ਚੰਦ ਦੇ ਚੌਕ ਬਣਾਉਂਦਾ ਐਲਾਨ ਕਰ ਦਿੱਤਾ ਗਿਆ ਹੈ ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਕਿਸੇ ਵੱਲੋਂ ਇਸ ਲਗਾਏ ਗਏ ਬੋਰਡ ਨਾਲ ਕੋਈ ਸ਼ਰਾਰਤ ਕੀਤੀ ਤਾਂ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਸਮੂਹ ਇਲਾਕੇ ਦੀਆਂ ਸੰਗਤਾਂ ਮਜਬੂਰ ਹੋਣਗੀਆਂ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News