ਦੁਕਾਨਦਾਰਾਂ ਤੇ ਫੈਕਟਰੀ ਮਾਲਕਾਂ ਦੇ ਪੈਸਿਆਂ ਨਾਲ ਹੋ ਰਹੀ ਥਾਣਾ ਦਰੇਸੀ ਦੀ ਉਸਾਰੀ
Wednesday, Aug 22, 2018 - 06:11 AM (IST)
ਲੁÎਧਿਆਣਾ, (ਤਰੁਣ)- ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਚੌਕੀ ਸੁੰਦਰ ਨਗਰ ਨੂੰ ਥਾਣਾ ਦਰੇਸੀ ਐਲਾਨਿਆ ਗਿਆ ਸੀ ਜਿਸ ਤੋਂ ਬਾਅਦ ਉੱਥੇ ਥਾਣੇ ਦੀ ਉਸਾਰੀ ਕਾਰਜ ਸ਼ੁਰੂ ਹੋਇਆ ਸੀ ਪਰ ਥਾਣੇ ਦੀ ਉਸਾਰੀ ਇਲਾਕਾ ਨਿਵਾਸੀਆਂ ਲਈ ਆਫਤ ਖਡ਼੍ਹੀ ਕਰ ਦੇਵੇਗਾ, ਇਹ ਇਲਾਕੇ ਦੇ ਰਹਿਣ ਵਾਲੇ ਦੁਕਾਨਦਾਰਾਂ ਅਤੇ ਫੈਕਟਰੀ ਮਾਲਕਾਂ ਨੇ ਸੋਚਿਆ ਵੀ ਨਹੀਂ ਸੀ।
ਕਰੀਬ 400 ਗਜ ਦੇ ਥਾਣੇ ਵਿਚ ਉਸਾਰੀ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਲੱਖਾਂ ਦੀ ਕੀਮਤ ਦਾ ਉਸਾਰੀ ਕਾਰਜ ਬਿਨਾਂ ਸਰਕਾਰੀ ਪੈਸੇ ਦੇ ਹੋ ਰਿਹਾ ਹੈ। ਇੰਨਾ ਪੈਸਾ ਕਿੱਥੋਂ ਆ ਰਿਹਾ ਹੈ। ਹਰ ਕੋਈ ਇਸ ਗੱਲ ਦੀ ਜਾਣਕਾਰੀ ਚਾਹੁੰਦਾ ਹੈ। ਜਦੋਂਕਿ ਕਈ ਫੈਕਟਰੀ ਮਾਲਕਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਥਾਣੇ ਦੀ ਉਸਾਰੀ ਲਈ ਉਨ੍ਹਾਂ ਤੋਂ ਜ਼ਬਰਦਸਤੀ ਸਾਮਾਨ ਵਸੂਲਿਆ ਜਾ ਰਿਹਾ ਹੈ।
ਕੀ ਕਹਿਣਾ ਹੈ ਪੁਲਸ ਕਮਿਸ਼ਨਰ ਦਾ
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਸ਼ਹਿਰ ਵਿਚ 28 ਥਾਣੇ ਅਤੇ 31 ਚੌਕੀਆਂ ਹਨ। ਹਰ ਥਾਣੇ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਜੇਕਰ ਦਰੇਸੀ ਥਾਣੇ ਦੀ ਉਸਾਰੀ ਵਿਚ ਲੋਕਾਂ ਤੋਂ ਜ਼ਬਰਦਸਤੀ ਪੈਸਾ ਵਸੂਲਿਆ ਜਾ ਰਿਹਾ ਹੈ ਤਾਂ ਇਹ ਅਪਰਾਧ ਹੈ। ਲੋਕ ਆਪਣੀ ਮਰਜ਼ੀ ਨਾਲ ਥਾਣੇ ਦੀ ਉਸਾਰੀ ਕਰਵਾ ਸਕਦੇ ਹਨ। ਫਿਰ ਵੀ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ ਮਿਲ ਗਈ ਅਤੇ ਉਸਾਰੀ ਕਾਰਜ ਨਾਲ ਸਬੰਧਤ ਜਾਣਕਾਰੀ ਲੈ ਰਹੇ ਹਾਂ।
ਮਜ਼ਦੂਰਾਂ ਨੂੰ ਮਿਹਨਤਾਨਾ ਨਹੀਂ ਮਿਲਿਆ
3 ਮਿਸਤਰੀ ਅਤੇ 32 ਮਜ਼ਦੂਰ ਕਰੀਬ ਢਾਈ ਮਹੀਨਿਆਂ ਤੋਂ ਥਾਣੇ ਦੀ ਉਸਾਰੀ ਕਾਰਜ ਵਿਚ ਜੁਟੇ ਹੋਏ ਹਨ, ਜਿਨ੍ਹਾਂ ਨੂੰ ਕਰੀਬ 1 ਮਹੀਨੇ ਦੀ ਮਿਹਨਤ ਨਹੀਂ ਮਿਲੀ ਹੈ। 20 ਹਜ਼ਾਰ ਇੱਟਾਂ, 2 ਟਿੱਪਰ ਰੇਤਾ, 1 ਟਿੱਪਰ ਬਜ਼ਰੀ ਅਤੇ 500 ਬੋਰੀ ਸੀਮੇਂਟ ਇਮਾਰਤ ਦੇ ਕੰਮ ਵਿਚ ਲਗ ਚੁੱਕਾ ਹੈ। ਭਾਰੀ ਮਸ਼ੀਨਰੀ ਉਸਾਰੀ ਕਾਰਜ ਵਿਚ ਲੱਗੀ ਹੋਈ ਹੈ। ਇਮਾਰਤ ਦਾ ਬਾਥਰੂਮ ਅਤੇ ਕਿਚਨ ਸ਼ਾਨਦਾਰ ਬਣਾਇਆ ਜਾ ਰਿਹਾ ਹੈ।
ਵਾਪਸ ਕਰਨਗੇ ਲੋਕਾਂ ਤੋਂ ਲਿਆ ਪੈਸਾ
ਥਾਣਾ ਮੁਖੀ ਰਜਵੰਤ ਸਿੰਘ ਨੇ ਦੱਸਿਆ ਕਿ ਥਾਣੇ ਦੀ ਉਸਾਰੀ ਕਾਰਜ ਚੱਲ ਰਿਹਾ ਹੈ ਜੋ ਕਿ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੀ ਜਾਣਕਾਰੀ ਵਿਚ ਹੈ। ਇਲਾਕੇ ਵਿਚ ਕਿਸੇ ਤੋਂ ਵੀ ਜ਼ਬਰਦਸਤੀ ਪੈਸਾ ਨਹੀਂ ਲਿਆ ਗਿਆ ਹੈ। ਜਿਨ੍ਹਾਂ ਫੈਕਟਰੀ ਮਾਲਕਾਂ ਨੇ ਆਪਣੀ ਮਰਜ਼ੀ ਨਾਲ ਇਮਾਰਤ ਵਿਚ ਪੈਸਾ ਲਗਾਇਆ ਹੈ, ਉਨ੍ਹਾਂ ਨੂੰ ਸਰਕਾਰੀ ਪੈਸਾ ਮਿਲਦੇ ਹੀ ਵਾਪਸ ਕਰ ਦਿੱਤਾ ਜਾਵੇਗਾ।
