ਕਾਂਗਰਸੀ ਵਰਕਰ ਦੇ ਅਪਾਹਜ ਭਰਾ ਨਾਲ ਦਿਲ ਕੰਬਾਊ ਵਾਰਦਾਤ, ਇੰਝ ਸਾਹਮਣੇ ਆਇਆ ਖ਼ੌਫਨਾਕ ਸੱਚ

10/19/2020 8:27:26 AM

ਲੁਧਿਆਣਾ (ਰਾਜ) : ਕੁੱਝ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 3 ਭਰਾਵਾਂ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਕਾਂਗਰਸੀ ਵਰਕਰ ਦੇ ਅਪਾਹਜ਼ ਭਰਾ ਨੂੰ ਅਗਵਾ ਕੀਤਾ ਅਤੇ ਕਤਲ ਕਰ ਕੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਲਈ ਡੇਹਲੋਂ ਦੀ ਕੈਂਡ ਨਹਿਰ 'ਚ ਸੁੱਟ ਦਿੱਤੀ। ਭਰਾ ਨੂੰ ਸ਼ੱਕ ਹੋਣ ’ਤੇ ਵਾਰਦਾਤ ਦੇ 16 ਦਿਨਾਂ ਬਾਅਦ ਜਾ ਕੇ ਇਸ ਘਟਨਾ ਦਾ ਖੁਲਾਸਾ ਹੋਇਆ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ (45) ਵਜੋਂ ਹੋਈ ਹੈ, ਜੋ ਕਿ ਡਾਬਾ ਦੇ ਗੁਰੂ ਨਾਨਕ ਦੇਵ ਨਗਰ ਦਾ ਰਹਿਣ ਵਾਲਾ ਹੈ। ਇਸ ਮਾਮਲੇ 'ਚ ਥਾਣਾ ਡਾਬਾ ਦੀ ਪੁਲਸ ਨੇ ਬਲਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਦੇ ਸਕੇ ਭਰਾ ਵੀਰਮ ਸਿੰਘ, ਗੁਰਦਿੱਤ ਸਿੰਘ, ਦੁਪਿੰਦਰ ਸਿੰਘ ਤੋਂ ਇਲਾਵਾ ਸਿਮਰਨ ਸਿੰਘ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਅੱਜ ਵੱਜੇਗੀ 'ਘੰਟੀ', ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ

ਚਰਨਜੀਤ ਸਿੰਘ ਦੀ ਲਾਸ਼ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਇਸ ਲਈ ਲਾਸ਼ ਮਿਲਣ ਤੋਂ ਬਾਅਦ ਹੀ ਪੁਲਸ ਕਤਲ ਅਤੇ ਲਾਸ਼ ਖੁਰਦ-ਬੁਰਦ ਕਰਨ ਦੀ ਧਾਰਾ ਜੋੜੇਗੀ। ਪੁਲਸ ਨੇ ਮੁਲਜ਼ਮ ਵੀਰਮ ਅਤੇ ਸਿਮਰਨ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਲਾਸ਼ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਵਾਈਸ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਉਸ ਦਾ ਭਰਾ ਹੈ, ਜੋ ਕਿ ਬਚਪਨ ਤੋਂ ਪੋਲੀਓਗ੍ਰਸਤ ਸੀ। ਉਹ ਇਕ ਲੱਤ ਤੋਂ ਅਪਾਹਜ ਹੈ। ਉਸ ਦਾ ਭਰਾ ਦਿਹਾੜੀ ਕਰਦਾ ਸੀ ਅਤੇ ਘਰੋਂ ਵੱਖਰਾ ਕਮਰਾ ਲੈ ਕੇ ਹੀ ਰਹਿੰਦਾ ਸੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ 'ਵਿਸ਼ੇਸ਼ ਇਜਲਾਸ' ਅੱਜ ਤੋਂ, ਖੇਤੀ ਕਾਨੂੰਨਾਂ ਖ਼ਿਲਾਫ਼ ਵੱਡਾ ਫ਼ੈਸਲਾ ਲੈ ਸਕਦੇ ਨੇ 'ਕੈਪਟਨ'

ਬਲਜੀਤ ਸਿੰਘ ਦਾ ਕਹਿਣਾ ਹੈ ਕਿ 7 ਅਕਤੂਬਰ ਨੂੰ ਜਦ ਉਹ ਆਪਣੇ ਭਰਾ ਦੇ ਘਰ ਗਿਆ ਤਾਂ ਪਤਾ ਲੱਗਾ ਕਿ ਉਹ 2 ਅਕਤੂਬਰ ਤੋਂ ਘਰ ਨਹੀਂ ਆਇਆ ਜੋ ਕਿ ਲਾਪਤਾ ਹੈ। ਉਸ ਨੇ ਇਸ ਸਬੰਧ 'ਚ ਥਾਣਾ ਡਾਬਾ ਦੀ ਪੁਲਸ ਨੂੰ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਅਤੇ ਪੁਲਸ ਨੇ ਫਿਰ ਜਾਂਚ ਸ਼ੁਰੂ ਕਰ ਦਿੱਤੀ। ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਤੌਰ ’ਤੇ ਭਰਾ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤਦ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਵੀਰਮ ਸਿੰਘ ਉਰਫ ਬਿੱਟੂ ਨਾਲ ਚਰਨਜੀਤ ਦੀ ਕਾਫੀ ਚੰਗੀ ਦੋਸਤੀ ਸੀ। ਚਰਨਜੀਤ, ਵੀਰਮ ਦੇ ਕੋਲ ਆਉਂਦਾ-ਜਾਂਦਾ ਸੀ। ਉਸ ਨੂੰ ਆਂਢ-ਗੁਆਂਢ ਤੋਂ ਪਤਾ ਲੱਗਾ ਕਿ ਸਤੰਬਰ ਮਹੀਨੇ 'ਚ ਚਰਨਜੀਤ ਨੇ ਮਾਂ ਤੋਂ 20 ਹਜ਼ਾਰ ਰੁਪਏ ਲੈ ਕੇ ਆਪਣੇ ਦੋਸਤ ਬਿੱਟੂ ਨੂੰ ਇਕ ਹਫਤੇ ਲਈ ਉਧਾਰ ਦਿੱਤੇ ਸੀ। ਇਕ ਹਫਤਾ ਬੀਤਣ ਦੇ ਬਾਅਦ ਜਦ ਚਰਨਜੀਤ ਨੇ ਪੈਸੇ ਮੰਗੇ ਤਾਂ ਮੁਲਜ਼ਮਾਂ ਨੇ ਟਾਲ ਮਟੋਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਨਰਾਤਿਆਂ 'ਚ ਕਲਯੁਗੀ ਮਾਂ ਦਾ ਘਿਨੌਣਾ ਕਾਂਡ, ਮਾਸੂਮ ਧੀ ਨੂੰ ਮਾਰ ਲਾਸ਼ ਨੂੰ ਨੁਹਾ ਕੇ ਮੰਜੇ 'ਤੇ ਪਾਇਆ

2 ਅਕਤੂਬਰ ਨੂੰ ਮੁਲਜ਼ਮਾਂ ਨੇ ਚਰਨਜੀਤ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਆਟੋ 'ਚ ਅਗਵਾ ਕਰ ਕੇ ਆਪਣੇ ਨਾਲ ਲੈ ਗਏ ਸੀ। ਉਸ ਤੋਂ ਬਾਅਦ ਚਰਨਜੀਤ ਸਿੰਘ ਘਰ ਨਹੀਂ ਆਇਆ ਸੀ। ਬਲਜੀਤ ਸਿੰਘ ਮੁਤਾਬਕ ਇਸ ਸਾਰੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਉਸ ਨੇ ਸਾਰੀ ਗੱਲ ਪੁਲਸ ਨੂੰ ਦੱਸੀ। ਪੁਲਸ ਨੇ ਵੀਰਮ ਅਤੇ ਸਿਮਰਨ ਨੂੰ ਫੜ੍ਹ ਲਿਆ, ਜਦ ਪੁੱਛਗਿੱਛ ਕੀਤੀ ਤਾਂ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ। ਮੁਲਜ਼ਮਾਂ ਨੇ ਪੁਲਸ ਪੁੱਛਗਿੱਛ 'ਚ ਦੱਸਿਆ ਕਿ ਉਨ੍ਹਾਂ ਨੇ ਚਰਨਜੀਤ ਨੂੰ ਪਹਿਲਾਂ ਅਗਵਾ ਕੀਤਾ, ਫਿਰ ਉਸ ਦਾ ਕਤਲ ਕਰ ਕੇ ਲਾਸ਼ ਨਹਿਰ 'ਚ ਸੁੱਟ ਦਿੱਤੀ ਸੀ। ਇਸ ਮਾਮਲੇ ’ਚ ਐਸ. ਐਚ. ਓ. ਡਾਬਾ ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਤਿੰਨ ਭਰਾਵਾਂ ਸਮੇਤ 4 ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਹੁਣ ਤੱਕ ਚਰਨਜੀਤ ਸਿੰਘ ਦੀ ਲਾਸ਼ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਉਸ ਦੀ ਲਾਸ਼ ਦੀ ਭਾਲ ਲਈ ਨਹਿਰ 'ਚ ਗੋਤਾਖੋਰ ਲਗਾਏ ਗਏ ਹਨ। 2 ਮੁਲਜ਼ਮਾਂ ਵੀਰਮ ਅਤੇ ਸਿਮਰਨ ਨੂੰ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।

 


 


Babita

Content Editor Babita