ਕਾਂਗਰਸ ਦੀ ਖਾਨਾਜੰਗੀ ਅਤੇ ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ’ਚ ਐਂਟਰੀ ਨੇ ਪੰਜਾਬ ਦੀ ਸਿਆਸਤ ਹਿਲਾਈ

Thursday, Jun 24, 2021 - 12:01 PM (IST)

ਕਾਂਗਰਸ ਦੀ ਖਾਨਾਜੰਗੀ ਅਤੇ ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ’ਚ ਐਂਟਰੀ ਨੇ ਪੰਜਾਬ ਦੀ ਸਿਆਸਤ ਹਿਲਾਈ

ਧਰਮਕੋਟ/ਮੋਗਾ (ਅਕਾਲੀਆਂਵਾਲਾ, ਬਿੰਦਾ): ਜਿਉਂ ਹੀ ਪੰਜਾਬ ’ਚ ਕੋਰੋਨਾ ਮਹਾਮਾਰੀ ਦੀ ਰਫਤਾਰ ਮੱਧਮ ਪਈ ਤਿਉਂ ਹੀ ਪੰਜਾਬ ਵਿਚ ਰਾਜਨੀਤਿਕ ਸਰਗਰਮੀਆਂ ਤੇਜ਼ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਪਣਿਆਂ ਵੱਲੋਂ ਬੁਣੇ ਗਏ ਜਾਲ ’ਚੋਂ ਨਿਕਲਣ ਲਈ ਕਸ਼ਮਕਸ਼ ਕਰ ਰਿਹਾ ਹੈ, ਉਸ ਦੇ ਸਿਆਸੀ ਗ੍ਰਹਿ ਕਲੇਸ਼ ਟਾਲਣ ਲਈ ਉਸ ਨੂੰ ਦਿੱਲੀ ਸੱਦਿਆ ਗਿਆ ਹੈ। ਆਪਣਿਆਂ ਵੱਲੋਂ ਸ਼ੁਰੂ ਕੀਤੇ ਗਏ ਸਿਆਸੀ ਕਲੇਸ਼ ’ਚੋਂ ਕੈਪਟਨ ਬਾਹਰ ਨਹੀਂ ਆਏ, ਸਗੋਂ ਉਹ ਦੋ ਵਿਧਾਇਕਾਂ ਦੇ ਮੁੰਡਿਆਂ ਨੂੰ ‘ਤਰਸ ਦੇ ਆਧਾਰ’ ਉੱਤੇ ਨੌਕਰੀਆਂ ਦੇਣ ਦੇ ਮੁੱਦੇ ਨੂੰ ਲੈ ਕੇ ਵੀ ਉਲਝ ਗਏ ਹਨ। ਉਨ੍ਹਾਂ ਨੇ ਖਾਹ-ਮਖਾਹ ਇਕ ਹੋਰ ਮੁੱਦਾ ਆਪਣੇ ਗਲੇ ਪਾ ਲਿਆ ਹੈ ਮੁੱਖ ਮੰਤਰੀ ਦੇ ਵਿਰੋਧੀਆਂ ਵੱਲੋਂ ਉਸ ਦੀ ਇਸ ਮੁੱਦੇ ਨੂੰ ਲੈ ਕੇ ਘੇਰਾਬੰਦੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵਲੋਂ 28 ਜੂਨ ਤੋਂ MBBS, BDS ਤੇ BAMS ਦੀਆਂ ਕਲਾਸਾਂ ਕਾਲਜਾਂ ’ਚ ਸ਼ੁਰੂ ਕਰਨ ਦੇ ਹੁਕਮ

ਘਰ-ਘਰ ਨੌਕਰੀ ਦੇਣ ਵਾਅਦੇ ਨੂੰ ਲੈ ਕੇ ਸੱਤਾ ਵਿਚ ਆਈ ਇਸ ਸਰਕਾਰ ’ਤੇ ਇਸ ਗੱਲੋਂ ਸਵਾਲ ਉੱਠ ਰਹੇ ਹਨ ਕਿ ਹੋਰਾਂ ਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਗਈਆਂ। ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਮੁੱਖ ਮੰਤਰੀ ਜਿੱਥੇ ਦਿੱਲੀ ਸੱਦਿਆ ਗਿਆ ਹੈ, ਉੱਥੇ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਦਾ ਕਿਲਾ ਫਤਿਹ ਕਰਨ ਲਈ ਪੰਜਾਬੋਂ ਫੇਰੀ ਪਾ ਗਏ ਹਨ, ਕੇਜਰੀਵਾਲ ਦੀ ਹਾਜ਼ਰੀ ਵਿਚ ਸਾਬਕਾ ਆਈ. ਪੀ. ਐੱਸ. ਅਫ਼ਸਰ ਕੁੰਵਰ ਵਿਜੈ ਪ੍ਰਤਾਪ ਸਿੰਘ ‘ਆਪ’ ਵਿਚ ਸ਼ਾਮਲ ਹੋ ਗਏ। ਇੰਸਪੈਕਟਰ ਜਨਰਲ ਦੇ ਅਹੁਦੇ ਤੋਂ ਪਿੱਛੇ ਜਿਹੇ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦਾ ਸਰਗਰਮ ਸਿਆਸਤ ਵਿਚ ਕੁੱਦਣਾ ਕਈ ਸਵਾਲ ਖੜ੍ਹੇ ਕਰਦਾ ਹੈ।

ਇਹ ਵੀ ਪੜ੍ਹੋ:   ਜੈਪਾਲ ਭੁੱਲਰ ਦੇ ਮੁੜ ਹੋਏ ਪੋਸਟਮਾਰਟਮ ਦੀ ਰਿਪੋਰਟ 'ਤੇ ਪਿਤਾ ਨੇ ਚੁੱਕੇ ਸਵਾਲ (ਵੀਡੀਓ)

ਉਨ੍ਹਾਂ ਦੀ ਸਿਆਸਤ ਵਿਚ ਸ਼ਮੂਲੀਅਤ ਨੇ ਪੰਜਾਬ ਦੀ ਸਿਆਸਤ ਨੂੰ ਵੱਡੇ ਪੱਧਰ ’ਤੇ ਹਲੂਣਾ ਦਿੱਤਾ ਹੈ। ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਸਪੱਸ਼ਟ ਰਾਹ ਦਿਖਾਈ ਨਹੀਂ ਦੇ ਰਿਹਾ, ਪਰ ਇਕ ਗੱਲ ਨਿਸ਼ਚਿਤ ਹੈ ਕਿ ਆਗਾਮੀ ਚੋਣਾਂ ਦੌਰਾਨ ਕਿਸਾਨ ਅੰਦੋਲਨ ਕਿਸੇ ਨਾ ਕਿਸੇ ਰੂਪ ਵਿਚ ਫ਼ੈਸਲਾਕੁੰਨ ਪ੍ਰਭਾਵ ਜ਼ਰੂਰ ਪਾਵੇਗਾ। ‘ਆਪ’ ਨੇ ਸਾਬਕਾ ਆਈਜੀ ਕੰਵਰ ਪ੍ਰਤਾਪ ਸਿੰਘ ਨੂੰ ਸ਼ਾਮਿਲ ਕਰ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਨਵੇਂ ਚਿਹਰਿਆਂ ਨੂੰ ਜੀ ਆਇਆਂ ਕਹੇਗੀ। ਭਾਜਪਾ ਅਤੇ ਕਾਂਗਰਸ ਦੇ ਕੁਝ ਆਗੂਆਂ ਦੇ ‘ਆਪ’ ਵਿਚ ਸ਼ਾਮਿਲ ਹੋਣ ਦੀ ਚਰਚਾ ਵੀ ਹੈ।

ਇਹ ਵੀ ਪੜ੍ਹੋ:   ਪੰਜਾਬੀਆ ਦਾ ਸ਼ੌਂਕ ਦੋਨਾਲੀ ਹੁਣ ਬਣੀ ਪੰਜਾਬੀਆਂ ਲਈ ਸੰਭਾਲਣ ਵਿਚ ਸਿਰਦਰਦੀ

ਅਕਾਲੀ ਦਲ ਕੋਲ ਹਰ ਪੱਧਰ ਦਾ ਕਾਡਰ ਮੌਜੂਦ, ਹੋਰ ਦਲਾਂ ਨਾਲ ਵੀ ਗੱਠਜੋੜ ਹੋਣ ਦੀ ਚਰਚਾ
ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਜੋੜ-ਤੋੜ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਓਥੇ ਹੀ ਆਪੋ-ਆਪਣੇ ਕੁਨਬੇ ਵਿਚ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਵਾਉਣ ਦੀ ਹੋੜ ਲੱਗੀ ਹੋਈ ਹੈ। ਅਕਾਲੀ ਦਲ-ਬਸਪਾ ਗੱਠਜੋੜ ਨੇ ਸੂਬੇ ਦੀ ਸਿਆਸਤ ਵਿਚ ਨਵੀਆਂ ਸੰਭਾਵਨਾਵਾਂ ਪੇਸ਼ ਕੀਤੀਆਂ ਹਨ। ਇਸ ਗੱਠਜੋੜ ਵਿਚ ਸੀ. ਪੀ. ਆਈ. ਅਤੇ ਸੀ. ਪੀ. ਐੱਮ. ਦੇ ਸ਼ਾਮਿਲ ਹੋਣ ਦੀ ਚਰਚਾ ਵੀ ਹੈ।ਅਕਾਲੀ ਦਲ ਭਾਵੇਂ ਆਪਣੇ ਅਕਸ ਵਿਚ ਜ਼ਿਆਦਾ ਸੁਧਾਰ ਨਹੀਂ ਕਰ ਸਕਿਆ, ਪਰ ਉਸ ਕੋਲ ਹਰ ਪੱਧਰ ਦਾ ਕਾਡਰ ਮੌਜੂਦ ਹੈ, 2017 ਵਿਚ ਅਕਾਲੀ ਦਲ ਨੂੰ ਸੀਟਾਂ ਆਮ ਆਦਮੀ ਪਾਰਟੀ ਨਾਲੋਂ ਘੱਟ ਮਿਲੀਆਂ ਸਨ, ਪਰ ਕੁਲ ਵੋਟਾਂ ਵਿਚ ਉਹ ਦੂਸਰੇ ਨੰਬਰ ’ਤੇ ਸੀ। ਕਾਂਗਰਸ ਨੂੰ 38 ਫ਼ੀਸਦੀ ਵੋਟਾਂ ਮਿਲੀਆਂ ਸਨ, ਅਕਾਲੀ ਦਲ ਨੂੰ 30 ਫ਼ੀਸਦੀ ਅਤੇ ‘ਆਪ’ ਨੂੰ 23 ਫ਼ੀਸਦੀ। ਅਕਾਲੀ ਦਲ ਦੇ ਕਈ ਟਕਸਾਲੀ ਆਗੂਆਂ ਨੇ ਪਾਰਟੀ ਤੋਂ ਵੱਖ ਹੋ ਕੇ ਆਪਣਾ ਨਵਾਂ ਅਕਾਲੀ ਦਲ ਬਣਾਇਆ ਹੈ, ਜਿਹੜਾ ਕੁਝ ਸੀਟਾਂ ’ਤੇ ਪਾਰਟੀ ਲਈ ਸਮੱਸਿਆਵਾਂ ਪੈਦਾ ਕਰੇਗਾ। ਪਰ ਬਸਪਾ ਨਾਲ ਗੱਠਜੋੜ ਹੋਣ ਉਪਰੰਤ ਅਕਾਲੀ ਦਲ ਦੇ ਵਰਕਰਾਂ ਵਿਚ ਪਹਿਲਾਂ ਨਾਲੋਂ ਵਧੇਰੇ ਉਤਸ਼ਾਹ ਵਧਿਆ ਹੈ।

ਇਹ ਵੀ ਪੜ੍ਹੋ: ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ: ਹਰੀਸ਼ ਰਾਵਤ

ਕੈਪਟਨ ਨਾਲ ਲਿਹਾਜ਼ ਰੱਖਣ ਵਾਲੇ ਵਿਧਾਇਕਾਂ ਦੇ ਹਲਕਿਆਂ ’ਚ ਵੀ ਵਿਗੜਿਆ ਕਾਂਗਰਸ ਦਾ ਅਕਸ
ਮੌਜੂਦਾ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੁਝ ਵਿਧਾਇਕ ਸਿੱਧੇ ਤੌਰ ’ਤੇ ਮੁਖ਼ਾਲਫ਼ਤ ਦੇ ਰਾਹ ਪਏ ਹੋਏ ਹਨ, ਪਰ ਜੇਕਰ ਕੈਪਟਨ ਨਾਲ ਲਿਹਾਜ਼ ਪਾਲਣ ਵਾਲੇ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਪਣੇ ਹਲਕਿਆਂ ’ਚ ਕਾਂਗਰਸ ਪਾਰਟੀ ਦਾ ਅਕਸ ਬਚਾਉਣ ਵਿਚ ਸਫਲ ਨਹੀਂ ਹੋ ਰਹੇ। ਢੇਰ ਸਾਰੇ ਵਾਅਦਿਆਂ ਦੇ ਸਵਾਲ ਜਨਤਾ ਉਨ੍ਹਾਂ ਨੂੰ ਪਰੋਸ ਕੇ ਝੋਲੀ ਵਿਚ ਪਾਉਣ ਦੇ ਲਈ ਤਿਆਰ ਬੈਠੀ ਹੈ, ਜਿਸ ਦੇ ਲਈ ਵਿਧਾਇਕਾਂ ਕੋਲ ਕੋਈ ਵੀ ਜਵਾਬ ਨਜ਼ਰ ਨਹੀਂ ਆ ਰਿਹਾ ਕੁਝ ਵਿਧਾਇਕ ਵੀ ਕੈਪਟਨ ਦੇ ਰਾਹ ਚੱਲਦਿਆਂ ਆਪਣੇ ਹਲਕੇ ਦੇ ਵਿਚ ਆਪਣਾ ਘੇਰਾ ਵਿਸ਼ਾਲ ਕਰਨ ਦੀ ਬਜਾਏ ਸਗੋਂ ਕੁਝ ਚਹੇਤਿਆਂ ਦੀ ਕਠਪੁਤਲੀ ਬਣਕੇ ਰਹਿ ਗਏ ਹਨ, ਜਿਸ ਕਾਰਣ ਹਲਕਾ ਪੱਧਰ ’ਤੇ ਵੀ ਕਾਂਗਰਸੀ ਆਗੂਆਂ ਵਿਚ ਵੱਡੇ ਪੱਧਰ ’ਤੇ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਹੁਣ ਉਨ੍ਹਾਂ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਵਿਚ ਉਹ ਬਲ ਦੇ ਨਾਲ ਵਰਕ ਨਹੀਂ ਕੀਤਾ ਜਾਵੇਗਾ, ਜਿਹੜਾ ਬਲ ਉਨ੍ਹਾਂ ਨੇ 2017ਦੀਆਂ ਚੋਣਾਂ ਮੌਕੇ ਦਿਖਾਇਆ ਸੀ। ਇਥੋਂ ਤਕ ਕਿ ਕੁਝ ਵਿਧਾਇਕਾਂ ਦੇ ਪੀ.ਏ ਵੀ ਹਲਕਿਆਂ ਵਿਚ ਕਾਂਗਰਸ ਦੇ ਅਕਸ ਨੂੰ ਢਾਹ ਕੁਝ ਲਗਾਉਣ ਦੇ ਲਈ ਜ਼ਿੰਮੇਵਾਰ ਸਮਝੇ ਜਾ ਰਹੇ ਹਨ ਕਿਉਂਕਿ ਵਰਕਰਾਂ ਦਾ ਗਿਲਾ ਹੈ ਕਿ ਉਨ੍ਹਾਂ ਦੇ ਫੋਨ ਇੰਨ੍ਹਾਂ ਵੱਲੋਂ ਨਹੀਂ ਸੁਣੇ ਜਾਂਦੇ।

ਇਹ ਵੀ ਪੜ੍ਹੋ:   ਬਠਿੰਡਾ ਤੋਂ ਵੱਡੀ ਖ਼ਬਰ: ਗੈਂਗਸਟਰ ਕੁਲਵੀਰ ਨਰੂਆਣਾ ’ਤੇ ਹਮਲਾ,ਚੱਲੀਆਂ ਤਾਬੜਤੋੜ ਗੋਲੀਆਂ

ਧਰਮਕੋਟ ’ਚ ‘ਆਪ’ ਦੇ ਨਵੇਂ ਆਗੂਆਂ ਦੀ ਸ਼ਮੂਲੀਅਤ ਨਾਲ ਅਕਾਲੀ ਦਲ ਨਾਲ ਮੁਕਾਬਲਾ ਹੋਣ ਦੇ ਆਸਾਰ
ਜੇਕਰ ਵਿਧਾਨ ਸਭਾ ਹਲਕਾ ਧਰਮਕੋਟ ਦੀ ਗੱਲ ਕੀਤੀ ਜਾਵੇ ਤਾਂ ਚਿਰਾਂ ਤੋਂ ਠੱਪ ਪਈਆਂ ‘ਆਪ’ ਦੀਆਂ ਸਰਗਰਮੀਆਂ ਵਿਚ ਜਾਨ ਪਾਉਣ ਦੇ ਲਈ ਦਵਿੰਦਰਜੀਤ ਸਿੰਘ ਲਾਡੀ ਢੋਸ, ਐਡਵੋਕੇਟ ਗੁਰਪ੍ਰੀਤ ਸਿੰਘ ਬੁੱਘੀਪੁਰਾ, ਜਸਵਿੰਦਰ ਸਿੰਘ ਸਿੱਧੂ ਅਧਿਆਪਕ ਆਗੂ ਵਰਗੇ ਆਗੂ ਟਿਕਟ ’ਤੇ ਦਾਅਵੇਦਾਰੀ ਨੂੰ ਲੈ ਕੇ ਹਲਕੇ ਵਿਚ ਵਰਕ ਕਰ ਰਹੇ ਹਨ ਉਨ੍ਹਾਂ ਨੇ ਥੋੜ੍ਹੇ ਸਮੇਂ ਦੇ ਵਿਚ ਉਹ ਕਾਰਗੁਜ਼ਾਰੀ ਕਰ ਦਿਖਾਈ ਹੈ ਜਿਹੜੀ ਕਿ ਹੋਰਨਾਂ ਨੇਤਾਵਾਂ ਤੋਂ ਨਹੀਂ ਹੋਈ, ਇਨ੍ਹਾਂ ਆਗੂਆਂ ਵੱਲੋਂ ਪਾਰਟੀ ਦੀਆਂ ਸਰਗਰਮੀਆਂ ਇਸ ਕਦਰ ਤੇਜ਼ ਕੀਤੀਆਂ ਹੋਈਆਂ ਹਨ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚ ਹੋਣ ਦੇ ਆਸਾਰ ਬਣ ਗਏ ਹਨ। ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਸਿਆਸੀ ਪਿਛੋਕੜ ਕਾਫੀ ਪ੍ਰਭਾਵਸ਼ਾਲੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਹਰ ਵਿਅਕਤੀ ਇਸ ਪਰਿਵਾਰ ਤੋਂ ਵਾਕਫ਼ ਹੈ ਜਿਸ ਦਿਨ ਤੋਂ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਦਵਿੰਦਰਜੀਤ ਲਾਡੀ ਢੋਸ ਨੇ ਸੰਭਾਲੀ ਹੈ, ਉਦੋਂ ਤੋਂ ਹਲਕੇ ਵਿਚ ਇਕ ਨਵੀਂ ਚਰਚਾ ਛਿੜ ਗਈ ਹੈ।

ਇਹ ਵੀ ਪੜ੍ਹੋ:  ਮਾਨਸਾ ਦੇ ਮਿੱਠੂ ਰਾਮ ਨੇ ਖ਼ਰੀਦੇ ਭਾਰਤੀ ਏਅਰ ਫ਼ੋਰਸ ਦੇ 6 ਹੈਲੀਕਾਪਟਰ, ਵੇਖਣ ਲਈ ਲੋਕਾਂ ਦੀ ਉਮੜੀ ਭੀੜ

ਜਦੋਂ ਲੀਡਰ ਆਪਣਿਆਂ ਨੂੰ ਅੱਖੋਂ ਪਰੋਖੇ ਕਰਦੇ ਨੇ ਤਾਂ ਉਨ੍ਹਾਂ ਦਾ ਸਿਆਸੀ ਅੰਤ ਹੋਣਾ ਤੈਅ ਹੁੰਦਾ ਹੈ: ਗੁੱਗੂ ਦਾਤਾ
ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਗੁਰਿੰਦਰ ਸਿੰਘ ਗੁੱਗੂ ਦਾਤਾ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਪੰਜਾਬ ਵਿਚ ਵੱਡੇ ਪੱਧਰ ’ਤੇ ਕਾਂਗਰਸ ਪਾਰਟੀ ਤਮਾਸ਼ਬੀਨ ਬਣੀ ਹੋਈ ਹੈ, ਅਜਿਹਾ ਉਦੋਂ ਹੀ ਲਾਵਾ ਫੁੱਟਦਾ ਹੈ ਜਦੋਂ ਕਿਸੇ ਦੀ ਕਦਰ ਨਹੀਂ ਹੁੰਦੀ ਅਜਿਹਾ ਕੁਝ ਵੱਡੇ ਪੱਧਰ ’ਤੇ ਨਹੀਂ ਸਗੋਂ ਹਲਕੇ ਪੱਧਰ ’ਤੇ ਦੇਖਣ ਨੂੰ ਵੀ ਆਮ ਹੀ ਮਿਲਦਾ ਹੈ। ਵਰਕਰ ਪਾਰਟੀਆਂ ਲਈ ਥੰਮ ਹੁੰਦੇ ਹਨ, ਜਿਨ੍ਹਾਂ ’ਤੇ ਸੱਤਾ ਦਾ ਸਿੰਘਾਸਨ ਟਿਕਿਆ ਹੁੰਦਾ ਹੈ। ਜਦੋਂ ਸੱਤਾ ਦੇ ਨਸ਼ੇ ’ਚ ਕੋਈ ਲੀਡਰ ਆਪਣੀ ਪਾਰਟੀ ਦੇ ਵਰਕਰ/ਆਗੂ ਨੂੰ ਅੱਖੋਂ ਪਰੋਖੇ ਕਰਦਾ ਹੈ ਤਾਂ ਉਸ ਦਾ ਸਿਆਸੀ ਅੰਤ ਹੋਣਾ ਤੈਅ ਹੁੰਦਾ ਹੈ।

ਇਹ ਵੀ ਪੜ੍ਹੋ:  ‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’


author

Shyna

Content Editor

Related News