ਕਾਂਗਰਸ ਨੇ ਕੋਰੋਨਾ ਦੇ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਹੱਥ ਵਧਾਇਆ

Monday, May 03, 2021 - 11:40 AM (IST)

ਕਾਂਗਰਸ ਨੇ ਕੋਰੋਨਾ ਦੇ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਹੱਥ ਵਧਾਇਆ

ਜਲੰਧਰ (ਧਵਨ) : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ’ਚ ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਪਾਰਟੀ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ’ਚ ਪਾਰਟੀ ਦੇ ਨੇਤਾ ਅਤੇ ਵਰਕਰ ਲੋਕਾਂ ਦੀ ਮਦਦ ਕਰਨਗੇ। ਇਸ ਸਬੰਧੀ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ’ਚ ਕੰਟਰੋਲ ਰੂਮ ਦੀ ਸ਼ੁਰੂਆਤ ਸੋਮਵਾਰ ਨੂੰ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਰਨਗੇ। ਜਾਖੜ ਨੇ ਅੱਜ ਸੂਬੇ ਦੇ ਪਾਰਟੀ ਨੇਤਾਵਾਂ ਦੇ ਨਾਲ ਜ਼ੂਮ ਐਪ ਰਾਹੀਂ ਬੈਠਕ ਕਰ ਕੇ ਉਨ੍ਹਾਂ ਨੂੰ ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਅੱਗੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਮੁਸ਼ਕਲ ਦੌਰ ’ਚੋਂ ਲੰਘ ਰਹੇ ਹਾਂ ਅਤੇ ਅਜਿਹੇ ਦੌਰ ’ਚ ਲੋਕਾਂ ਨੂੰ ਕਾਂਗਰਸ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਅਮਰਿੰਦਰ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਇਕ ਨੇਤਾ ਅਤੇ ਵਰਕਰ ਨੂੰ ਆਪਣੇ-ਆਪਣੇ ਖੇਤਰਾਂ ’ਚ ਕੋਰੋਨਾ ਨਾਲ ਜੰਗ ਲੜਣ ਵਾਲੇ ਲੋਕਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਕਈ ਅਜਿਹੇ ਪਰਿਵਾਰ ਹਨ ਜਿਨ੍ਹਾਂ ਦੇ ਸਾਰੇ ਮੈਂਬਰ ਪਾਜ਼ੇਟਿਵ ਆ ਗਏ ਹਨ। ਇਨ੍ਹਾਂ ਪਰਿਵਾਰਾਂ ਨੂੰ ਖਾਣਾ ਪਹੁੰਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਢੀਂਡਸਾ ਤੇ ਬ੍ਰਹਮਪੁਰਾ ਅੱਜ ਕਰਨਗੇ ਨਵੀਂ ਸਿਆਸੀ ਪਾਰਟੀ ਦਾ ਐਲਾਨ!

ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਆਕਸੀਜਨ, ਐਂਬੁਲੈਂਸ ਜਾਂ ਹੋਰ ਡਾਕਟਰੀ ਮਦਦ ਦੀ ਜ਼ਰੂਰਤ ਹੈ ਉਨ੍ਹਾਂ ਦੀ ਵੀ ਮਦਦ ਪਾਰਟੀ ਨੇਤਾਵਾਂ ਵੱਲੋਂ ਕੀਤੀ ਜਾਵੇਗੀ। ਜਾਖੜ ਨੇ ਕਿਹਾ ਕਿ ਇਸ ਕਾਰਜ ਲਈ ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਮਨਪ੍ਰੀਤ ਸਿੰਘ ਲਾਲੀ ਨੂੰ ਸਟੇਟ ਕੋ-ਆਰਡੀਨੇਟਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਰਮਬੀਰ ਸਿੰਘ ਸਿੱਧੂ ਨੂੰ ਸਟੇਟ ਕੋ-ਆਰਡੀਨੇਟਰ ਲਗਾਇਆ ਗਿਆ ਹੈ ਜੋ ਕਿ ਪੰਜਾਬ ਕਾਂਗਰਸ ਕਮੇਟੀ ਦੇ ਚੰਡੀਗੜ੍ਹ ਦਫਤਰ ’ਚ ਬੈਠਣਗੇ ਅਤੇ 2 ਹੈਲਪਲਾਈਨ ਨੰਬਰ ਜਾਰੀ ਕੀਤੇ ਜਾਣਗੇ ਜਿੱਥੇ ਕੋਈ ਵੀ ਕੋਵਿਡ ਪੀੜਤ ਸੰਪਰਕ ਕਰ ਕੇ ਮਦਦ ਮੰਗ ਸਕੇਗਾ। ਕੰਟਰੋਲ ਰੂਮ ਸੋਮਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਸਾਰਾ ਕਾਰਜ ਇਕ ਰਾਜਨੀਤਕ ਪਾਰਟੀ ਤੋਂ ਉੱਪਰ ਉਠ ਕੇ ਸਮਾਜ ਸੇਵਾ ਨੂੰ ਸਮਰਪਿਤ ਰਹੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਨੂੰ ਸੂਚਿਤ ਕਰਦੇ ਆ ਰਹੇ ਹਨ ਪਰ ਨਰਿੰਦਰ ਮੋਦੀ ਸਰਕਾਰ ਨੇ ਕੋਰੋਨਾ ਦੀ ਸਥਿਤੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਅੱਜ ਦੇਸ਼ ’ਚ ਮੈਡੀਕਲ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਮਾਂ ਰਹਿੰਦੇ ਕਾਰਵਾਈ ਕਰਦੀ ਤਾਂ ਹਾਲਾਤ ਇੰਨੇ ਖ਼ਰਾਬ ਨਾ ਹੁੰਦੇ। ਬੈਠਕ ’ਚ ਸਿਹਤ ਮੰਤਰੀ ਨੇ ਕਿਹਾ ਕਿ ਵੈਕਸੀਨੇਸ਼ਨ ਨਾਲ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ ਪਰ ਕੇਂਦਰ ਵੱਲੋਂ ਪੰਜਾਬ ਨੂੰ ਵੈਕਸੀਨ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤਾ ਇਹ ਫਰਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Anuradha

Content Editor

Related News