ਮੋਤੀ ਮਹਿਲ ਦੇ ਕਰੀਬੀ ਕੇ. ਕੇ. ਮਲਹੋਤਰਾ ਦੀ ਸ਼ਹਿਰੀ ਕਾਂਗਰਸ ਪ੍ਰਧਾਨਗੀ ਤੋਂ ਛੁੱਟੀ!
Saturday, Nov 20, 2021 - 10:57 AM (IST)

ਪਟਿਆਲਾ (ਮਨਦੀਪ ਜੋਸਨ) : ਕਾਂਗਰਸ ਬਨਾਮ ਮੋਤੀ ਮਹਿਲ ’ਚ ਚੱਲ ਰਹੀ ਜੰਗ ਵਿਚਕਾਰ ਮੋਤੀ ਮਹਿਲ ਦੀ ਇਕ ਹੋਰ ਵਿਕਟ ਡਿੱਗ ਗਈ ਹੈ। ਮੋਤੀ ਮਹਿਲ ਦੇ ਕਰੀਬੀ ਮੰਨੇ ਜਾਂਦੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੇ. ਕੇ. ਮਲਹੋਤਰਾ ਦੀ ਛੁੱਟੀ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਨੇਤਾ ਨਰਿੰਦਰ ਲਾਲੀ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਇਸ ਸਬੰਧੀ ਕਾਂਗਰਸ ਦੀ ਕੇਂਦਰੀ ਹਾਈਕਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਫਾਈਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਨਰਿੰਦਰ ਲਾਲੀ ਕਈ ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰਦੇ ਆ ਰਹੇ ਹਨ, ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨਾਲ ਸਾਂਝ ਜੱਗ-ਜ਼ਾਹਰ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਦੇ ਲਗਭਗ ਸਾਰੇ ਵਿਧਾਇਕਾਂ ਨੇ ਉਨ੍ਹਾਂ ਲਈ ਹਾਅ ਦਾ ਨਾਅਰਾ ਮਾਰਿਆ ਸੀ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਵੀ ਨਰਿੰਦਰ ਲਾਲੀ ਨੂੰ ਪ੍ਰਧਾਨ ਬਣਾਉਣ ਲਈ ਨਵਜੋਤ ਸਿੱਧੂ ਕੋਲ ਫਾਈਨਲ ਪੁਰਜ਼ੋਰ ਸਿਫਾਰਿਸ਼ ਕੀਤੀ ਸੀ। ਇੱਥੇ ਇਕ ਸਮਾਗਮ ਦੌਰਾਨ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਕੇ. ਕੇ. ਮਲਹੋਤਰਾ ਦੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਨਰਿੰਦਰ ਲਾਲੀ ਨੂੰ ਸ਼ਹਿਰੀ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਇਸ ਸਬੰਧੀ ਪੰਜਾਬ ਕਾਂਗਰਸ ਦੇ ਆਰਡਰ ਜਾਰੀ ਹੋ ਰਹੇ ਹਨ। ਇਸ ਫਾਈਲ ਨੂੰ ਕੇਂਦਰੀ ਹਾਈਕਮਾਨ ਤੋਂ ਹਰੀ ਝੰਡੀ ਮਿਲ ਚੁੱਕੀ ਹੈ।
ਕ੍ਰਿਸ਼ਨ ਚੰਦ ਬੁੱਧੂ ਵੀ ਸਨ ਪ੍ਰਧਾਨਗੀ ਬਣਨ ਦੀ ਰੇਸ ’ਚ
ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਚੰਦ ਬੁੱਧੂ ਵੀ ਸ਼ਹਿਰੀ ਪ੍ਰਧਾਨਗੀ ਦੀ ਰੇਸ ’ਚ ਸਮਝੇ ਜਾਂਦੇ ਸਨ ਪਰ ਪਿਛਲੇ ਦਿਨੀਂ ਕ੍ਰਿਸ਼ਨ ਚੰਦ ਬੁੱਧੂ ਨੇ ਆਪ ਲਿਖ਼ਤੀ ਰੂਪ ’ਚ ਕਾਂਗਰਸ ਹਾਈਕਮਾਨ ਨੂੰ ਇਸ ਗੱਲ ਦੀ ਸਿਫਾਰਿਸ਼ ਕੀਤੀ ਸੀ ਕਿ ਉਨ੍ਹਾਂ ਨੇ ਪ੍ਰਧਾਨ ਨਹੀਂ ਬਣਨਾ। ਸ਼ਹਿਰੀ ਪ੍ਰਧਾਨ ਲਈ ਨਰਿੰਦਰ ਲਾਲੀ ਨੂੰ ਚੁਣਿਆ ਜਾਵੇ ਕਿਉਂਕਿ ਲਾਲੀ ਬਹੁਤ ਸਮਝਦਾਰ ਅਤੇ ਸੀਨੀਅਰ ਆਗੂ ਹਨ। ਕ੍ਰਿਸ਼ਨ ਚੰਦ ਬੁੱਧੂ ਸੀਨੀਅਰ ਕੌਂਸਲਰ ਤੇ ਉਹ ਇਸ ਸਮੇਂ ਮੇਅਰ ਬਣਨ ਦੀ ਦੌੜ ’ਚ ਵੀ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਉਨ੍ਹਾਂ ਨੂੰ ਕੋਈ ਵੱਡਾ ਅਹੁਦਾ ਦੇ ਕੇ ਨਵਾਜ਼ ਸਕਦੀ ਹੈ।