ਕਾਂਗਰਸੀ ਆਗੂ ਦੇ ਭਤੀਜੇ ਵੱਲੋਂ ਬਰਫ ਵਾਲੇ ਸੂਏ ਨਾਲ ਨੌਜਵਾਨ ਦਾ ਕਤਲ

08/24/2019 6:57:43 PM

ਸਮਾਰਾਲਾ/ਖੰਨਾ (ਗਰਗ, ਬਿਪਨ, ਧੀਰਾ) : ਥਾਣਾ ਸਮਰਾਲਾ ਅਧੀਨ ਆਉਂਦੇ ਪਿੰਡ ਬਗਲੀ ਕਲਾਂ ਵਿਖੇ ਕਾਂਗਰਸੀ ਆਗੂ ਦੇ ਭਤੀਜੇ ਨੇ ਆਪਣੇ ਗੁਆਂਢੀ ਨੌਜਵਾਨ ਦਾ ਬੀਤੀ ਰਾਤ ਤਿੱਖੇ ਹਥਿਆਰ ਨਾਲ ਕਤਲ ਕਰ ਦਿੱਤਾ ਜਿਸ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ । ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਨੇਤਰ ਸਿੰਘ ਬਗਲੀ ਕਲਾਂ ਦਾ ਭਤੀਜਾ ਅਮਨਦੀਪ ਸਿੰਘ ਪੁੱਤਰ ਕੇਸਰ ਸਿੰਘ ਆਪਣੇ ਘਰ ਕੁਝ ਅਵਾਰਾ ਗਊਆਂ ਦੀ ਸਾਂਭ ਸੰਭਾਲ ਕਰਦਾ ਸੀ ਤੇ ਉਸਨੇ ਕਈ ਗਊਆਂ ਪਿੰਡ ਦੀ ਫਿਰਨੀ ਵਾਲੀ ਸੜਕ ਨੇੜੇ ਬੰਨ੍ਹੀਆ ਹੋਈਆਂ ਸਨ ਤੇ ਉਸਨੇ ਕਈ ਦਿਨਾਂ ਤੋਂ ਫਿਰਨੀ ਵਾਲੀ ਸੜਕ 'ਤੇ ਜਿਹੜਾ ਲੋਕਾਂ ਲਈ ਲਾਂਘਾ ਸੀ ਉਸਨੂੰ ਰੇਤੇ ਦੇ ਭਰੇ ਥੈਲੇ ਰੱਖ ਕੇ ਰੋਕ ਲਿਆ ਜਿਸ ਕਾਰਨ ਲੋਕ ਲੰਘਣ ਤੋਂ ਕਾਫੀ ਪ੍ਰੇਸ਼ਾਨ ਸਨ ਤੇ ਜਿਹੜਾ ਵਿਅਕਤੀ ਅਮਨਦੀਪ ਸਿੰਘ ਨੂੰ ਰਸਤਾ ਖਾਲੀ ਕਰਨ ਲਈ ਕਹਿੰਦਾ ਸੀ ਤਾਂ ਉਹ ਉਸ ਨਾਲ ਝਗੜਾ ਕਰਨ ਲੱਗਾ। 

PunjabKesari

ਇਸ ਦੌਰਾਨ ਬੀਤੀ ਸ਼ਾਮ ਪਿੰਡ ਦਾ ਗੁਆਂਢੀ ਨੌਜਵਾਨ ਤਨਵੀਰ ਸਿੰਘ (34) ਪੁੱਤਰ ਸ੍ਰੀ ਰਾਮ, ਅਮਨਦੀਪ ਸਿੰਘ ਨੂੰ ਕਹਿਣ ਲੱਗਾ ਕਿ ਤੂੰ ਰਸਤਾ ਰੋਕੀ ਬੈਠਾ ਤੇ ਅਸੀਂ ਲੰਘਣ ਵਾਲੇ ਰੋਜ਼ ਪ੍ਰੇਸ਼ਾਨ ਹੁੰਦੇ ਹਾਂ। ਇੰਨਾ ਕਹਿਣ ਦੀ ਗੱਲ ਸੀ ਤਾਂ ਅਮਨਦੀਪ ਸਿੰਘ ਨੇ ਤਨਵੀਰ ਸਿੰਘ ਦੀ ਛਾਤੀ ਤੇ ਪੇਟ ਵਿਚ ਬਰਫ ਵਾਲੇ ਤੇਜ਼ਧਾਰ ਸੂਏ ਨਾਲ ਹਮਲਾ ਕਰ ਦਿੱਤਾ ਅਤੇ ਉਦੋਂ ਤੱਕ ਮਾਰਦਾ ਰਿਹਾ ਜਦੋਂ ਤਨਵੀਰ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਨਹੀਂ ਡਿੱਗ ਗਿਆ। ਜਦੋਂ ਇਹ ਘਟਨਾ ਹੋਈ ਤਾਂ ਉਸ ਸਮੇ ਥੋੜੀ ਦੂਰ ਹੀ ਆਪਣੇ ਘਰ ਅੱਗੇ ਬੈਠਾ ਮ੍ਰਿਤਕ ਤਨਵੀਰ ਸਿੰਘ ਦਾ ਚਚੇਰਾ ਭਰਾ ਪਰਮਿੰਦਰ ਸਿੰਘ ਅਤੇ ਉਸ ਦਾ ਇਕ ਹੋਰ ਦੋਸਤ ਇਹ ਸਭ ਦੇਖ ਰਹੇ ਸਨ। ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਇਸ ਹੱਦ ਤਕ ਬੇਰਹਿਮ ਹੋ ਗਿਆ ਸੀ ਕਿ ਜਦੋਂ ਤੜਫਦਾ ਹੋਇਆ ਤਨਵੀਰ ਜ਼ਮੀਨ 'ਤੇ ਡਿੱਗਾ ਤਾਂ ਉਹ ਉਸ ਦੀ ਪਿੱਠ ਵਿਚ ਸੂਏ ਮਾਰਦਾ ਰਿਹਾ। 
ਇਸੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਤਨਵੀਰ ਸਿੰਘ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਸਮਰਾਲਾ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਬੀਤੀ ਰਾਤ ਹੀ ਦੋਸ਼ੀ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਐੱਸ. ਐੱਚ. ਓ. ਸਮਰਾਲਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੁਲਸ ਨੇ ਦੋਸ਼ੀ ਅਮਨਦੀਪ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਮਾਮਲਾ  ਦਰਜ ਕਰ ਲਿਆ ਅਤੇ ਪੜਤਾਲ ਜਾਰੀ ਹੈ।


Gurminder Singh

Content Editor

Related News