ਵਿਵਾਦਾਂ ਤੋਂ ਬਚੇਗੀ ਕਾਂਗਰਸ ਹਾਈਕਮਾਨ, ਚੋਣਾਂ ਦੌਰਾਨ ਇਨ੍ਹਾਂ ਚਿਹਰਿਆਂ ਨੂੰ ਲਿਆਂਦਾ ਜਾ ਸਕਦੈ ਅੱਗੇ

Thursday, Oct 21, 2021 - 08:52 AM (IST)

ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਕਾਂਗਰਸ ਅੰਦਰ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਲੀਡਰਸ਼ਿਪ ਕਰਨ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਮਤਭੇਦਾਂ ਨੂੰ ਦੇਖਦਿਆਂ ਕਾਂਗਰਸ ਹਾਈਕਮਾਨ ਆਉਣ ਵਾਲੇ ਦਿਨਾਂ ’ਚ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕਰੇਗੀ। ਇਸ ਨੂੰ ਦੇਖਦੇ ਹੋਏ ਉਹ ਕਿਸੇ ਇਕ ਨੇਤਾ ਦਾ ਚਿਹਰਾ ਅੱਗੇ ਕਰਨ ਦੀ ਥਾਂ ਅਨੁਸੂਚਿਤ ਜਾਤੀ, ਹਿੰਦੂ ਅਤੇ ਸਿੱਖ ਚਿਹਰਿਆਂ ਨੂੰ ਅੱਗੇ ਰੱਖ ਕੇ ਚੋਣ ਮੈਦਾਨ ’ਚ ਉਤਾਰਨ ਦੀ ਕੋਸ਼ਿਸ਼ ਕਰੇਗੀ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਸੂਬੇ ’ਚ ਕਾਂਗਰਸ ਦੇ ਅੰਦਰ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦਰਮਿਆਨ ਸਮੇਂ-ਸਮੇਂ ’ਤੇ ਪੈਦਾ ਹੋਣ ਵਾਲੇ ਵਿਵਾਦਾਂ ਦੀ ਜੜ੍ਹ ਅਸਲ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਲੀਡਰਸ਼ਿਪ ਨੂੰ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਜੁੜੀ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਸਬੰਧੀ 3 ਮੈਂਬਰੀ SIT ਦਾ ਗਠਨ

ਕਾਂਗਰਸੀ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕੇਂਦਰੀ ਲੀਡਰਸ਼ਿਪ ਵੱਲੋਂ ਹੁਣ ਚਰਨਜੀਤ ਸਿੰਘ ਚੰਨੀ ਨੂੰ ਤਬਦੀਲ ਕਰਨ ਦੀ ਕੋਈ ਯੋਜਨਾ ਨਹੀਂ ਹੈ ਅਤੇ ਨਾ ਹੀ ਉਹ ਇਸ ’ਤੇ ਚਰਚਾ ਕਰਨ ਲਈ ਤਿਆਰ ਹਨ। ਕੇਂਦਰੀ ਲੀਡਰਸ਼ਿਪ ਨੇ ਸਪੱਸ਼ਟ ਸ਼ਬਦਾਂ ’ਚ ਪੰਜਾਬ ਇਕਾਈ ਨੂੰ ਕਹਿ ਦਿੱਤਾ ਹੈ ਕਿ ਉਹ ਆਪਣਾ ਧਿਆਨ ਚੋਣਾਂ ਵੱਲ ਕੇਂਦਰਿਤ ਕਰਨ। ਇਸ ਸਮੇਂ ਆਪਸੀ ਮਾਮਲਿਆਂ ਨੂੰ ਹੋਰ ਉਲਝਾਉਣ ਤੋਂ ਬਚਿਆ ਜਾਣਾ ਚਾਹੀਦਾ ਹੈ। ਕਾਂਗਰਸੀ ਆਗੂ ਮੰਨਦੇ ਹਨ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਮੁੱਦਾ ਇਕ ਵਾਰ ਮੁੜ ਉੱਠੇਗਾ ਕਿ ਚੋਣਾਂ ’ਚ ਪਾਰਟੀ ਕਿਸ ਆਗੂ ਨੂੰ ਚਿਹਰੇ ਦੇ ਰੂਪ ’ਚ ਅੱਗੇ ਕਰੇਗੀ।

ਇਹ ਵੀ ਪੜ੍ਹੋ : ਪੰਜਾਬ 'ਚ 800 ਦੇ ਕਰੀਬ 'ਪੈਟਰੋਲ ਪੰਪ' ਬੰਦ ਹੋਣ ਦੀ ਕਗਾਰ 'ਤੇ, ਜਾਣੋ ਕੀ ਹੈ ਕਾਰਨ

ਆਮ ਤੌਰ ’ਤੇ ਕੇਂਦਰੀ ਲੀਡਰਸ਼ਿਪ ਜਿਸ ਚਿਹਰੇ ਨੂੰ ਅੱਗੇ ਕਰਦੀ ਹੈ, ਉਸ ਨੂੰ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੀ ਵਾਂਗਡੋਰ ਸੌਂਪੀ ਜਾਂਦੀ ਹੈ। ਚੰਨੀ ਨੇ ਪਿਛਲੇ ਕੁੱਝ ਸਮੇਂ ਦੌਰਾਨ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਨਾਲ ਜੋੜਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਵੀ ਤੈਅ ਮੰਨਿਆ ਜਾ ਰਿਹਾ ਹੈ ਕਿ ਇਸ ਵਿਵਾਦ ਨਾਲ ਚੋਣਾਂ ਦੌਰਾਨ ਬਚਣ ਲਈ ਕਾਂਗਰਸ ਲੀਡਰਸ਼ਿਪ ਵੱਲੋਂ ਅਨੁਸੂਚਿਤ ਜਾਤੀ ਦੇ ਰੂਪ ’ਚ ਚਰਨਜੀਤ ਸਿੰਘ ਚੰਨੀ, ਸਿੱਖ ਦੇ ਰੂਪ ’ਚ ਨਵਜੋਤ ਸਿੱਧੂ ਅਤੇ ਹਿੰਦੂ ਚਿਹਰੇ ਦੇ ਰੂਪ ’ਚ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜਾਂ ਉਪ-ਮੁੱਖ ਮੰਤਰੀ ਓ. ਪੀ. ਸੋਨੀ ਨੂੰ ਪੇਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਇਕ ਹੋਰ ਮਾਂ ਦੀ ਮਮਤਾ ਪੰਜਾਬ 'ਚ ਵਿਕਦੇ ਨਸ਼ੇ ਹੱਥੋਂ ਹਾਰੀ, ਚਿੱਟੇ ਨੇ ਤੋੜੀ ਜਵਾਨ ਪੁੱਤ ਦੇ ਸਾਹਾਂ ਦੀ ਡੋਰ (ਤਸਵੀਰਾਂ)

ਜਾਖੜ ਨੇ ਵੀ ਪਿਛਲੇ ਕੁੱਝ ਸਮੇਂ ਦੌਰਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਆਪਣੇ ਸਬੰਧਾਂ ਨੂੰ ਕਾਫੀ ਮਜ਼ਬੂਤ ਕੀਤਾ ਹੈ। ਹੁਣ ਦੇਖਣਾ ਇਹ ਹੈ ਕਿ ਕੇਂਦਰੀ ਲੀਡਰਸ਼ਿਪ ਕਿਸ ਹਿੰਦੂ ਚਿਹਰੇ ਨੂੰ ਅੱਗੇ ਲਿਆਉਂਦੀ ਹੈ। ਇਨ੍ਹਾਂ ਤਿੰਨਾਂ ਚਿਹਰਿਆਂ ਨੂੰ ਆਧਾਰ ਬਣਾ ਕੇ ਪਾਰਟੀ ਚੋਣਾਂ ’ਚ ਉਤਾਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News