ਕਾਂਗਰਸ 'ਚ ਪਏ ਕਲੇਸ਼ 'ਤੇ ਅਕਾਲੀ ਦਲ, ਭਾਜਪਾ ਤੇ 'ਆਪ' ਨੇ ਵਜਾਈਆਂ ਤਾੜੀਆਂ

11/21/2019 1:13:49 PM

ਪਟਿਆਲਾ/ਰੱਖਡ਼ਾ (ਰਾਣਾ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਵਿਦੇਸ਼ ਦੀ ਸੈਰ ਕਰ ਰਹੇ ਹਨ, ਉਥੇ ਹੀ ਬਾਕੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਇਸ ਦਾ ਸਪੱਸ਼ਟ ਖੁਲਾਸਾ ਮੁੱਖ ਮੰਤਰੀ ਦੇ ਜ਼ਿਲੇ ਦੇ ਕਾਂਗਰਸੀ ਵਿਧਾਇਕਾਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਹਾਜ਼ਰੀ ’ਚ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਹੋਈ ਮੀਟਿੰਗ ’ਚ ਖੁਦ ਕੀਤਾ। ਵਿਧਾਇਕਾਂ ਵਲੋਂ ਆਪਣੇ ਜ਼ਿਲੇ ਦੇ ਹੀ ਪੁਲਸ ਅਤੇ ਸਿਵਲ ਪ੍ਰਸ਼ਾਸਨ ਖਿਲਾਫ ਉਗਲੇ ਲਾਵੇ ਤੋਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਅਤੇ ਆਮ ਲੋਕਾਂ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ ’ਤੇ ਚੁਟਕੀਆਂ ਵਜਾਉਂਦੇ ਹੋਏ ਕਿਹਾ ਕਿ ਜੇਕਰ ਕਾਂਗਰਸੀ ਵਿਧਾਇਕ ਜਨਤਾ ਦੇ ਕੰਮਾਂ ਲਈ ਪ੍ਰਸ਼ਾਸਨ ਖਿਲਾਫ ਧਰਨੇ ’ਤੇ ਬੈਠਦੇ ਹਨ ਤਾਂ ਬਾਕੀ ਪਾਰਟੀਆਂ ਦੇ ਨੁਮਾਇੰਦੇ ਅਤੇ ਆਮ ਲੋਕ ਧਰਨੇ ’ਚ ਵਧ-ਚਡ਼੍ਹ ਕੇ ਸ਼ਮੂਲੀਅਤ ਕਰਨਗੇ। 

ਬੇਲਗਾਮ ਹੋਈ ਅਫਸਰਸ਼ਾਹੀ ਨੂੰ ਨੱਥ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਸਾਹਮਣੇ ਅਜਿਹਾ ਖੁਲਾਸਾ ਹੋਣਾ ਅਹਿਮ ਮੁੱਦਾ ਹੈ। ਜੇਕਰ ਕਾਂਗਰਸੀ ਵਿਧਾਇਕ ਆਪਣੀ ਸਰਕਾਰ ਦੀ ਅਫਸਰਸ਼ਾਹੀ ਖਿਲਾਫ ਧਰਨਾ ਲਾਉਣ ਦੀ ਹਿੰਮਤ ਦਿਖਾਉਂਦੇ ਹਨ ਤਾਂ ਜਨਤਾ ਦੇ ਸਮੁੱਚੇ ਕੰਮ ਪਹਿਲ ਦੇ ਆਧਾਰ ’ਤੇ ਹੋਣਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਉਸ ਦੇ ਮੰਤਰੀ ਅਤੇ ਵਿਧਾਇਕ ਅਫਸਰਸ਼ਾਹੀ ਵਲੋਂ ਕੰਮ ਨਾ ਕਰਨ ਬਾਰੇ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ।

ਪੰਜਾਬ ਲਾਵਾਰਸ, ਐਲਾਨ ਕਰਨਾ ਬਾਕੀ : ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਕਦੇ ਵਿਦੇਸ਼ ਦੀ ਸੈਰ ’ਤੇ ਅਤੇ ਕਦੇ ਪਹਾਡ਼ਾਂ ਵਿਚ, ਕਾਂਗਰਸੀ ਵਿਧਾਇਕ ਪ੍ਰਸ਼ਾਸਨ ਖਿਲਾਫ ਧਰਨਿਆਂ ’ਤੇ ਬੈਠਣ ਨੂੰ ਤਿਆਰ ਹਨ। ਇਸ ਤੋਂ ਸਾਫ ਜ਼ਾਹਰ ਹੈ ਕਿ ਪੰਜਾਬ ਲਾਵਾਰਸ ਹੋ ਚੁੱਕਾ ਹੈ। ਸਿਰਫ ਐਲਾਨ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਧੋਖੇ ਵਿਚ ਰੱਖ ਕੇ ਸੱਤਾ ਹਾਸਲ ਕਰਨ ਵਾਲੇ ਆਗੂਆਂ ਦੀ ਗੈਰ-ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਸੁਣਵਾਈ ਕਰਨ ਤੇ ਕਰਵਾਉਣ ਲਈ ਹਰ ਪਲ ਤਿਆਰ ਹੈ।

ਲੋਕ ਹਾਲੋਂ-ਬੇਹਾਲ : ਭਾਜਪਾ ਆਗੂ
ਭਾਜਪਾ ਆਗੂ ਰਮਨਦੀਪ ਸਿੰਘ ਭੀਲੋਵਾਲ ਨੇ ਕਿਹਾ ਕਿ ਸੂਬੇ ਦੀ ਪ੍ਰਸ਼ਾਸਨਕ ਪ੍ਰਣਾਲੀ ਦੇ ਫੇਲ ਹੋਣ ਦਾ ਸਪੱਸ਼ਟ ਐਲਾਨ ਸੱਤਾਧਾਰੀ ਪਾਰਟੀ ਦੇ ਕਾਂਗਰਸੀ ਵਿਧਾਇਕਾਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਸਾਹਮਣੇ ਹੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਏ ਫੰਡਾਂ ਨੂੰ ਸਹੀ ਢੰਗ ਨਾਲ ਵਰਤਣ ਵਿਚ ਸੂਬਾ ਸਰਕਾਰ ਫੇਲ ਹੈ।

ਧਰਨੇ ’ਚ ‘ਆਪ’ ਦੇਵੇਗੀ ਕਾਂਗਰਸੀ ਵਿਧਾਇਕਾਂ ਨੂੰ ਸਮਰਥਨ : ਜੱਸੀ, ਮਾਨ, ਸੰਧੂ
ਇਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਦੇਵ ਮਾਨ ਅਤੇ ਇੰਦਰਜੀਤ ਸਿੰਘ ਸੰਧੂ ਨੇ ਕਾਂਗਰਸੀ ਵਿਧਾਇਕਾਂ ਵੱਲੋਂ ਪ੍ਰਸ਼ਾਸਨ ਖਿਲਾਫ ਧਰਨਾ ਲਾਉਣ ਦੀ ਦਿੱਤੀ ਧਮਕੀ ਦਾ ਸਮਰਥਨ ਕਰਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਜੇਕਰ ਲੋਕ-ਹਿਤਾਂ ਲਈ ਕਾਂਗਰਸੀ ਵਿਧਾਇਕ ਪ੍ਰਸ਼ਾਸਨ ਖਿਲਾਫ ਧਰਨਾ ਲਾਉਂਦੇ ਹਨ ਤਾਂ ‘ਆਪ’ ਪਾਰਟੀ ਵੱਲੋਂ ਡਟਵਾਂ ਸਮਰਥਨ ਦਿੱਤਾ ਜਾਵੇਗਾ।

ਕਾਂਗਰਸੀ ਵਿਧਾਇਕਾਂ ਨੇ ਦੇਰੀ ਨਾਲ ਲਿਆ ਸਹੀ ਫ਼ੈਸਲਾ : ਜੁਨੇਜਾ, ਰੱਖਡ਼ਾ, ਰਾਠੀ
ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ, ਜ਼ਿਲਾ ਦਿਹਾਤੀ ਦੇ ਯੂਥ ਪ੍ਰਧਾਨ ਇੰਦਰਜੀਤ ਸਿੰਘ ਰੱਖਡ਼ਾ ਅਤੇ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਅਮਿਤ ਰਾਠੀ ਨੇ ਕਿਹਾ ਕਿ ਸੂਬੇ ’ਚ ਫੈਲੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹਦਾ ਅਤੇ ਨੱਥ ਨਾ ਪਾਉਣ ਵਾਲੀ ਉੱਚ ਅਫਸਰਸ਼ਾਹੀ ਖਿਲਾਫ ਕਾਂਗਰਸੀ ਵਿਧਾਇਕਾਂ ਦਾ ਫੁੱਟਿਆ ਗੁੱਸਾ ਆਮ ਜਨਤਾ ਦੇ ਰੋਹ ਦਾ ਸੰਕੇਤ ਹੈ। ਕਾਂਗਰਸੀ ਵਿਧਾਇਕਾਂ ਵੱਲੋਂ ਪ੍ਰਸ਼ਾਸਨ ਖਿਲਾਫ ਧਰਨਾ ਲਾਉਣ ਦਾ ਫੈਸਲਾ ਭਾਵੇਂ ਦੇਰੀ ਨਾਲ ਲਿਆ ਗਿਆ ਹੈ ਪਰ ਇਹ ਬਿਲਕੁਲ ਸਹੀ ਹੈ। ਇਸ ’ਤੇ ਕਾਂਗਰਸੀ ਵਿਧਾਇਕਾਂ ਨੂੰ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ।

rajwinder kaur

This news is Content Editor rajwinder kaur