ਕਾਂਗਰਸ ਨੇ ਹੁਣ 4 ਹੋਰ ਸੂਬਿਆਂ ''ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਆਰੰਭੀਆਂ

12/22/2017 9:55:28 AM

ਜਲੰਧਰ (ਧਵਨ)-ਗੁਜਰਾਤ 'ਚ ਭਾਜਪਾ ਨੂੰ 99 ਸੀਟਾਂ ਦੇ ਅੰਕੜੇ 'ਤੇ ਰੋਕਣ 'ਚ ਸਫਲ ਹੋਈ ਕਾਂਗਰਸ ਨੇ ਹੁਣ ਚਾਰ ਹੋਰ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਹੁਣ ਦੇਰੀ ਨਾਲ ਚੋਣ ਮੁਹਿੰਮ ਸ਼ੁਰੂ ਕਰਨ ਦੇ ਪੱਖ 'ਚ ਨਹੀਂ ਹੈ। ਅਗਲੇ ਸਾਲ ਦੇ ਸ਼ੁਰੂ 'ਚ ਕਰਨਾਟਕ, ਮੇਘਾਲਿਆ, ਨਾਗਾਲੈਂਡ ਅਤੇ ਤ੍ਰਿਪੁਰਾ 'ਚ ਚੋਣਾਂ ਹੋਣੀਆਂ ਹਨ।
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ ਵਲੋਂ ਜਨਵਰੀ ਮਹੀਨੇ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਇਨ੍ਹਾਂ ਚੋਣ ਸੂਬਿਆਂ 'ਚ ਦੌਰਿਆਂ ਨੂੰ ਆਖਰੀ ਰੂਪ ਦੇਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧ 'ਚ ਏ. ਆਈ. ਸੀ. ਸੀ. ਨਾਲ ਸੰਬੰਧਤ ਸੂਬਿਆਂ ਦੀ ਲੀਡਰਸ਼ਿਪ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸੂਬਿਆਂ ਤੋਂ ਇਹ ਮੰਗ ਆ ਰਹੀ ਹੈ ਕਿ ਪਾਰਟੀ ਨੂੰ ਆਪਣੇ ਉਮੀਦਵਾਰ ਸਮੇਂ ਤੋਂ ਪਹਿਲਾਂ ਤੈਅ ਕਰ ਲੈਣੇ ਚਾਹੀਦੇ ਹਨ ਤਾਂ ਕਿ ਉਮੀਦਵਾਰਾਂ ਨੂੰ ਪ੍ਰਚਾਰ ਲਈ ਢੁੱਕਵਾਂ ਸਮਾਂ ਮਿਲ ਸਕੇ।
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕਰਨਾਟਕ 'ਚ ਇਸ ਸਮੇਂ ਕਾਂਗਰਸ ਦੀ ਸਰਕਾਰ ਚਲ ਰਹੀ ਹੈ। ਕਾਂਗਰਸ ਦਾ ਕਰਨਾਟਕ 'ਚ ਮੁਕਾਬਲਾ ਭਾਜਪਾ ਤੋਂ ਹੀ ਹੋ ਰਿਹਾ ਹੈ, ਇਸ ਲਈ ਏ. ਆਈ. ਸੀ. ਸੀ. ਅਤੇ ਰਾਹੁਲ ਗਾਂਧੀ ਦੋਵੇਂ ਹੀ ਕਰਨਾਟਕ 'ਚ ਹਰ ਹਾਲ 'ਚ ਜਿੱਤ ਹਾਸਲ ਕਰਨ ਲਈ ਰਣਨੀਤੀ ਬਣਾਉਣ 'ਚ ਜੁਟ ਗਏ ਹਨ।