ਬਰਗਾੜੀ ਵਿਚ ਲੱਗਾ ਪੰਥਕ ਮੋਰਚਾ ਕਾਂਗਰਸ ਦੀ ਚਾਲ : ਮਜੀਠੀਆ

07/25/2018 12:02:58 PM

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਬਰਗਾੜੀ ਵਿਖੇ ਪੰਥਕ ਆਗੂਆਂ ਵਲੋਂ ਲਗਾਏ ਗਏ ਮੋਰਚੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਚਾਲ ਕਰਾਰ ਦਿੱਤਾ ਹੈ। ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਮੋਰਚਾ ਅਖੌਤੀ ਜਥੇਦਾਰਾਂ ਵਲੋਂ ਸਰਕਾਰ ਦੀ ਸ਼ਹਿ 'ਤੇ ਲਗਾਇਆ ਗਿਆ ਹੈ। ਇਹ ਮੋਰਚਾ ਕਾਂਗਰਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਆਪਣੇ ਪਿੱਠੂਆਂ ਤੋਂ ਆਪਣੀ ਹੀ ਸਰਕਾਰ ਖ਼ਿਲਾਫ਼ ਸ਼ੁਰੂ ਕਰਾਇਆ ਗਿਆ ਹੈ। ਕਾਂਗਰਸ ਨੇ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਰਾਜਸੀ ਤੇ ਆਰਥਿਕ ਹਮਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਖੌਤੀ ਮੋਰਚੇ ਰਾਹੀਂ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਲੋਕਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਬਿਕਰਮ ਮਜੀਠੀਆ, ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਗੁਲਜ਼ਾਰ ਸਿੰਘ ਰਣੀਕੇ ਤੇ ਵੀਰ ਸਿੰਘ ਲੋਪੋਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਡੂੰਘੀ ਸਾਜ਼ਿਸ਼ ਤਹਿਤ ਪੰਜਾਬ ਨੂੰ ਮੁੜ ਅੱਗ ਦੀ ਭੱਠੀ 'ਚ ਝੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ 'ਚ ਅੱਜ ਵੀ ਕੋਈ ਤਬਦੀਲੀ ਨਹੀਂ ਆਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਥ ਨੂੰ ਕਮਜ਼ੋਰ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਲੰਮੇ ਹੱਥੀਂ ਲੈਦਾ ਰਹੇਗਾ।
ਮਜੀਠੀਆ ਨੇ ਕਿਹਾ ਕਿ ਅੱਜ ਤਕ ਕਿੰਨੇ ਹੀ ਧਰਨੇ ਦਿੱਤੇ ਗਏ, ਕਦੇ ਅਧਿਆਪਕ, ਕਦੇ ਆਂਗਣਵਾੜੀ ਵਰਕਰ ਅਤੇ ਕਦੇ ਕਿਸਾਨ ਅੱਜ ਤਕ ਸਰਕਾਰ ਨੇ ਕਿਸੇ ਨੂੰ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਪਰ ਕਾਂਗਰਸ ਬਰਗਾੜੀ ਮੋਰਚੇ 'ਤੇ ਅਖੌਤੀ ਜਥੇਦਾਰਾਂ ਨੂੰ ਇਨਫਰਾਸਟਰਕਚਰ ਮੁਹੱਈਆ ਕਰਵਾ ਰਹੀ ਹੈ। ਮਜੀਠੀਆ ਨੇ ਕਿਹਾ ਕਿ 2020 ਰਿਫਰੈਂਡ ਦੀ ਹਿਮਾਇਤ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂੰ ਨੂੰ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਨਾਕਾਰ ਦਿੱਤਾ ਹੈ। ਵਿਦੇਸ਼ਾਂ ਵਿਚ ਬੈਠੇ ਸਿੱਖ ਵੀ ਪੰਜਾਬ ਵਿਚ ਅਮਨ ਸ਼ਾਂਤੀ ਚਾਹੁੰਦੇ ਹਨ। ਮਜੀਠੀਆ ਨੇ ਕਿਹਾ ਕਿ ਪੰਨੂੰ ਦਾ ਸਿਰਫ ਇਕੋ ਇਕ ਮਕਸਦ ਹੈ ਪੰਜਾਬ ਵਿਚ ਆਈ. ਐੱਸ. ਆਈ. ਨੂੰ ਸਰਗਰਮ ਕਰਨਾ।


Related News