ਕਮੇਟੀ ਦੇ ਪੈਸਿਆਂ ਕਾਰਣ ਹੋਇਆ ਵੱਡਾ ਵਿਵਾਦ, ਚਲੀ ਗਈ ਵਿਅਕਤੀ ਦੀ ਜਾਨ
Tuesday, Aug 25, 2026 - 06:18 PM (IST)
ਫਿਰੋਜ਼ਪੁਰ (ਸੰਨੀ ਚੋਪੜਾ, ਸੋਨੂੰ) : ਫਿਰੋਜ਼ਪੁਰ ਦੇ ਗੋਲ ਬਾਗ ਇਲਾਕੇ ਵਿਚ ਕਮੇਟੀ ਦੇ ਪੈਸੇ ਮੰਗਣ ਨੂੰ ਲੈ ਕੇ ਹੋਇਆ ਵਿਵਾਦ ਉਸ ਸਮੇਂ ਖੂਨੀ ਰੂਪ ਧਾਰ ਗਿਆ ਜਦੋਂ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਦੌਰਾਨ ਜ਼ਬਰਦਸਤ ਝੜਪ ਹੋ ਗਈ। ਇਸ ਘਟਨਾ ਵਿਚ ਇਕ ਵਿਅਕਤੀ ਦੇ ਸਿਰ ’ਤੇ ਗੰਭੀਰ ਸੱਟ ਲੱਗੀ, ਜਿਸ ਦੀ ਏਮਜ਼ 'ਚ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਮੇਟੀ ਦੇ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਹੋਈ ਸੀ, ਜੋ ਬਾਅਦ ਵਿਚ ਝਗੜੇ ਵਿਚ ਬਦਲ ਗਈ। ਇਸ ਦੌਰਾਨ ਹੋਈ ਕੁੱਟਮਾਰ ਵਿਚ ਇਕ ਵਿਅਕਤੀ ਦੇ ਸਿਰ ’ਤੇ ਗੰਭੀਰ ਸੱਟ ਲੱਗੀ। ਜ਼ਖ਼ਮੀ ਨੂੰ ਇਲਾਜ ਲਈ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਅੱਜ ਸਵੇਰੇ ਇਲਾਜ ਦੌਰਾਨ ਜ਼ਖ਼ਮੀ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਪੁਲਸ ਨੇ ਪਹਿਲਾਂ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਸੀ। ਜ਼ਖ਼ਮੀ ਦੀ ਮੌਤ ਤੋਂ ਬਾਅਦ ਪੁਲਸ ਵੱਲੋਂ ਮਾਮਲੇ ਨੂੰ ਧਾਰਾ 302 ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
