ਪੰਜਾਬ ਐੱਸ. ਸੀ. ਕਮਿਸ਼ਨ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਜਾਤ-ਆਧਾਰਤ ਨਾਂ ਹਟਾਉਣ ਲਈ ਮੁੱਖ ਸਕੱਤਰ ਨੂੰ ਪੱਤਰ

Monday, Sep 13, 2021 - 11:51 PM (IST)

ਪੰਜਾਬ ਐੱਸ. ਸੀ. ਕਮਿਸ਼ਨ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਜਾਤ-ਆਧਾਰਤ ਨਾਂ ਹਟਾਉਣ ਲਈ ਮੁੱਖ ਸਕੱਤਰ ਨੂੰ ਪੱਤਰ

ਚੰਡੀਗੜ੍ਹ (ਬਿਊਰੋ) : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ ਹੈ। ਜਿਸ ’ਚ ਕਿਹਾ ਗਿਆ ਹੈ ਕਿ ਪਿੰਡਾਂ, ਸ਼ਹਿਰਾਂ ਅਤੇ ਹੋਰਨਾਂ ਥਾਵਾਂ ਦੇ ਜਾਤ-ਆਧਾਰਤ ਰੱਖੇ ਗਏ ਨਾਵਾਂ ਨੂੰ ਹਟਾਉਣ ਅਤੇ ਦਫ਼ਤਰੀ ਕੰਮ-ਕਾਜ ਵਿੱਚ ਹਰੀਜਨ ਅਤੇ ਗਿਰੀਜਨ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕਰਨ ਸਬੰਧੀ ਸਰਕਾਰ ਦੀਆਂ ਸਾਲ 2017 ’ਚ ਜਾਰੀ ਹਦਾਇਤਾਂ ਦੀ ਸੂਬੇ ’ਚ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਆਈ. ਏ. ਐੱਸ. (ਸੇਵਾ-ਮੁਕਤ) ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਵੱਲੋਂ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸੂਬੇ ਦੇ ਬਹੁਤੇ ਪਿੰਡਾਂ, ਸ਼ਹਿਰਾਂ, ਸਕੂਲਾਂ, ਮੁਹੱਲਿਆਂ, ਬਸਤੀਆਂ, ਗਲੀਆਂ, ਧਰਮਸ਼ਾਲਾਵਾਂ ਅਤੇ ਸੁਸਾਇਟੀਆਂ ਦੇ ਨਾਂ ਜਾਤੀਸੂਚਕ ਰੱਖੇ ਹੋਏ ਹਨ ਜਦਕਿ ਭਾਰਤ ਸਰਕਾਰ ਦੀਆਂ 16 ਅਗਸਤ, 1990 ਦੀਆਂ ਹਦਾਇਤਾਂ ਦੇ ਸਨਮੁਖ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ (ਰਿਜ਼ਰਵੇਸ਼ਨ ਸੈੱਲ) ਵੱਲੋਂ 28 ਜੁਲਾਈ, 2017 ਨੂੰ ਸੂਬੇ ਦੇ ਸਮੂਹ ਮੁਖੀਆਂ ਨੂੰ ਜਾਰੀ ਪੱਤਰ ਰਾਹੀਂ ਲਿਖਿਆ ਗਿਆ ਸੀ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਿਆਂ ਦੇ ਸਰਟੀਫ਼ਿਕੇਟਾਂ, ਦਫ਼ਤਰੀ ਕੰਮ-ਕਾਜ ਵਿੱਚ ਹਰੀਜਨ ਅਤੇ ਗਿਰੀਜਨ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ।

ਇਹ ਵੀ ਪੜ੍ਹੋ : ਧਾਰੀਵਾਲ ’ਚ 31 ਅਕਤੂਬਰ ਤੱਕ ਹੋਵੇਗਾ ਤਿਆਰ ਨਵਾਂ ਆਕਸੀਜਨ ਪਲਾਂਟ, ਪ੍ਰਤਾਪ ਬਾਜਵਾ ਨੇ ਰੱਖਿਆ ਨੀਂਹ ਪੱਥਰ

ਚੇਅਰਪਰਸਨ ਨੇ ਮੁੱਖ ਸਕੱਤਰ ਨੂੰ ਇਸ ਮਾਮਲੇ ‘ਚ ਨਿੱਜੀ ਦਖਲ ਦੇਣ ਲਈ ਲਿਖਦਿਆਂ ਜਿਥੇ ਦਫ਼ਤਰੀ ਕੰਮ-ਕਾਜ ਵਿੱਚ ਹਰੀਜਨ ਅਤੇ ਗਿਰੀਜਨ ਸ਼ਬਦਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਉਥੇ ਹੀ ਜਾਤ-ਆਧਾਰਤ ਨਾਵਾਂ ਵਾਲੇ ਪਿੰਡਾਂ/ਸ਼ਹਿਰਾਂ, ਵਿਦਿਅਕ ਸੰਸਥਾਵਾਂ, ਮੁੱਹਲਿਆਂ, ਬਸਤੀਆਂ, ਗਲੀਆਂ, ਧਰਮਸ਼ਾਲਾਵਾਂ ਅਤੇ ਸੁਸਾਇਟੀਆਂ ਦੇ ਨਾਮ ਬਦਲਾਉਣਾ ਯਕੀਨੀ ਬਣਾਉਣ ਵਾਸਤੇ ਸਬੰਧਤ ਵਿਭਾਗਾਂ ਜਿਵੇਂ ਮਾਲ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰ ਵਿਭਾਗ, ਸਕੂਲ ਸਿੱਖਿਆ ਵਿਭਾਗ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਭਾਗ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਵੀ ਲਿਖਿਆ ਹੈ। 

ਇਹ ਵੀ ਪੜ੍ਹੋ : ਚੀਮਾ ਨੇ ਕਿਸਾਨਾਂ ਦੇ ਮੁੱਦਿਆਂ ’ਤੇ ਨਵਜੋਤ ਸਿੱਧੂ ’ਤੇ ਲਿਖੇ ਗਏ ਪੱਤਰ ਨੂੰ ਨਿਊਜ਼ ਸਟੰਟ ਕਰਾਰ ਦਿੱਤਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News