ਪੰਜਾਬ-ਦਿੱਲੀ ’ਚ ਛਾਏ ਰਹਿਣਗੇ ਬੱਦਲ, ਜਾਣੋ ਕਦੋਂ ਤੇ ਕਿਥੇ ਪਵੇਗਾ ਮੀਂਹ, ਲੂ ਦਾ ਅਲਰਟ ਵੀ ਜਾਰੀ

Tuesday, Apr 23, 2024 - 05:53 AM (IST)

ਪੰਜਾਬ-ਦਿੱਲੀ ’ਚ ਛਾਏ ਰਹਿਣਗੇ ਬੱਦਲ, ਜਾਣੋ ਕਦੋਂ ਤੇ ਕਿਥੇ ਪਵੇਗਾ ਮੀਂਹ, ਲੂ ਦਾ ਅਲਰਟ ਵੀ ਜਾਰੀ

ਪੰਜਾਬ ਡੈਸਕ– ਦੇਸ਼ ’ਚ ਮੌਸਮ ਦੇ ਵੱਖ-ਵੱਖ ਮਿਜਾਜ਼ ਦੇਖਣ ਨੂੰ ਮਿਲ ਰਹੇ ਹਨ। ਇਕ ਪਾਸੇ ਜਿਥੇ ਮੀਂਹ ਤੇ ਬਰਫ਼ਬਾਰੀ ਕਾਰਨ ਕੁਝ ਸੂਬਿਆਂ ’ਚ ਠੰਡਕ ਹੈ, ਉਥੇ ਹੀ ਦੂਜੇ ਪਾਸੇ ਦੇਸ਼ ਦੇ ਕੁਝ ਹਿੱਸਿਆਂ ’ਚ ਗਰਮੀ ਦੀ ਲਹਿਰ ਹੈ। ਮੌਸਮ ਵਿਭਾਗ ਅਨੁਸਾਰ 23 ਅਪ੍ਰੈਲ ਨੂੰ ਪੰਜਾਬ, ਹਰਿਆਣਾ ਤੇ ਦਿੱਲੀ ’ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉੜੀਸਾ, ਬਿਹਾਰ ਤੇ ਝਾਰਖੰਡ ’ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਦੇਸ਼ ਦੀਆਂ ਮੌਸਮੀ ਗਤੀਵਿਧੀਆਂ
ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਦੇ ਅਨੁਸਾਰ ਇਕ ਪੱਛਮੀ ਗੜਬੜੀ ਜੰਮੂ-ਕਸ਼ਮੀਰ ਤੇ ਨਾਲ ਲੱਗਦੇ ਉੱਤਰੀ ਪਾਕਿਸਤਾਨ ’ਚ ਸਮੁੰਦਰੀ ਤਲ ਤੋਂ 3.1 ਤੇ 5.8 ਕਿਲੋਮੀਟਰ ਦੇ ਵਿਚਕਾਰ ਸਥਿਤ ਹੈ। ਚੱਕਰਵਾਤੀ ਹਵਾਵਾਂ ਦਾ ਖ਼ੇਤਰ ਉੱਤਰ-ਪੂਰਬੀ ਅਸਾਮ ਤੇ ਇਸ ਨਾਲ ਜੁੜੇ ਖੇਤਰਾਂ ’ਤੇ ਹੈ। ਪੂਰਬੀ ਬਿਹਾਰ ਤੋਂ ਉੱਤਰ-ਪੂਰਬੀ ਅਸਾਮ ਦੇ ਉੱਪਰ ਚੱਕਰਵਾਤੀ ਸਰਕੂਲੇਸ਼ਨ ਤੱਕ ਇਕ ਟ੍ਰਫ ਫੈਲਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਦਾ ਮਾਮਲਾ: ਬੇਕਰੀ ਦੇ 4 ਸੈਂਪਲਾਂ ਦੀ ਰਿਪੋਰਟ ਆਈ ਸਾਹਮਣੇ

ਇਸ ਤੋਂ ਇਲਾਵਾ ਵਿਦਰਭ ਤੋਂ ਮਰਾਠਵਾੜਾ ਤੇ ਮੱਧ ਮਹਾਰਾਸ਼ਟਰ ਤੋਂ ਹੁੰਦਿਆਂ ਕਰਨਾਟਕ-ਗੋਆ ਤੱਟ ਤੋਂ ਪੂਰਬੀ ਮੱਧ ਅਰਬ ਸਾਗਰ ਤੱਕ ਇਕ ਟ੍ਰਫ ਫੈਲਿਆ ਹੋਇਆ ਹੈ, ਜੋ ਸਮੁੰਦਰ ਤਲ ਤੋਂ 1.5 ਕਿਲੋਮੀਟਰ ਤੱਕ ਫੈਲਿਆ ਹੈ। ਇਕ ਟ੍ਰਫ ਦੱਖਣੀ ਅੰਦਰੂਨੀ ਕਰਨਾਟਕ ਤੋਂ ਦੱਖਣੀ ਤਾਮਿਲਨਾਡੂ ਤੱਕ ਫੈਲਿਆ ਹੋਇਆ ਹੈ। ਇਕ ਤਾਜ਼ਾ ਪੱਛਮੀ ਗੜਬੜੀ 22 ਅਪ੍ਰੈਲ ਤੋਂ ਉੱਤਰ ਪੱਛਮੀ ਭਾਰਤ ’ਚ ਪਹੁੰਚੇਗੀ।

ਦਿੱਲੀ ਦਾ ਮਾਹੌਲ
ਦਿੱਲੀ ਦੇ ਮੌਸਮ ਨੇ ਇਕ ਵਾਰ ਫਿਰ ਕਰਵਟ ਲੈ ਲਈ ਹੈ। ਸੋਮਵਾਰ ਸਵੇਰੇ ਇਥੇ ਕਈ ਇਲਾਕਿਆਂ ’ਚ ਬਾਰਿਸ਼ ਹੋਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 23 ਅਪ੍ਰੈਲ ਨੂੰ ਦਿੱਲੀ ’ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈ. ਐੱਮ. ਡੀ. ਮੁਤਾਬਕ ਇਸ ਪੂਰੇ ਹਫ਼ਤੇ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 38 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਘੱਟੋ-ਘੱਟ ਤਾਪਮਾਨ 23 ਤੋਂ 25 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਦੇਸ਼ ਦੇ ਮੌਸਮ ਦੀ ਸਥਿਤੀ
ਅਗਲੇ 24 ਘੰਟਿਆਂ ਦੌਰਾਨ, 23 ਤੋਂ 26 ਅਪ੍ਰੈਲ ਦਰਮਿਆਨ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ 23 ਤੋਂ 24 ਅਪ੍ਰੈਲ ਦਰਮਿਆਨ ਉੱਤਰੀ ਪੰਜਾਬ ਤੇ ਉੱਤਰੀ ਹਰਿਆਣਾ ’ਚ ਗਰਜ, ਬਿਜਲੀ ਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਮੀਂਹ ਪੈ ਸਕਦਾ ਹੈ।

ਇਸ ਤੋਂ ਇਲਾਵਾ 23 ਤੋਂ 25 ਅਪ੍ਰੈਲ ਦਰਮਿਆਨ ਉੱਤਰ-ਪੂਰਬੀ ਭਾਰਤ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉਪ-ਹਿਮਾਲੀਅਨ ਪੱਛਮੀ ਬੰਗਾਲ ਤੇ ਸਿੱਕਮ ’ਚ 23 ਤੇ 26 ਅਪ੍ਰੈਲ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੱਧ ਮਹਾਰਾਸ਼ਟਰ ਤੇ ਮਰਾਠਵਾੜਾ ’ਚ 23 ਤੋਂ 26 ਅਪ੍ਰੈਲ ਤੱਕ ਤੇ ਕੋਂਕਣ ਤੇ ਗੋਆ ’ਚ 22 ਅਪ੍ਰੈਲ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ 23 ਤੋਂ 25 ਅਪ੍ਰੈਲ ਦੇ ਵਿਚਕਾਰ ਕੇਰਲ, ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਅੰਦਰੂਨੀ ਕਰਨਾਟਕ ’ਚ ਥੋੜ੍ਹਾ-ਬਹੁਤ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਅਗਲੇ 24 ਘੰਟਿਆਂ ਦੌਰਾਨ ਗੰਗਾ ਪੱਛਮੀ ਬੰਗਾਲ ’ਚ ਭਾਰੀ ਗਰਮੀ ਦੇ ਹਾਲਾਤ ਪੈਦਾ ਹੋ ਸਕਦੇ ਹਨ। ਉਥੇ ਉੜੀਸਾ, ਛੱਤੀਸਗੜ੍ਹ ਤੇ ਬਿਹਾਰ ਦੇ ਕੁਝ ਹਿੱਸਿਆਂ ’ਚ ਗਰਮੀ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News