ਮਾਮਲਾ ਵਿਦਿਆਰਥੀ ਧੜਿਆਂ ''ਚ ਹੋਈ ਫਾਇਰਿੰਗ ਦਾ: 2 ਸਟੂਡੈਂਟਸ ਨੂੰ ਭੇਜਿਆ ਨਿਆਂਇਕ ਹਿਰਾਸਤ ''ਚ

Saturday, Aug 12, 2017 - 07:08 PM (IST)

ਮਾਮਲਾ ਵਿਦਿਆਰਥੀ ਧੜਿਆਂ ''ਚ ਹੋਈ ਫਾਇਰਿੰਗ ਦਾ: 2 ਸਟੂਡੈਂਟਸ ਨੂੰ ਭੇਜਿਆ ਨਿਆਂਇਕ ਹਿਰਾਸਤ ''ਚ

ਜਲੰਧਰ(ਪ੍ਰੀਤ)— ਪੀ. ਪੀ. ਆਰ. ਮਾਲ ਵਿਚ ਵਿਦਿਆਰਥੀ ਧੜਿਆਂ ਦਰਮਿਆਨ ਹੋਈ ਫਾਇਰਿੰਗ ਦੇ ਮਾਮਲੇ ਵਿਚ 3 ਦਿਨ ਪਹਿਲਾਂ ਹਿਰਾਸਤ ਵਿਚ ਲਏ ਗਏ ਮਨਵੀਰ ਸਿੰਘ ਚਾਹਲ ਉਰਫ ਹਨੀ ਸਣੇ 3 ਵਿਦਿਆਰਥੀਆਂ ਦੀ ਪੁਲਸ ਨੇ ਗ੍ਰਿਫਤਾਰੀ ਦਿਖਾ ਦਿੱਤੀ। ਪੁਲਸ ਨੇ ਤਿੰਨਾਂ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋ ਵਿਦਿਆਰਥੀਆਂ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ, ਜਦੋਂਕਿ ਹਨੀ ਚਾਹਲ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਤੁਹਾਨੂੰ ਦੱਸ ਦਈਏ ਪੀ. ਪੀ. ਆਰ. ਮਾਲ ਵਿਚ ਵਿਦਿਆਰਥੀ ਧੜਿਆਂ ਦਰਮਿਆਨ ਵਿਵਾਦ ਹੋਇਆ ਸੀ। ਇਸ ਦੌਰਾਨ ਇਕ ਧੜੇ ਵੱਲੋਂ ਆਏ ਸੰਨੀ ਧਾਲੀਵਾਲ ਨੇ ਫਾਇਰਿੰਗ ਕਰ ਦਿੱਤੀ ਸੀ। ਇਕ ਫਾਇਰ ਪੱਤਰਕਾਰ ਸੰਦੀਪ ਸਾਹੀ ਦੀ ਗੱਡੀ ਦਾ ਸ਼ੀਸ਼ਾ ਚੀਰਦਿਆਂ ਨਿਕਲ ਗਿਆ ਅਤੇ ਮਾਲ ਵਿਚ ਹਫੜਾ-ਦਫੜੀ ਮਚ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਤੋਂ ਬਾਅਦ ਕੇਸ ਦਰਜ ਕਰ ਕੇ ਕੁਝ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਇਸ ਦੌਰਾਨ ਉਸ ਨੇ ਹਮਲਾਵਰਾਂ ਦੇ ਖਿਲਾਫ ਸੰਦੀਪ ਸਾਹੀ ਦੇ ਬਿਆਨ 'ਤੇ ਵੀ ਵੱਖਰਾ ਕੇਸ ਦਰਜ ਕੀਤਾ। ਤਿੰਨ ਦਿਨ ਦੀ ਜਾਂਚ ਤੋਂ ਬਾਅਦ ਪੁਲਸ ਫਾਇਰਿੰਗ ਕਰਨ ਵਾਲੇ ਸੰਨੀ ਧਾਲੀਵਾਲ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਪਰ ਪਹਿਲੇ ਦਿਨ ਹਿਰਾਸਤ ਵਿਚ ਲਏ ਗਏ ਮਨਵੀਰ ਸਿੰਘ ਉਰਫ ਹਨੀ ਚਾਹਲ ਦੀ ਸ਼ੁੱਕਰਵਾਰ ਨੂੰ ਗ੍ਰਿਫਤਾਰੀ ਦਿਖਾ ਦਿੱਤੀ। ਪੁਲਸ ਨੇ ਇਸ ਮਾਮਲੇ ਵਿਚ ਹਰਮਨਦੀਪ ਸਿੰਘ ਅਤੇ ਗੋਬਿੰਦ ਨੂੰ ਵੀ ਗ੍ਰਿਫਤਾਰ ਕੀਤਾ। ਤਿੰਨੇ ਅਰਬਨ ਅਸਟੇਟ ਦੇ ਰਹਿਣ ਵਾਲੇ ਦੱਸੇ ਗਏ ਹਨ। 
ਪੁਲਸ ਮੁਤਾਬਕ ਗੋਬਿੰਦ ਦੇ ਪਿਤਾ ਦਾ ਅਰਬਨ ਅਸਟੇਟ ਵਿਚ ਰੈਸਟੋਰੈਂਟ ਹੈ। ਤਿੰਨਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਹਨੀ ਚਾਹਲ ਕੋਲੋਂ ਪੁੱਛਗਿੱਛ ਲਈ ਇਕ ਦਿਨ ਦਾ ਰਿਮਾਂਡ ਅਦਾਲਤ ਨੇ ਦਿੱਤਾ, ਜਦੋਂਕਿ ਹਰਮਨਦੀਪ ਨਾਬਾਲਗ ਹੋਣ ਕਾਰਨ ਹੁਸ਼ਿਆਰਪੁਰ ਭੇਜਿਆ ਅਤੇ ਗੋਬਿੰਦ ਨੂੰ ਕਪੂਰਥਲਾ ਜੇਲ ਭੇਜ ਦਿੱਤਾ ਗਿਆ। ਪੁਲਸ ਮੁਤਾਬਕ ਜਾਂਚ ਵਿਚ ਖੁਲਾਸਾ ਹੋਇਆ ਕਿ ਹਨੀ ਧਾਲੀਵਾਲ ਨੇ ਜਦੋਂ ਫਾਇਰਿੰਗ ਕੀਤੀ ਤਾਂ ਵਾਰਦਾਤ ਤੋਂ ਬਾਅਦ ਉਹ ਹਰਮਨਦੀਪ ਦੀ ਗੱਡੀ ਵਿਚ ਬੈਠ ਕੇ ਭੱਜਿਆ। ਉਸ ਦੇ ਨਾਲ ਗੋਬਿੰਦ ਵੀ ਸੀ। ਪੁਲਸ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।


Related News