ਕੈਬਨਿਟ ਮੰਤਰੀ ਚੰਨੀ ਦਾ ਸੱਦਾ, ''ਖੁਦ ਨੂੰ ਹੁਨਰਮੰਦ ਬਣਾਉਣ ਪੰਜਾਬ ਦੇ ਨੌਜਵਾਨ''

Tuesday, Jul 16, 2019 - 08:51 AM (IST)

ਕੈਬਨਿਟ ਮੰਤਰੀ ਚੰਨੀ ਦਾ ਸੱਦਾ, ''ਖੁਦ ਨੂੰ ਹੁਨਰਮੰਦ ਬਣਾਉਣ ਪੰਜਾਬ ਦੇ ਨੌਜਵਾਨ''

ਲੁਧਿਆਣਾ : ਪੰਜਾਬ ਦੇ ਤਕਨੀਕੀ ਸਿੱਖਿਆ, ਸਨਅਤੀ ਸਿਖ਼ਲਾਈ ਅਤੇ ਰੋਜ਼ਗਾਰ ਉਤਪਤੀ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਲਾਹਾ ਲੈ ਕੇ ਆਪਣੇ ਆਪ ਨੂੰ ਹੁਨਰਮੰਦ ਬਣਾਉਣ ਕਿਉਂਕਿ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਦੀ ਦੇਸ਼ ਅਤੇ ਵਿਦੇਸ਼ਾਂ 'ਚ ਭਾਰੀ ਮੰਗ ਹੈ। ਚੰਨੀ ਸਥਾਨਕ ਗੁਰੂ ਨਾਨਕ ਭਵਨ ਵਿਖੇ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਆਈ. ਆਈ. ਏ. ਈ. ਐਜੂਕੇਸ਼ਨ ਸੁਸਾਇਟੀ ਵੱਲੋਂ ਮਨਾਏ ਗਏ 'ਵਰਲਡ ਯੂਥ ਸਕਿੱਲ ਦਿਵਸ' ਮੌਕੇ ਰੱਖੇ ਰਾਜ ਪੱਧਰੀ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਸਨ।

ਨੌਜਵਾਨਾਂ ਦੀ ਭਰਵੀਂ ਹਾਜ਼ਰੀ ਤੋਂ ਖੁਸ਼ ਹੋਏ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਨਾਲੋਂ ਨਖ਼ੇੜ ਕੇ ਹੁਨਰਮੰਦ ਕਰਨ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਸਕਿੱਲ ਡਿਵੈੱਲਪਮੈਂਟ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਕਿੱਤਾਮੁੱਖੀ ਸਿਖ਼ਲਾਈ ਦਿੱਤੀ ਜਾ ਰਹੀ ਹੈ, ਜੋ ਨੌਜਵਾਨ ਸਹੀ ਸਿਖ਼ਲਾਈ ਪ੍ਰਾਪਤ ਕਰਦੇ ਹਨ ਜਾਂ ਹੋਰ ਸਿੱਖਿਆ ਗ੍ਰਹਿਣ ਕਰਦੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਯੋਗਤਾ ਮੁਤਾਬਿਕ ਨੌਕਰੀਆਂ ਦੇ ਮੌਕੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ 8.21 ਲੱਖ (ਸਰਕਾਰੀ, ਨਿੱਜੀ ਅਤੇ ਸਵੈ-ਰੋਜ਼ਗਾਰ) ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਿਸ਼ਚਾ ਕਰਨ ਕਿ ਉਹ ਹੁਨਰਮੰਦ ਹੋ ਕੇ ਯੋਗਤਾ ਮੁਤਾਬਿਕ ਨੌਕਰੀ ਕਰਨਗੇ।
 


author

Babita

Content Editor

Related News