ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ''ਚ ਲੱਗੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਪੁਸ਼ਾਕੇ, ਦੇਖੋ ਅਲੌਕਿਕ ਤਸਵੀਰਾਂ

Friday, Aug 09, 2024 - 06:39 PM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ''ਚ ਲੱਗੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਪੁਸ਼ਾਕੇ, ਦੇਖੋ ਅਲੌਕਿਕ ਤਸਵੀਰਾਂ

ਅੰਮ੍ਰਿਤਸਰ (ਵੈੱਬ ਡੈਸਕ, ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲੱਗੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਦਲੇ ਗਏ ਹਨ। ਹੁਣ ਨਿਸ਼ਾਨ ਸਾਹਿਬ 'ਤੇ ਕੇਸਰੀ ਰੰਗ ਦੀ ਥਾਂ ਬਸੰਤੀ ਰੰਗ ਦੇ ਪੁਸ਼ਾਕੇ ਚੜ੍ਹਾਏ ਗਏ ਹਨ। ਪੁਸ਼ਾਕੇ ਬਦਲਣ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਫਿਰ ਨਿਸ਼ਾਨ ਸਾਹਿਬ 'ਤੇ ਬਸੰਤੀ ਰੰਗ ਦੇ ਪੁਸ਼ਾਕੇ ਚੜ੍ਹਾਏ ਗਏ। ਜਾਣਕਾਰੀ ਮੁਤਾਬਕ ਜਥੇਦਾਰ ਦੇ ਹੁਕਮਾਂ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਦਲਿਆ ਗਿਆ ਹੈ।

ਦੱਸ ਦੇਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ 13 ਅਸਥਾਨਾਂ 'ਤੇ ਲੱਗੇ ਨਿਸ਼ਾਨ ਸਾਹਿਬ 'ਤੇ ਕੇਸਰੀ ਰੰਗ ਬਦਲ ਕੇ ਬਸੰਤੀ ਰੰਗ ਦੇ ਪੁਸ਼ਾਕੇ ਚੜਾਏ ਗਏ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੈਨੇਜਰ ਨਰਿੰਦਰ ਸਿੰਘ, ਮੈਨੇਜਰ ਰਜਿੰਦਰ ਸਿੰਘ ਰੂਬੀ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਅਤੇ ਹੋਰ ਸੇਵਾਦਾਰਾਂ ਵੱਲੋਂ ਅਰਦਾਸ ਕਰਵਾਉਣ ਉਪਰੰਤ ਨਿਸ਼ਾਨ ਸਾਹਿਬ 'ਤੇ ਬਸੰਤੀ ਰੰਗ ਦੇ ਪੁਸ਼ਾਕੇ ਚੜਾਉਣ ਦੀ ਸੇਵਾ ਕੀਤੀ ਗਈ। ਇਸ ਦੌਰਾਨ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨਾਂ ਵੱਲੋਂ ਮੀਟਿੰਗ ਦੌਰਾਨ ਦਿੱਤੇ ਗਏ ਆਦੇਸ਼ਾਂ ਤਹਿਤ ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੱਗੇ 13 ਨਿਸ਼ਾਨ ਸਾਹਿਬ 'ਤੇ ਕੇਸਰੀ ਰੰਗ ਦੇ ਪੁਸ਼ਾਕਿਆਂ ਦੀ ਸੇਵਾ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਤੇ ਲੱਗੇ ਚੌਦਵੇਂ ਨਿਸ਼ਾਨ ਸਾਹਿਬ 'ਤੇ ਵੀ ਕੇਸਰੀ ਰੰਗ ਬਦਲ ਕੇ ਬਸੰਤੀ ਰੰਗ ਦੀ ਪੋਸ਼ਾਕ ਚੜ੍ਹਾਈ ਗਈ ਹੈ । 

PunjabKesari

ਇਨ੍ਹਾਂ 13 ਥਾਵਾਂ ਤੇ ਚੜ੍ਹਾਏ ਬਸੰਤੀ ਰੰਗ ਦੇ ਪੁਸ਼ਾਕੇ

 ਮਿਲੀ ਜਾਣਕਾਰੀ ਦੇ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਵਿਖੇ 2 ਨਿਸ਼ਾਨ ਸਾਹਿਬ , ਲੰਗਰ ਹਾਲ ਵਿਖੇ 1 ਨਿਸ਼ਾਨ ਸਾਹਿਬ , ਬਾਬਾ ਦੀਪ ਸਿੰਘ ਗੁਰਦਵਾਰਾ ਉਪਰ 1 ਨਿਸ਼ਾਨ ਸਾਹਿਬ ਅਤੇ  ਸ੍ਰੀ ਅਕਾਲ ਤਖ਼ਤ ਸਾਹਿਬ 'ਤੇ 1 ਨਿਸ਼ਾਨ ਸਾਹਿਬ , ਬਾਬਾ ਗੁਰਬਖ਼ਸ਼ ਸਿੰਘ ਜੀ ਸ਼ਹੀਦ ਵਿਖੇ 1 ਨਿਸ਼ਾਨ ਸਾਹਿਬ , ਥੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵਿਖੇ 1 ਨਿਸ਼ਾਨ ਸਾਹਿਬ ਤੋਂ ਇਲਾਵਾ ਲਾਚੀ ਬੇਰ ਵਿਖੇ 1 ਨਿਸ਼ਾਨ ਸਾਹਿਬ , ਬੇਰ ਬਾਬਾ ਬੁੱਢਾ ਸਾਹਿਬ 1 ਨਿਸ਼ਾਨ ਸਾਹਿਬ , ਸੱਚਖੰਡ ਸਾਹਿਬ 'ਤੇ 1 ਨਿਸ਼ਾਨ ਸਾਹਿਬ ਤੋਂ ਇਲਾਵਾ ਮੀਰੀ ਪੀਰੀ ਦੇ 2 ਨਿਸ਼ਾਨ ਸਾਹਿਬ ਅਤੇ ਦੁਖਭੰਜਨੀ ਬੇਰੀ ਵਿਖੇ 1 ਨਿਸ਼ਾਨ ਸਾਹਿਬ ਦੇ ਪੋਸ਼ਾਕਿਆਂ ਦਾ ਰੰਗ ਬਸੰਤੀ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਦਫਤਰ 'ਤੇ ਲੱਗੇ ਨਿਸ਼ਾਨ ਸਾਹਿਬ 'ਤੇ ਵੀ ਕੇਸਰੀ ਰੰਗ ਬਦਲ ਕੇ ਬਸੰਤੀ ਰੰਗ ਦੀ ਪੋਸ਼ਾਕੇ ਚੜ੍ਹਾ ਦਿੱਤੇ ਹਨ।

PunjabKesari

ਪਿਛਲੇ ਲੰਮੇ ਸਮੇਂ ਤੋਂ ਨਿਸ਼ਾਨ ਸਾਹਿਬ ਦੀਆਂ ਪੋਸ਼ਾਕਾਂ ਬਣਾਉਣ ਦੀ ਸੇਵਾ ਕਰਨ ਵਾਲੇ ਸੁਖਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਫੈਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਅੱਜ ਮਰਿਆਦਾ ਦੇ ਅਨੁਸਾਰ ਅਰਦਾਸ ਕਰਨ ਉਪਰੰਤ ਬਸੰਤੀ ਪੁਸ਼ਾਕੇ ਚੜ੍ਹਾਏ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਹੋਇਆ ਸੀ ਕਿ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਤੇ ਲੱਗੇ ਨਿਸ਼ਾਨ ਸਾਹਿਬ ਉੱਪਰ ਸੁਰਮਈ ਅਤੇ ਬਸੰਤੀ ਪੁਸ਼ਾਕੇ ਚੜ੍ਹਾਏ ਜਾਣ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ

ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਰਧਾਰਤ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਤੇ ਸੁਰਮਈ ਹੈ।  ਦਰਅਸਲ ਐੱਸ. ਜੀ. ਪੀ. ਸੀ. ਦੀ ਧਰਮ ਪ੍ਰਚਾਰ ਕਮੇਟੀ ਨੇ ਸਰਕੂਲਰ ਜਾਰੀ ਕਰਦੇ ਹੋਏ ਨਿਸ਼ਾਨ ਸਾਹਿਬ ਦੇ ਪੁਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਹਨ। ਕੇਸਰੀ ਨਿਸ਼ਾਨ ਹਟਾ ਕੇ ਬਸੰਤੀ ਰੰਗ ਦੇ ਪੁਸ਼ਾਕ ਦਾ ਨਿਸ਼ਾਨ ਸਾਹਿਬ ਝੁਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮ ਵਿਚ ਕਿਹਾ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਜਾਂ ਸੁਰਮਈ ਹੀ ਹੋਵੇ, ਕਿਉਂਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਹੈ।

PunjabKesari

ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੁੱਜੀ ਸ਼ਿਕਾਇਤ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ 15 ਜੁਲਾਈ 2024 ਨੂੰ ਹੋਈ ਮੀਟਿੰਗ ‘ਚ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਰਧਾਰਤ ਰੰਗ ਦੀ ਪੁਸ਼ਾਕ ਨਿਸ਼ਾਨ ਸਾਹਿਬ ਉਤੇ ਚੜ੍ਹਾਉਣ ਦੇ ਹੁਕਮ ਜਾਰੀ ਕੀਤੇ ਸਨ। ਜਿਸ ਤੋਂ ਬਾਅਦ ਹੁਣ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਨੇ ਆਪਣੇ ਸਮੂਹ ਪ੍ਰਚਾਰਕ, ਢਾਡੀ ਅਤੇ ਕਵੀਸ਼ਰ ਸਾਹਿਬਾਨਾਂ ਨੂੰ ਸਰਕੂਲਰ ਜਾਰੀ ਕਰਕੇ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਇਸ ਸਬੰਧੀ ਜਾਣੂੰ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਹੈ। 

ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀ ਵਧਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News