ਸਿੱਧੂ ਵਲੋਂ ਨਵੇਂ ਵਿਭਾਗ ਦਾ ਚਾਰਜ ਸੰਭਾਲਣ ਨੂੰ ਲੈ ਕੇ ਸਥਿਤੀ ਫਿਲਹਾਲ ਸਪੱਸ਼ਟ ਨਹੀਂ

06/12/2019 9:35:56 AM

ਚੰਡੀਗੜ੍ਹ(ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਲੋਕਲ ਬਾਡੀਜ਼, ਟੂਰਿਜ਼ਮ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗਾਂ ਦੀ ਥਾਂ ਦਿੱਤੇ ਗਏ ਬਿਜਲੀ ਮਹਿਕਮੇ ਦਾ ਚਾਰਜ ਲੈਣ ਬਾਰੇ ਹਾਲੇ ਵੀ ਅਨਿਸ਼ਚਿਤਤਾ ਦੀ ਸਥਿਤੀ ਬਰਕਰਾਰ ਹੈ। ਭਾਵੇਂ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਹਾਈਕਮਾਂਡ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨਾਲ ਨਾਰਾਜ਼ਗੀ ਛੱਡ ਕੇ ਨਵੇਂ ਮਹਿਕਮੇ ਦਾ ਚਾਰਜ ਸੰਭਾਲਣ ਦੀ ਸਲਾਹ ਦਿੱਤੀ ਗਈ ਸੀ। ਮੁੱਖ ਮੰਤਰੀ ਤੇ ਸਿੱਧੂ ਵਿਚਕਾਰ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਮੀਟਿੰਗ 'ਚ ਪਾਰਟੀ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੂੰ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਮਾਮਲਾ ਹੱਲ ਹੋਣ ਦੀ ਦਿਸ਼ਾ ਵੱਲ ਜਾਣ ਕਰ ਕੇ ਸਿੱਧੂ ਵਲੋਂ ਬਿਜਲੀ ਵਿਭਾਗ ਦਾ ਚਾਰਜ ਸੰਭਾਲੇ ਜਾਣ ਲਈ ਰਸਤਾ ਸਾਫ ਹੋ ਚੁੱਕਿਆ ਹੈ ਪਰ ਰਾਹੁਲ ਨਾਲ ਮੀਟਿੰਗ ਤੋਂ ਬਾਅਦ ਵੀ ਸਿੱਧੂ ਵਲੋਂ ਨਵੇਂ ਵਿਭਾਗ ਦਾ ਚਾਰਜ ਸੰਭਾਲਣ ਨੂੰ ਲੈ ਕੇ ਸਥਿਤੀ ਫਿਲਹਾਲ ਸਪੱਸ਼ਟ ਨਹੀਂ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋਂ ਜਿਨ੍ਹਾਂ ਹੋਰ ਮੰਤਰੀਆਂ ਦੇ ਵਿਭਾਗ ਤਬਦੀਲ ਕੀਤੇ ਗਏ ਹਨ, ਉਹ ਆਪਣੇ ਨਵੇਂ ਵਿਭਾਗਾਂ ਦਾ ਚਾਰਜ ਸੰਭਾਲ ਚੁੱਕੇ ਹਨ।

PunjabKesari

ਪੰਜਾਬ ਸਕੱਤਰੇਤ ਵਿਚ ਸਥਿਤ ਨਵਜੋਤ ਸਿੱਧੂ ਦੇ ਦਫ਼ਤਰ ਦੇ ਮੁੱਖ ਦਰਵਾਜ਼ੇ 'ਤੇ ਹਾਲੇ ਵੀ ਸਿੱਧੂ ਦੇ ਪੁਰਾਣੇ ਵਿਭਾਗਾਂ ਵਾਲੀ ਨੇਮ ਪਲੇਟ ਲੱਗੀ ਹੋਈ ਹੈ ਜਦਕਿ ਹੋਰ ਮੰਤਰੀਆਂ ਦੇ ਨਵੇਂ ਵਿਭਾਗਾਂ ਦੀਆਂ ਨੇਮ ਪਲੇਟਾਂ ਲਿਖਵਾਈਆਂ ਜਾ ਰਹੀਆਂ ਹਨ। ਸਿੱਧੂ ਦਿੱਲੀ ਮੀਟਿੰਗ ਤੋਂ ਬਾਅਦ ਹਾਲੇ ਚੰਡੀਗੜ੍ਹ ਵੀ ਨਹੀਂ ਪਰਤੇ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਦਿੱਲੀ ਤੋਂ ਸਿੱਧੇ ਹੀ ਬੀਤੇ ਦਿਨੀਂ ਪਹਾੜੀ ਏਰੀਆ ਵਿਚ ਕੁੱਝ ਦਿਨ ਆਰਾਮ ਕਰਨ ਲਈ ਚਲੇ ਗਏ ਹਨ। ਉਨ੍ਹਾਂ ਦੇ ਇਕ-ਦੋ ਦਿਨ ਬਾਅਦ ਹੀ ਵਾਪਸ ਪਰਤਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਅਹਿਮਦ ਪਟੇਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਪੈਦਾ ਟਕਰਾਅ ਨੂੰ ਖਤਮ ਕਰਨ ਲਈ ਇਸੇ ਹਫ਼ਤੇ ਮੀਟਿੰਗ ਕਰਵਾਉਣਗੇ। ਇਸ ਤੋਂ ਬਾਅਦ ਸਿੱਧੂ ਨਵੇਂ ਵਿਭਾਗ ਦਾ ਚਾਰਜ ਸੰਭਾਲ ਸਕਦੇ ਹਨ।


cherry

Content Editor

Related News