ਹਰਸਿਮਰਤ ਨੂੰ ਝੂਠ ਬੋਲਣ ਦੀ ਆਦਤ : ਕੈਪਟਨ

09/23/2019 10:48:32 AM

ਜਲੰਧਰ/ਚੰਡੀਗੜ੍ਹ (ਧਵਨ, ਅਸ਼ਵਨੀ) : ਅਕਾਲੀ ਨੇਤਾ ਨੂੰ ਝੂਠ ਬੋਲਣ ਦੀ ਆਦੀ ਅਤੇ ਸਿਆਸੀ ਲਾਭ ਲਈ ਧਰਮ ਦਾ ਇਸਤੇਮਾਲ ਕਰਨ ਵਿਚ ਵੀ ਸ਼ਰਮ ਮਹਿਸੂਸ ਨਾ ਕਰਨ ਦੇ ਦੋਸ਼ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ 'ਤੇ ਵਰ੍ਹਦੇ ਹੋਏ ਕਿਹਾ ਕਿ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਲੰਗਰ ਪ੍ਰਸ਼ਾਦ 'ਤੇ ਜੀ. ਐੱਸ. ਟੀ. ਵਰਗੇ ਨਾਜ਼ੁਕ ਮੁੱਦੇ 'ਤੇ ਵੀ ਉਨ੍ਹਾਂ ਲਗਾਤਾਰ ਝੂਠ ਬੋਲਿਆ ਹੈ। ਹਰਸਿਮਰਤ ਵਲੋਂ ਸੂਬਾ ਸਰਕਾਰ 'ਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਜੀ. ਐੱਸ. ਟੀ. ਦਾ ਹਿੱਸਾ ਅੱਧਾ ਨਾ ਕਰਨ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਨੇ ਇਕ ਹੋਰ ਝੂਠ ਬੋਲਿਆ ਹੈ ਜਿਸ ਨਾਲ ਉਸ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਕੈਪਟਨ ਨੇ ਕਿਹਾ ਕਿ ਹਰਸਿਮਰਤ ਦੇ ਬਿਆਨ ਵਿਚ ਥੋੜ੍ਹੀ ਜਿਹੀ ਵੀ ਸੱਚਾਈ ਨਹੀਂ ਹੈ। ਸੱਚੀ ਗੱਲ ਇਹ ਹੈ ਕਿ ਸੂਬਾ ਸਰਕਾਰ ਨੇ ਸਿਰਫ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ ਅਤੇ ਸ੍ਰੀ ਰਾਮਤੀਰਥ ਅੰਮ੍ਰਿਤਰ ਲਈ ਪੰਜਾਬ ਦੇ ਹਿੱਸੇ ਦੇ 100 ਫੀਸਦੀ ਜੀ. ਐੱਸ. ਟੀ. ਰੀਫੰਡ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਨਾਲ ਹੀ ਇਸ ਸਾਲ ਮਈ ਮਹੀਨੇ ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ 4 ਕਰੋੜ ਰੁਪਏ ਵੀ ਅਲਾਟ ਕੀਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੀ. ਐੱਸ. ਟੀ. ਦੇ ਸੂਬਾ ਸਰਕਾਰ ਦੇ ਰੀਫੰਡ ਨੂੰ ਨਾ ਸਿਰਫ ਚਾਲੂ ਸਾਲ ਲਈ ਸਗੋਂ 1 ਅਗਸਤ 2017 ਤੋਂ ਸਾਰੇ ਤਿੰਨਾਂ ਧਾਰਮਿਕ ਸਥਾਨਾਂ ਲਈ ਅਦਾ ਕਰਨ ਪ੍ਰਤੀ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਹਰਸਿਮਰਤ ਜਾਣਬੁਝ ਕੇ ਅਜਿਹੇ ਮਹੱਤਵਪੂਰਨ ਤੱਥਾਂ ਨੂੰ ਜਨਤਾ ਤੋਂ ਲੁਕਾਉਣਾ ਚਾਹੁੰਦੀ ਹੈ ਕਿਉਂਕਿ ਇਹ ਤੱਥ ਅਕਾਲੀ ਦਲ ਦੇ ਸਿਆਸੀ ਤੇ ਚੋਣ ਏਜੰਡੇ ਦਾ ਹਿੱਸਾ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਸ਼ੇ 'ਤੇ ਨਵਾਂ ਬਜਟ ਹੈੱਡ ਬਣਾਉਣ ਤੋਂ ਬਾਅਦ ਪੰਜਾਬ ਦੇ ਅਕਾਊਂਟੈਂਟ ਜਨਰਲ ਨੇ ਨਵਾਂ ਡਰਾਇੰਗ ਐਂਡ ਡਿਸਕਰਸਿੰਗ ਆਫੀਸਰ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਸੀ। ਮਾਲੀਆ ਵਿਭਾਗ ਦੇ ਵਿੱਤ ਕਮਿਸ਼ਨਰ ਨੂੰ ਸੂਬੇ ਦੇ ਆਬਕਾਰੀ ਵਿਭਾਗ, ਵਿੱਤ ਵਿਭਾਗ, ਅਕਾਊਂਟੈਂਟ ਜਨਰਲ, ਐੱਸ. ਜੀ. ਪੀ. ਸੀ. ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਬਿਠਾਉਣ ਦੇ ਨਿਰਦੇਸ਼ ਦਿੱਤੇ ਸਨ ਤਾਂ ਕਿ ਅਟਕੀ ਪਈ ਰਕਮ ਨੂੰ ਕਲੀਅਰ ਕੀਤਾ ਜਾ ਸਕੇ। ਕੈਪਟਨ ਨੇ ਹਰਸਿਮਰਤ ਨੂੰ ਕਿਹਾ ਕਿ ਜੇ ਉਸ ਵਿਚ ਧਰਮ ਪ੍ਰਤੀ ਕੋਈ ਸਨਮਾਨ ਹੈ ਤਾਂ ਉਹ ਆਪਣੇ ਬਿਆਨ ਲਈ ਮੁਆਫੀ ਮੰਗੇ।


Babita

Content Editor

Related News