ਸੂਬੇ ਵਿਚ ਹੁਣ ਤੱਕ 60 ਹਜ਼ਾਰ ਕਰੋੜ ਰੁਪਏ ਦਾ ਹੋ ਚੁੱਕਾ ਨਿਵੇਸ਼ : ਕੈਪਟਨ

02/18/2020 11:56:00 PM

ਜਲੰਧਰ,(ਧਵਨ)–ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਰਮਨੀ ਦੇ ਉਦਯੋਗਿਕ ਗਰੁੱਪ ਨਾਲ 400 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਨੂੰ ਲੈ ਕੇ ਮੀਟਿੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜਰਮਨੀ ਦਾ ਗਰੁੱਪ ਮੋਹਾਲੀ ਵਿਚ ਆਪਣੀ ਮੌਜੂਦਾ ਸਹੂਲਤ ਦਾ ਵਿਸਥਾਰ ਕਰਨ ਲਈ ਇੱਛੁਕ ਹੈ ਅਤੇ ਨਾਲ ਹੀ ਸੂਬੇ ਵਿਚ ਇਕ ਨਵੀਂ ਇਕਾਈ ਲਾਉਣਾ ਚਾਹੁੰਦਾ ਹੈ। ਜਰਮਨੀ ਦੇ ਫਿਊਡਨਬਰਗ ਗਰੁੱਪ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਗਰੁੱਪ ਇਨਵੈਸਟ ਪੰਜਾਬ ਦੀ ਟੀਮ ਦੇ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ ਤਾਂ ਜੋ ਨਵੇਂ ਪ੍ਰਾਜੈਕਟ ਲਈ ਉਚਿਤ ਥਾਂ ਦੀ ਚੋਣ ਕੀਤੀ ਜਾ ਸਕੇ। ਉਨ੍ਹਾਂ ਨੇ ਇਨਵੈਸਟ ਪੰਜਾਬ ਦੇ ਹਾਂ-ਪੱਖੀ ਰਵੱਈਏ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪ੍ਰਸਤਾਵਿਤ ਯੋਜਨਾ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ।

ਉਦਯੋਗਿਕ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਵਿਬ੍ਰਾ ਕਾਸਟਿਕ ਇੰਡੀਆ, ਜੋ ਕਿ ਫਿਊਡਨਬਰਗ ਗਰੁੱਪ ਦੀ ਮੁੱਖ ਸਹਿਯੋਗੀ ਕੰਪਨੀ ਹੈ, ਵਲੋਂ ਆਟੋਮੋਟਿਵ ਇੰਡਸਟਰੀ ਨੂੰ ਐੱਨ. ਬੀ. ਐੱਚ. (ਨਾਇਸ, ਵਾਈਬ੍ਰੇਸ਼ਨ ਅਤੇ ਹਾਰਸ਼ਨੈੱਸ) ਸਾਲਿਊਸ਼ਨਸ ਦੀ ਸਪਲਾਈ ਕਰਦਾ ਹੈ। ਉਸ ਦੀ ਮੌਜੂਦਗੀ 19 ਦੇਸ਼ਾਂ ਵਿਚ ਹੈ ਅਤੇ ਉਸ ਦਾ ਮਾਰਕੀਟ ਸ਼ੇਅਰ 18 ਫੀਸਦੀ ਹੈ। ਕੰਪਨੀ ਵਲੋਂ ਔਡੀ, ਬੀ. ਐੱਮ. ਡਬਲਯੂ., ਮਰਸਡੀਜ਼ ਅਤੇ ਵਾਲਵੋ ਜਿਹੀਆਂ ਕੰਪਨੀਆਂ ਨੂੰ ਸਾਲਿਊਸ਼ਨ ਦੀ ਸਪਲਾਈ ਕੀਤੀ ਜਾਂਦੀ ਹੈ। ਵਿਬ੍ਰਾ ਕਾਸਟਿਕ ਇੰਡੀਆ ਦੇ ਜਗਮਿੰਦਰ ਬਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਗਰੁੱਪ ਨੇ 20 ਸਾਲ ਪਹਿਲਾਂ ਮੋਹਾਲੀ ਵਿਚ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਨੇ 1700 ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵੇਂ ਪ੍ਰਸਤਾਵਿਤ ਪ੍ਰਾਜੈਕਟਾਂ ਤੋਂ ਸੂਬੇ ਵਿਚ ਨਿਵੇਸ਼ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਿਵੇਸ਼ ਹਿਤੈਸ਼ੀ ਹੈ ਅਤੇ ਸੂਬੇ ਵਿਚ ਹੁਣ ਤੱਕ 60,000 ਕਰੋੜ ਦਾ ਪੂੰਜੀ ਨਿਵੇਸ਼ ਹੋ ਚੁੱਕਾ ਹੈ। ਇਸ ਮੌਕੇ 'ਤੇ ਇਨਵੈਸਟ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ, ਈਸ਼ਾ ਕਾਲੀਆ, ਜਤਿੰਦਰ ਜੋਰਵਾਲ ਆਦਿ ਅਧਿਕਾਰੀ ਵੀ ਮੌਜੂਦ ਸਨ।


Related News