ਕੈਂਟ ''ਚ ਕੱਪੜਿਆਂ ਦਾ ਹੋਲਸੇਲਰ ਵੱਡੇ ਪੱਧਰ ''ਤੇ ਕਰ ਰਿਹੈ ਨਕਲੀ ਬਰਾਂਡ ਦੀ ਸੇਲ
Tuesday, Dec 04, 2018 - 09:57 AM (IST)

ਜਲੰਧਰ (ਕਮਲੇਸ਼)— ਕੈਂਟ ਦਾ ਇਕ ਵੱਡਾ ਕੱਪੜਿਆਂ ਦਾ ਹੋਲਸੇਲਰ ਵੱਡੇ ਪੱਧਰ 'ਤੇ ਨਕਲੀ ਬਰਾਂਡ ਦੀ ਸੇਲ ਕਰ ਰਿਹਾ ਹੈ। ਉਕਤ ਹੋਲਸੇਲਰ ਲੰਮੇ ਸਮੇਂ ਤੋਂ ਨਕਲੀ ਬਰਾਂਡ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਅਨੁਸਾਰ ਹੋਲਸੇਲਰ ਦਿੱਲੀ ਤੇ ਬੇਂਗਲੁਰੂ ਤੋਂ ਨਕਲੀ ਬਰਾਂਡ ਦੀ ਵੱਡੀ ਖੇਪ ਖਰੀਦ ਕੇ ਕੈਂਟ ਵਿਚ ਟਰਾਂਸਪੋਰਟ ਦੇ ਜ਼ਰੀਏ ਲਿਆਉਂਦਾ ਹੈ। ਹੋਲਸੇਲਰ ਨੇ ਕੈਂਟ ਬੋਰਡ ਏਰੀਏ ਦੇ ਇਕ ਮੁਹੱਲੇ ਵਿਚ ਆਪਣਾ ਵੱਡਾ ਗੋਦਾਮ ਬਣਾਇਆ ਹੋਇਆ ਹੈ। ਸਰਦੀਆਂ ਨੂੰ ਵੇਖਦਿਆਂ ਹੋਲਸੇਲਰ ਕਰੋੜਾਂ ਦਾ ਮਾਲ ਗੋਦਾਮ ਵਿਚ ਸਟਾਕ ਕਰ ਚੁੱਕਾ ਹੈ। ਹੋਲਸੇਲਰ ਕੋਲੋਂ ਲੋਕਲ ਸ਼ੋਅਰੂਮ ਚਲਾਉਣ ਵਾਲੇ ਖਰੀਦੋ-ਫਰੋਖਤ ਕਰਦੇ ਹਨ। ਹੋਲਸੇਲਰ ਫੇਕ ਬਰਾਂਡ ਦਾ ਧੰਦਾ ਕਰਕੇ ਪਿਛਲੇ ਕਾਫੀ ਸਮੇਂ ਤੋਂ ਮੋਟੀ ਕਮਾਈ ਕਰ ਰਿਹਾ ਹੈ। ਇਲਾਕੇ ਵਿਚ ਇਹ ਵੀ ਚਰਚਾ ਹੈ ਕਿ ਹੋਲਸੇਲਰ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ ਤੇ ਇਸ ਕਾਰਨ ਉਹ ਬਿਨਾਂ ਕਿਸੇ ਡਰ ਤੋਂ ਆਪਣਾ ਕੰਮ ਚਲਾ ਰਿਹਾ ਹੈ।
ਹੋਲਸੇਲਰ 'ਤੇ ਕੈਂਟ ਥਾਣੇ ਵਿਚ ਦਰਜ ਹੋ ਚੁੱਕਾ ਹੈ ਮਾਮਲਾ
ਜਾਣਕਾਰੀ ਮੁਤਾਬਿਕ ਫੇਕ ਬਰਾਂਡ ਦੀ ਵਿੱਕਰੀ ਨੂੰ ਲੈ ਕੇ ਹੋਲਸੇਲਰ 'ਤੇ ਕੈਂਟ ਥਾਣੇ ਵਿਚ ਮਾਮਲਾ ਦਰਜ ਹੋਇਆ ਸੀ। ਹੋਲਸੇਲਰ ਦੇ ਨਕਲੀ ਬਰਾਂਡ ਦੀ ਵਿੱਕਰੀ ਦੀ ਖਬਰ ਕੰਪਨੀ ਦੇ ਅਧਿਕਾਰੀਆਂ ਤੱਕ ਪਹੁੰਚੀ ਸੀ ਜਿਸ ਤੋਂ ਬਾਅਦ ਕੰਪਨੀ ਦੇ ਅਧਿਕਾਰੀਆਂ ਨੇ ਪੁਲਸ ਨਾਲ ਗੋਦਾਮ ਵਿਚ ਰੇਡ ਕੀਤੀ ਸੀ, ਜਿੱਥੇ ਭਾਰੀ ਮਾਤਰਾ ਵਿਚ ਨਕਲੀ ਬਰਾਂਡ ਦਾ ਸਾਮਾਨ ਪਿਆ ਸੀ। ਕੰਪਨੀ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਸੀ।
ਜਲਦੀ ਕਰਾਂਗੇ ਜਾਂਚ : ਜੀ. ਐੱਮ. ਪ੍ਰੋਡਕਸ਼ਨ
ਇਸ ਸਬੰਧ ਵਿਚ ਜਦੋਂ ਇਕ ਬਰਾਂਡ ਦੀ ਜੀ.ਐੱਮ. ਪ੍ਰੋਡਕਸ਼ਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਤੇ
ਉਹ ਜਲਦੀ ਹੀ ਟੀਮ ਨਾਲ ਚੈਕਿੰਗ ਕਰਨਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੇ ਨਿਰਦੇਸ਼ ਹਨ ਕਿ ਕੋਈ ਵੀ ਅਜਿਹੀ ਸੂਚਨਾ ਮਿਲਣ 'ਤੇ ਉਹ ਲੋਕਲ ਪੁਲਸ ਨਾਲ ਸੰਪਰਕ ਕਰ ਕੇ ਨਕਲੀ ਬਰਾਂਡ ਦਾ ਧੰਦਾ ਕਰਨ ਵਾਲਿਆਂ 'ਤੇ ਰੇਡ ਪੁਆ ਸਕਦੇ ਹਨ।