ਕੀ ਬੇਰੋਜ਼ਗਾਰੀ ਭਾਜਪਾ ਦੇ ਗਲੇ ਦੀ ਹੱਡੀ ਬਣ ਸਕਦੀ ਹੈ?

12/06/2021 2:24:56 PM

ਜਲੰਧਰ (ਨੈਸ਼ਨਲ ਡੈਸਕ) : ਅਗਲੇ ਸਾਲ ਦੇਸ਼ ਦੇ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਸਾਰੇ ਸੂਬਿਆਂ ’ਚ ਭਾਜਪਾ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਹੋਰ ਮੁੱਦਿਆਂ ਦੇ ਨਾਲ-ਨਾਲ ਬੇਰੋਜ਼ਗਾਰੀ ਵੀ ਇਨ੍ਹਾਂ ਸੂਬਿਆਂ ’ਚ ਵੱਡੇ ਮੁੱਦੇ ਦੇ ਰੂਪ ’ਚ ਸਾਹਮਣੇ ਆ ਰਹੀ ਹੈ। ਅਜਿਹੇ ’ਚ ਸਵਾਲ ਉੱਠ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਦੌਰਾਨ ਬੇਰੋਜ਼ਗਾਰੀ ਕੀ ਭਾਜਪਾ ਦੇ ਗਲੇ ਦੀ ਹੱਡੀ ਬਣ ਸਕਦੀ ਹੈ? ਅਸਲ ’ਚ ਇਨ੍ਹਾਂ 5 ਸੂਬਿਆਂ ’ਚ ਬੇਰੋਜ਼ਗਾਰੀ ਦਰ ਲਗਾਤਾਰ ਵਧ ਰਹੀ ਹੈ। ਕਿਸਾਨ ਅੰਦੋਲਨ ਤੋਂ ਬਾਅਦ ਅਧਿਆਪਕਾਂ ਦਾ ਅੰਦੋਲਨ ਇਨ੍ਹਾਂ ਸੂਬਿਆਂ ’ਚ ਫੈਲਦਾ ਜਾ ਰਿਹਾ ਹੈ।

ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਚੁੱਕੇ ਸਵਾਲ
ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਹੀ ਬੇਰੋਜ਼ਗਾਰੀ ਨੂੰ ਲੈ ਕੇ ਸਵਾਲ ਚੁੱਕੇ ਹਨ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਅਧਿਆਪਕ ਭਰਤੀ ਨੂੰ ਲੈ ਕੇ ਪ੍ਰਦਰਸ਼ਨ ਹੋਇਆ। ਇਸ ਦੌਰਾਨ ਪੁਲਸ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਵਰੁਣ ਗਾਂਧੀ ਨੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਪੁਲਸ ਦੇ ਲਾਠੀਚਾਰਜ ਦੇ ਵੀਡੀਓ ਨੂੰ ਟਵੀਟ ਕਰਦੇ ਹੋਏ ਸਵਾਲ ਉਠਾਏ, ‘‘ਜੇ ਤੁਹਾਡੇ ਬੱਚੇ ਹੁੰਦੇ ਤਾਂ ਇਨ੍ਹਾਂ ਨਾਲ ਇਹੀ ਵਿਵਹਾਰ ਹੁੰਦਾ?’’ ਵਰੁਣ ਗਾਂਧੀ ਨੇ ਟਵੀਟ ’ਚ ਲਿਖਿਆ, ‘‘ਇਹ ਬੱਚੇ ਵੀ ਮਾਂ ਭਾਰਤੀ ਦੇ ਲਾਲ ਹਨ, ਇਨ੍ਹਾਂ ਦੀ ਗੱਲ ਮੰਨਣਾ ਤਾਂ ਦੂਰ, ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਇਸ ’ਤੇ ਵੀ ਇਨ੍ਹਾਂ ’ਤੇ ਇਹ ਜ਼ਾਲਮਾਨਾ ਲਾਠੀਚਾਰਜ। ਆਪਣੇ ਦਿਲ ’ਤੇ ਹੱਥ ਰੱਖ ਕੇ ਸੋਚੋ ਕਿ ਜੇ ਇਹ ਤੁਹਾਡੇ ਬੱਚੇ ਹੁੰਦੇ ਤਾਂ ਕੀ ਇਨ੍ਹਾਂ ਨਾਲ ਇਹੀ ਵਿਵਹਾਰ ਹੁੰਦਾ? ਤੁਹਾਡੇ ਕੋਲ ਆਸਾਮੀਆਂ ਵੀ ਹਨ ਅਤੇ ਯੋਗ ਉਮੀਦਵਾਰ ਵੀ, ਤਾਂ ਭਰਤੀਆਂ ਕਿਉਂ ਨਹੀਂ?’’

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ

ਹੋਰ ਨੇਤਾਵਾਂ ਨੇ ਵੀ ਟਵੀਟ ਕੀਤਾ ਵੀਡੀਓ
ਆਪਣੇ ਹੀ ਸੰਸਦ ਮੈਂਬਰ ਵੱਲੋਂ ਇਸ ਤਰ੍ਹਾਂ ਦੇ ਸਵਾਲ ਚੁੱਕੇ ਜਾਣਾ ਗੰਭੀਰ ਗੱਲ ਹੈ। ਸ਼ਨੀਵਾਰ ਦੀ ਸ਼ਾਮ ਇਹ ਵਿਦਿਆਰਥੀ ਪ੍ਰਦਰਸ਼ਨ ਕਰਦੇ ਹੋਏ ਕੈਂਡਲ ਮਾਰਚ ਕੱਢ ਰਹੇ ਸਨ, ਉਦੋਂ ਪੁਲਸ ਨੇ ਇਨ੍ਹਾਂ ਨੂੰ ਦੌੜਾ-ਦੌੜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਘਟਨਾ ਨੂੰ ਲੈ ਕੇ ਹੋਰ ਨੇਤਾਵਾਂ ਨੇ ਵੀ ਟਵੀਟ ਕੀਤਾ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪੁੱਛਿਆ, ‘‘ਭਾਜਪਾ ਦੇ ਰਾਜ ’ਚ ਹੋਣ ਵਾਲੇ ਅਧਿਆਪਕਾਂ ’ਤੇ ਲਾਠੀਚਾਰਜ ਕਰਕੇ ‘ਵਿਸ਼ਵ ਗੁਰੂ’ ਬਣਨ ਦਾ ਰਾਹ ਬਣਾਇਆ ਜਾ ਰਿਹਾ ਹੈ।’’ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਮਾਇਆਵਤੀ ਨੇ ਵੀ ਇਸ ’ਤੇ ਟਵੀਟ ਕੀਤਾ। ਉਨ੍ਹਾਂ ਲਿਖਿਆ, ‘‘ਯੂ. ਪੀ. ’ਚ 69 ਹਜ਼ਾਰ ਅਧਿਆਪਕ ਭਰਤੀ ਦੇ ਪੁਰਾਣੇ ਲਟਕੇ ਮਾਮਲਿਆਂ ਨੂੰ ਲੈ ਕੇ ਲਖਨਊ ’ਚ ਸ਼ਨੀਵਾਰ ਰਾਤ ਸ਼ਾਂਤੀਪੂਰਨ ਢੰਗ ਨਾਲ ਕੈਂਡਲ ਮਾਰਚ ਕੱਢਣ ਵਾਲੇ ਸੈਂਕੜੇ ਨੌਜਵਾਨਾਂ ਨੂੰ ਪੁਲਸ ਲਾਠੀਚਾਰਜ ਕਰਕੇ ਜ਼ਖਮੀ ਕਰਨਾ ਅਤਿ ਦੁਖਦਾਇਕ ਤੇ ਨਿੰਦਣਯੋਗ ਹੈ।’’

ਲਗਾਤਾਰ ਵਧ ਰਹੀ ਬੇਰੋਜ਼ਗਾਰੀ ਦਰ!
ਜਾਣਕਾਰਾਂ ਅਨੁਸਾਰ ਬੇਰੋਜ਼ਗਾਰੀ ਦਾ ਮੁੱਦਾ ਜਿਸ ਤਰ੍ਹਾਂ ਨਾਲ ਉੱਠ ਰਿਹਾ ਹੈ, ਇਹ 5 ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਲਈ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ। ਜਾਣਕਾਰਾਂ ਅਨੁਸਾਰ ਕੇਂਦਰ ਸਰਕਾਰ ਨੂੰ ਉਮੀਦ ਸੀ ਕਿ ਤਿਉਹਾਰੀ ਸੀਜ਼ਨ ਤੋਂ ਬਅਦ ਕੋਰੋਨਾ ਦੀ ਮਾਰ ਝੱਲ ਰਹੀ ਆਰਥਿਕ ਵਿਵਸਥਾ ਪੱਟੜੀ ’ਤੇ ਆਉਣ ਦੇ ਨਾਲ-ਨਾਲ ਬੇਰੋਜ਼ਗਾਰੀ ਦੀ ਸਮੱਸਿਆ ਵੀ ਹੱਲ ਹੋਣੀ ਸ਼ੁਰੂ ਹੋ ਜਾਵੇਗੀ ਪਰ ਤਿਉਹਾਰੀ ਸੀਜ਼ਨ ਲੰਘਣ ਦੇ ਨਾਲ ਹੀ ਬੇਰੋਜ਼ਗਾਰੀ ਦਰ ਮੁੜ ਵਧਣ ਲੱਗੀ ਹੈ। ਇਸ ਸਮੇਂ ਪੂਰੇ ਦੇਸ਼ ’ਚ ਬੇਰੋਜ਼ਗਾਰੀ ਦਰ 7.2 ਫੀਸਦੀ ਹੋ ਗਈ ਹੈ। ਉਦਯੋਗਿਕ ਕੰਮਕਾਜ ਵਾਲੇ ਸ਼ਹਿਰੀ ਖੇਤਰਾਂ ’ਚ ਬੇਰੋਜ਼ਗਾਰੀ ਦਰ ਰਿਕਾਰਡ 8.5 ਫੀਸਦੀ ਤੱਕ ਪਹੁੰਚ ਗਈ ਹੈ ਤਾਂ ਦਿਹਾਤੀ ਖੇਤਰਾਂ ’ਚ ਬੀਜਾਈ ਦਾ ਸੀਜ਼ਨ ਹੋਣ ਦੇ ਬਾਵਜੂਦ ਬੇਰੋਜ਼ਗਾਰੀ ਦਰ 6.6 ਫੀਸਦੀ ਹੈ। ਚੋਣ ਸੂਬੇ ਯੂ. ਪੀ. ’ਚ ਬੇਰੋਜ਼ਗਾਰੀ ਦਰ 4.8 ਫੀਸਦੀ ਤਾਂ ਗੋਆ ’ਚ 12.7 ਫੀਸਦੀ ਹੋ ਚੁੱਕੀ। ਭਾਜਪਾ ਰਾਜ ਵਾਲੇ ਇਨ੍ਹਾਂ ਸੂਬਿਆਂ ’ਚ ਸਰਕਾਰ ਨੂੰ ਬੇਰੋਜ਼ਗਾਰ ਨੌਜਵਾਨਾਂ ਦਾ ਗੁੱਸਾ ਝੱਲਣਾ ਪੈ ਸਕਦਾ ਹੈ।

ਪੰਜਾਬ ’ਚ ਬੇਰੋਜ਼ਗਾਰੀ ਦਰ 6.6 ਫੀਸਦੀ
ਬੇਰੋਜ਼ਗਾਰ ਨੌਜਵਾਨ ਮੁੱਦੇ ਨੂੰ ਲੈ ਕੇ ਜਗ੍ਹਾ-ਜਗ੍ਹਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਲਗਭਗ ਹਰ ਜਗ੍ਹਾ ਇਨ੍ਹਾਂ ਪ੍ਰਦਰਸ਼ਨਾਂ ਨੂੰ ਹਟਾਉਣ ਲਈ ਪੁਲਸ ਦਾ ਸਹਾਰਾ ਲਿਆ ਜਾ ਰਿਹਾ ਹੈ। ਪੰਜਾਬ ’ਚ ਵੀ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਕਾਂਗਰਸ ਦੇ ਰਾਜ ਵਾਲੇ ਇਸ ਸੂਬੇ ’ਚ ਭਾਜਪਾ ਨੇ ਆਪਣੇ ਦਮ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ’ਚ ਉਹ ਕੁਝ ਸਥਾਨਕ ਪਾਰਟੀਆਂ ਦਾ ਸਹਿਯੋਗ ਲਵੇਗੀ। ਇਥੇ ਵੀ ਅਧਿਆਪਕਾਂ ਦੀ ਭਰਤੀ ਦਾ ਮੁੱਦਾ ਭਖਿਆ ਹੋਇਆ ਹੈ। ਬੇਰੋਜ਼ਗਾਰ ਅਧਿਆਪਕ ਜਗ੍ਹਾ-ਜਗ੍ਹਾ ਪ੍ਰਦਰਸ਼ਨ ਕਰ ਰਹੇ ਹਨ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀ. ਐੱਮ. ਆਈ. ਈ.) ਦੇ ਅੰਕੜਿਆਂ ਅਨੁਸਾਰ 4 ਦਸੰਬਰ ਨੂੰ ਖਤਮ ਹੋਏ ਹਫਤੇ ’ਚ ਬੇਰੋਜ਼ਗਾਰੀ ਦਰ 7.2 ਫੀਸਦੀ ਤੱਕ ਪਹੁੰਚ ਚੁੱਕੀ ਹੈ। ਸਭ ਤੋਂ ਜ਼ਿਆਦਾ ਸ਼ਹਿਰੀ ਖੇਤਰਾਂ ’ਚ ਬੇਰੋਜ਼ਗਾਰੀ ਦਾ ਵਧਣਾ ਚਿੰਤਾ ਦਾ ਕਾਰਨ ਹੈ। ਭਾਜਪਾ ਲਈ ਬੇਹੱਦ ਮਹੱਤਵਪੂਰਨ ਸੂਬੇ ਉੱਤਰ ਪ੍ਰਦੇਸ਼ ’ਚ ਬੇਰੋਜ਼ਗਾਰੀ ਦਰ 4.8 ਫੀਸਦੀ ਹੋ ਗਈ ਹੈ, ਜਦਕਿ ਪੰਜਾਬ ’ਚ ਬੇਰੋਜ਼ਗਾਰੀ ਦਰ 6.6 ਹੋ ਗਈ ਹੈ। ਉੱਤਰਾਖੰਡ ’ਚ ਇਹ ਦਰ 3.1 ਫੀਸਦੀ ਹੈ। ਇਸੇ ਤਰ੍ਹਾਂ ਗੋਆ ’ਚ ਇਹ 12.7 ਫੀਸਦੀ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ’ਚ ਬੀਤੇ ਹਫਤੇ ’ਚ ਬੇਰੋਜ਼ਗਾਰੀ ਦਰ 9.3 ਫੀਸਦੀ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਸੁਖਦੇਵ ਸਿੰਘ ਢੀਂਡਸਾ ਵਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਬਕਾਇਆ ਮੰਗਾਂ ਮੰਨਣ ਦੀ ਅਪੀਲ

ਸਭ ਤੋਂ ਵੱਧ ਬੇਰੋਜ਼ਗਾਰੀ ਇਨ੍ਹਾਂ ਸੂਬਿਆਂ ’ਚ
ਇਨ੍ਹਾਂ ਸੂਬਿਆਂ ਤੋਂ ਇਲਾਵਾ ਜਿਨ੍ਹਾਂ ਸੂਬਿਆਂ ’ਚ ਬੇਰੋਜ਼ਗਾਰੀ ਦਰ ਵੱਧ ਹੈ, ਉਨ੍ਹਾਂ ’ਚ ਹਰਿਆਣਾ ’ਚ 29.3 ਫੀਸਦੀ, ਜੰਮੂ-ਕਸ਼ਮੀਰ ’ਚ 21.4, ਰਾਜਸਥਾਨ ’ਚ 20.4, ਬਿਹਾਰ ’ਚ 14.8, ਹਿਮਾਚਲ ਪ੍ਰਦੇਸ਼ ’ਚ 13.6, ਤ੍ਰਿਪੁਰਾ ’ਚ 13.4, ਝਾਰਖੰਡ ’ਚ 11.2 ਅਤੇ ਕੇਰਲ ’ਚ 7.1 ਫੀਸਦੀ ਦਰ ਹੈ। ਹਾਲਾਂਕਿ ਕੁਝ ਸੂਬਿਆਂ ’ਚ ਬੇਰੋਜ਼ਗਾਰੀ ਦਰ ਬਹੁਤ ਘੱਟ ਹੈ। ਇਨ੍ਹਾਂ ’ਚੋਂ ਓਡਿਸ਼ਾ ’ਚ 0.6 ਫੀਸਦੀ, ਮੇਘਾਲਿਆ ’ਚ 0.8 ਫੀਸਦੀ, ਗੁਜਰਾਤ ’ਚ 1.4 ਫੀਸਦੀ, ਮੱਧ ਪ੍ਰਦੇਸ਼ ’ਚ 1.7 ਫੀਸਦੀ ਅਤੇ ਕਰਨਾਟਕ ’ਚ 2.8 ਫੀਸਦੀ ਦਰ ਹੈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha