ਕੀ ਪੜ੍ਹੀ ਲਿਖੀ ਅਤੇ ਕਮਾਉਣਯੋਗ ਪਤਨੀ ਨਹੀਂ ਲੈ ਸਕਦੀ ਗੁਜ਼ਾਰਾ ਭੱਤਾ? ਪੜ੍ਹੋ ਹਾਈ ਕੋਰਟ ਦਾ ਅਹਿਮ ਫ਼ੈਸਲਾ
Friday, Aug 09, 2024 - 03:29 PM (IST)
ਚੰਡੀਗੜ੍ਹ (ਪ੍ਰੀਕਸ਼ਿਤ)- ਗੁਜ਼ਾਰੇ ਭੱਤੇ ਸਬੰਧੀ ਹੇਠਲੀ ਅਦਾਲਤ ਦੇ ਹੁਕਮਾਂ ਵਿਰੁੱਧ ਦਾਇਰ ਪਟੀਸ਼ਨ ’ਤੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਸੈਸ਼ਨ ਅਦਾਲਤ ਨੇ ਕਿਹਾ ਕਿ ਪੜ੍ਹੀ-ਲਿਖੀ ਗ੍ਰੈਜੂਏਟ ਪਤਨੀ ਦੇ ਕਮਾਉਣ ’ਚ ਸਮਰੱਥ ਹੋਣ ਦਾ ਹਵਾਲਾ ਦੇ ਕੇ ਗੁਜ਼ਾਰਾ ਭੱਤਾ ਦੇਣ ਤੋਂ ਇਨਕਾਰ ਕਰਨ ਦਾ ਕੋਈ ਆਧਾਰ ਨਹੀਂ ਹੈ। ਇਸੇ ਦੇ ਨਾਲ ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਨਿਰਧਾਰਤ ਕੀਤੀ ਗਈ ਰੱਖ-ਰਖਾਅ ਦੀ ਰਕਮ ਨੂੰ ਵਧਾ ਦਿੱਤਾ। ਸੈਸ਼ਨ ਕੋਰਟ ਨੇ ਇਹ ਵੀ ਕਿਹਾ ਕਿ ਬਾਕੀ ਸਭ ਕੁਝ ਛੱਡ ਕੇ ਇਹ ਇਕ ਪਤੀ ਦੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਪਤਨੀ ਦੀ ਦੇਖਭਾਲ ਕਰੇ। ਪਤੀ ਆਪਣੀ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਤੋਂ ਇਸ ਆਧਾਰ ’ਤੇ ਨਹੀਂ ਬਚ ਸਕਦਾ ਕਿ ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਿਉਂ ਵਧਾਏ ਜਾ ਰਹੇ ਜ਼ਮੀਨਾਂ ਦੇ ਕੁਲੈਕਟਰ ਰੇਟ? ਵਿੱਤ ਮੰਤਰੀ ਨੇ ਦੱਸੀ ਅਸਲ ਵਜ੍ਹਾ (ਵੀਡੀਓ)
ਇਸ ਤੋਂ ਪਹਿਲਾਂ ਪਟੀਸ਼ਨਕਰਤਾ ਪਤਨੀ ਵੱਲੋਂ ਗੁਜ਼ਾਰੇ ਭੱਤੇ ਲਈ ਉਸ ਦੀ ਅਰਜ਼ੀ ’ਤੇ ਹੇਠਲੀ ਅਦਾਲਤ (ਟ੍ਰਾਇਲ ਕੋਰਟ) ਨੇ ਫ਼ੈਸਲਾ ਕਰਦੇ ਹੋਏ ਉਸ ਦੇ ਪਤੀ ਨੂੰ ਨਿਰਦੇਸ਼ ਦਿੱਤਾ ਸੀ ਕਿ ਜਦੋਂ ਤੱਕ ਉਸ ਦੀ ਪਤਨੀ ਦਾ ਦੁਬਾਰਾ ਵਿਆਹ ਨਾ ਹੋ ਜਾਏ, ਉਦੋਂ ਤੱਕ ਉਹ ਉਸ ਨੂੰ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਅਤੇ ਦੋਵੇਂ ਨਾਬਾਲਗ ਬੱਚਿਆਂ ਨੂੰ ਬਾਲਗ ਹੋਣ ਤੱਕ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੁਗਤਾਨ ਕਰੇਗਾ।
ਇਸ ਫੈਸਲੇ ਤੋਂ ਬਾਅਦ ਪਤਨੀ ਵੱਲੋਂ ਰਾਸ਼ੀ ਵਧਾਉਣ ਲਈ ਦਾਇਰ ਨਜ਼ਰਸਾਨੀ ਪਟੀਸ਼ਨ ’ਤੇ ਅਦਾਲਤ ਨੇ ਇਹ ਫ਼ੈਸਲਾ ਦਿੱਤਾ ਹੈ। ਪਟੀਸ਼ਨਰ ਨੇ ਆਪਣੀ ਪਟੀਸ਼ਨ ’ਚ ਅਦਾਲਤ ਨੂੰ ਦੱਸਿਆ ਕਿ ਉਸ ਦਾ ਪਤੀ ਮਕੈਨਿਕ ਦੀ ਦੁਕਾਨ ਚਲਾ ਕੇ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ, ਜਦਕਿ ਉਸ ਕੋਲ ਆਪਣਾ ਅਤੇ ਆਪਣੇ ਨਾਬਾਲਗ ਬੱਚਿਆਂ ਦਾ ਗੁਜ਼ਾਰਾ ਚਲਾਉਣ ਲਈ ਕੋਈ ਆਮਦਨ ਦਾ ਸਾਧਨ ਨਹੀਂ ਹੈ। ਇਸ ਕਾਰਨ ਉਹ ਆਪਣੇ ਰਿਸ਼ਤੇਦਾਰਾਂ ਦੇ ਰਹਿਮੋ-ਕਰਮ ’ਤੇ ਨਿਰਭਰ ਸੀ।
ਪਟੀਸ਼ਨ ’ਚ ਉਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਸ ਦਾ ਪਤੀ ਉਸ ਦੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਲਈ ਪਾਬੰਦ ਹੈ। ਉੱਥੇ ਹੀ ਪਤੀ ਨੇ ਪਤਨੀ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਉਹ ਸਕੂਟਰ ਮਕੈਨਿਕ ਹੈ ਅਤੇ ਉਸ ਕੋਲ ਦੇਖਭਾਲ ਲਈ ਉਸ ਦੇ ਬਜ਼ੁਰਗ ਮਾਤਾ-ਪਿਤਾ ਵੀ ਹਨ। ਉਹ ਕਰਜ਼ਿਆਂ ਅਤੇ ਬੀਮਾ ਪਾਲਿਸੀਆਂ ਦੀਆਂ ਕਿਸਤਾਂ ਵੀ ਅਦਾ ਕਰ ਰਿਹਾ ਸੀ। ਪਤੀ ਨੇ ਇਹ ਕਹਿੰਦਿਆਂ ਨਜ਼ਰਸਾਨੀ ਪਟੀਸ਼ਨ ਖਾਰਿਜ ਕਰਨ ਦੀ ਮੰਗ ਕੀਤੀ ਕਿ ਉਸ ਦੀ ਪਤਨੀ ਪੜ੍ਹੀ-ਲਿਖੀ ਗ੍ਰੈਜੂਏਟ ਹੈ। ਨਰਸਿੰਗ ਦੇ ਨਾਲ-ਨਾਲ ਉਸ ਨੇ ਬਿਊਟੀ ਪਾਰਲਰ ਦਾ ਕੋਰਸ ਵੀ ਕੀਤਾ ਹੈ, ਇਸ ਲਈ ਉਹ ਕਮਾਈ ਕਰਨ ਦੇ ਯੋਗ ਵੀ ਹੈ।
ਇਹ ਖ਼ਬਰ ਵੀ ਪੜ੍ਹੋ - ਓਲੰਪਿਕ ਮੈਡਲ ਜਿੱਤਣ ਵਾਲੇ DSP ਹਰਮਨਪ੍ਰੀਤ ਸਿੰਘ ਦੀ ਔਰਤਾਂ ਨੂੰ ਖ਼ਾਸ ਅਪੀਲ, DGP ਨੇ ਸਾਂਝੀ ਕੀਤੀ ਵੀਡੀਓ
ਮਾਮਲੇ ’ਚ ਸਾਹਮਣੇ ਆਏ ਤੱਥਾਂ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੈਸ਼ਨ ਕੋਰਟ ਨੇ ਕਿਹਾ ਕਿ ਵਿੱਦਿਅਕ ਯੋਗਤਾ ਹਾਸਲ ਕਰਨ ਅਤੇ ਪੈਸੇ ਕਮਾਉਣ ਲਈ ਸਿੱਖਿਆ ਦੀ ਵਰਤੋਂ ਕਰਨ ’ਚ ਬਹੁਤ ਅੰਤਰ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪਤਨੀ ਗ੍ਰੈਜੂਏਸ਼ਨ ਤੋਂ ਬਾਅਦ ਕਮਾਈ ਕਰਨ ਦੇ ਸਮਰੱਥ ਹੈ, ਤਾਂ ਇਹ ਉਸ ਨੂੰ ਗੁਜ਼ਾਰਾ-ਭੱਤਾ ਦੇਣ ਤੋਂ ਇਨਕਾਰ ਕਰਨ ਦਾ ਕੋਈ ਆਧਾਰ ਨਹੀਂ ਹੈ ਕਿਉਂਕਿ ਮੌਜੂਦਾ ਮਾਮਲੇ ’ਚ ਪ੍ਰਤੀਵਾਦੀ ਕੁਝ ਵੀ ਨਹੀਂ ਕਮਾ ਰਹੀ ਹੈ। ਇਸੇ ਨੂੰ ਦੇਖਦੇ ਹੋਏ ਪਟੀਸ਼ਨ ਨੂੰ ਅੰਸ਼ਕ ਤੌਰ ’ਤੇ ਸਵੀਕਾਰ ਕਰਦੇ ਹੋਏ ਟ੍ਰਾਇਲ ਕੋਰਟ ਵੱਲੋਂ ਦਿੱਤੇ ਹੁਕਮਾਂ ਨੂੰ ਇਸ ਹੱਦ ਤੱਕ ਸੋਧਿਆ ਜਾਂਦਾ ਹੈ ਕਿ ਪਟੀਸ਼ਨਕਰਤਾ ਦੀ ਪਤਨੀ ਦਾ ਭਰਣ-ਪੋਸ਼ਣ ਹੋ ਸਕੇ।
ਸੈਸ਼ਨ ਕੋਰਟ ਨੇ ਟ੍ਰਾਇਲ ਕੋਰਟ ਵੱਲੋਂ ਦਿੱਤੇ ਹੁਕਮਾਂ ਵਿਚ ਸੋਧ ਕਰਦਿਆਂ ਪਤਨੀ ਦਾ ਦੂਜਾ ਵਿਆਹ ਹੋਣ ਤੱਕ ਟ੍ਰਾਇਲ ਕੋਰਟ ਵੱਲੋਂ ਨਿਰਧਾਰਤ ਕੀਤੇ ਗਏ ਗੁਜ਼ਾਰੇ-ਭੱਤੇ ਨੂੰ 2 ਹਜ਼ਾਰ ਰੁਪਏ ਤੋਂ ਵਧਾ ਕੇ 4 ਹਜ਼ਾਰ ਰੁਪਏ ਕਰ ਦਿੱਤਾ ਹੈ। ਅਦਾਲਤ ਨੇ ਦੋਵਾਂ ਬੱਚਿਆਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਲੈਣ ਦਾ ਹੱਕਦਾਰ ਕਰਾਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8