ਠੇਕੇਦਾਰਾਂ ਤੇ ਲੇਬਰ ਯੂਨੀਅਨ ਆਗੂਆਂ ਸੌਂਪਿਆ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਮੰਗ ਪੱਤਰ
Tuesday, Oct 03, 2017 - 04:22 PM (IST)

ਕਪੂਰਥਲਾ(ਮੱਲ੍ਹੀ)— ਮੰਡੀਆਂ 'ਚੋਂ ਝੋਨਾ ਚੁੱਕ ਕੇ ਸ਼ੈਲਰਾਂ ਤੱਕ ਪਹੁੰਚਾਉਣ ਦੀ ਕੈਪਟਨ ਸਰਕਾਰ ਵੱਲੋਂ ਬਣਾਈ ਨੀਤੀ ਦਾ ਵਿਰੋਧ ਕਰਦਿਆਂ ਸੋਮਵਾਰ ਨੂੰ ਕਪੂਰਥਲਾ ਦੇ ਠੇਕੇਦਾਰਾਂ ਅਤੇ ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਆਗੂਆਂ ਨੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ 'ਚ ਠੇਕੇਦਾਰਾਂ ਅਤੇ ਲੇਬਰ ਯੂਨੀਅਨ ਆਗੂਆਂ, ਜਿਨ੍ਹਾਂ 'ਚ ਠੇਕੇਦਾਰ ਗੁਰਦੀਪ ਸਿੰਘ ਬਿਸ਼ਨਪੁਰ, ਦਾਰਾ ਸਿੰਘ ਲੱਖਣ, ਜਸਵੰਤ ਲਾਡੀ, ਦਵਿੰਦਰ ਕਾਕਾ, ਰੌਸ਼ਨ ਲਾਲ, ਓਮ ਪ੍ਰਕਾਸ਼, ਗੁਰਜੀਤ ਸਿੰਘ, ਰਜਿੰਦਰ ਵਾਲੀਆ, ਗੁਰਮੁੱਖ ਸਿੰਘ ਅਤੇ ਕੁਲਵੰਤ ਸਿੰਘ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਉਕਤ ਨੀਤੀ ਬਿਲਕੁੱਲ ਪੂਰੀ ਤਰ੍ਹਾਂ ਠੇਕੇਦਾਰਾਂ ਅਤੇ ਮੰਡੀ ਮਜ਼ਦੂਰਾਂ ਦੇ ਖਿਲਾਫ ਹੈ, ਜਿਸ ਦਾ ਉਹ ਜ਼ੋਰਦਾਰ ਵਿਰੋਧ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਪੈਡੀ ਸੀਜ਼ਨ 2017 ਦੌਰਾਨ ਝੋਨੇ ਦੀਆਂ ਮੰਡੀਆਂ 'ਚੋਂ ਲਦਾਈ ਅਤੇ ਸ਼ੈਲਰਾਂ 'ਚ ਜਾ ਕੇ ਲੁਹਾਈ ਕਰਨ ਦਾ ਜੋ ਸਮੁੱਚਾ ਕੰਮ ਸ਼ੈਲਰ ਮਾਲਕਾਂ ਨੂੰ ਦਿੱਤਾ ਹੈ ਇਹ ਸਰਾਸਰ ਮਜ਼ਦੂਰ ਜਮਾਤ ਅਤੇ ਠੇਕੇਦਾਰਾਂ ਨਾਲ ਧੱਕਾ ਹੈ, ਜਿਸ ਨੂੰ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ, ਸੋ ਪੰਜਾਬ ਸਰਕਾਰ ਪੈਡੀ ਸੀਜ਼ਨ 2017 ਦੀ ਉਕਤ ਨੀਤੀ ਦਾ ਮੁੜ ਮੁਲੰਕਣ ਕਰਨ 'ਤੇ ਪਹਿਲਾਂ ਦੀ ਤਰ੍ਹਾਂ ਮੰਡੀਆਂ 'ਚੋਂ ਝੋਨੇ ਦੀ ਲਦਾਈ-ਲੁਹਾਈ ਦਾ ਕੰਮ ਠੇਕੇਦਾਰਾਂ ਅਤੇ ਲੇਬਰ ਯੂਨੀਅਨ ਨੂੰ ਸਿੱਧੇ ਤੌਰ 'ਤੇ ਸੌਂਪੇ। ਅਜਿਹਾ ਨਾ ਕਰਨ ਦੀ ਸੂਰਤ 'ਚ ਠੇਕੇਦਾਰ ਅਤੇ ਲੇਬਰ ਜਮਾਤ ਚੁੱਪ ਨਹੀਂ ਬੈਠੇਗੀ। ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਠੇਕੇਦਾਰਾਂ ਅਤੇ ਲੇਬਰ ਯੂਨੀਅਨ ਵਫਦ ਪਾਸੋਂ ਮੰਗ ਪੱਤਰ ਸਵੀਕਾਰ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਖੁਦ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਾਉਣ ਲਈ ਨਿੱਜੀ ਦਿਲਚਸਪੀ ਲੈਣਗੇ।