ਟਾਈਟਲਰ ਨੂੰ ਵੱਡਾ ਅਹੁਦਾ ਦੇ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ : ਗਿ. ਹਰਪ੍ਰੀਤ ਸਿੰਘ

11/04/2021 4:51:20 PM

ਅੰਮ੍ਰਿਤਸਰ (ਜ.ਬ.) : ਇਕ ਤੋਂ ਤਿੰਨ ਨਵੰਬਰ ਵਾਲੇ ਦਿਨ ਸਿੱਖ ਕੌਮ ਲਈ ਅਸਹਿ ਹਨ ਕਿਉਂਕਿ 1984 ’ਚ ਇਨ੍ਹਾਂ ਦਿਨਾਂ ’ਚ ਦਿੱਲੀ, ਕਾਨਪੁਰ, ਬੋਖਾਰੋ ਤੇ ਹੋਰ ਸ਼ਹਿਰਾਂ ’ਚ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ, ਜਬਰ-ਜ਼ਨਾਹ ਕੀਤੇ ਤੇ ਜਾਇਦਾਦਾਂ ਲੁੱਟੀਆਂ ਗਈਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਕ ਵੀਡੀਓ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਹੇਠ ਕੀਤਾ ਗਿਆ। ਵੱਡੇ ਲੋਕਤੰਤਰੀ ਮੁਲਕ ’ਚ ਰਾਜ ਕਰ ਰਹੀ ਸਰਕਾਰ ਦੀ ਸ਼ਹਿ ’ਤੇ ਨਸਲਕੁਸ਼ੀ ਹੋਣੀ, ਇਸ ਤੋਂ ਵੱਧ ਮਾੜਾ ਕੁਝ ਹੋਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਨ੍ਹਾਂ ਦਿਨਾਂ ’ਚ ਜਗਦੀਸ਼ ਟਾਈਟਲਰ ਨੂੰ ਵੱਡਾ ਅਹੁੱਦਾ ਦੇ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।

ਦੱਸ ਦਈਏ ਕਿ ਟਾਈਟਲਰ ਦਾ ਨਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਿਲਸਿਲੇ ’ਚ ਸਾਹਮਣੇ ਆਇਆ ਸੀ। ਟਾਈਟਲਰ ’ਤੇ ਦੋਸ਼ ਲੱਗਦੇ ਰਹੇ ਹਨ ਕਿ ਉਸ ਨੇ 1984 ’ਚ ਲੋਕਾਂ ਨੂੰ ਸਿੱਖ ਵਿਰੋਧੀ ਦੰਗਿਆਂ ਦੌਰਾਨ ਭੜਕਾਇਆ ਸੀ। ਟਾਈਟਲਰ ਦੇ ਨਾਲ ਹੀ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਜੇ .ਪੀ. ਅਗਰਵਾਲ, ਸਾਬਕਾ ਰਾਸ਼ਟਰੀ ਸਕੱਤਰ ਜਨਾਰਦਨ ਦਿਵੇਦੀ ਅਤੇ ਸਾਬਕਾ ਕੇਂਦਰੀਆਂ ਕਪਿਲ ਸਿੱਬਲ, ਅਜੇ ਮਾਕਨ ਅਤੇ ਕ੍ਰਿਸ਼ਨਾ ਤੀਰਥ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਜਗਦੀਸ਼ ਸਮੇਤ ਇਨ੍ਹਾਂ ਨੇਤਾਵਾਂ ਦੀ ਨਿਯੁਕਤੀ ਦਾ ਆਦੇਸ਼ ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਨੂੰਗੋਪਾਲ ਵਲੋਂ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਸ ਦੇ ਅਧੀਨ 87 ਨੇਤਾਵਾਂ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ’ਚ ਮੈਂਬਰ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। 


Anuradha

Content Editor

Related News