ਪੰਜਾਬ ’ਚ ਵੰਡ-ਪਾਊ ਸਾਜ਼ਿਸ਼ਾਂ ਨੂੰ ਹੱਲਾਸ਼ੇਰੀ ਦੇਣ ਲਈ ਭਾਜਪਾ ਨੇ ਕੈਪਟਨ ਤੇ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭੇ : CM ਚੰਨੀ

12/05/2021 8:05:16 PM

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ’ਚ ਆਪਣੇ ਵੰਡ-ਪਾਊ ਏਜੰਡੇ ਦੀ ਪੂਰਤੀ ਲਈ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਖਾਲੀ ਹੋਈ ਜਗ੍ਹਾ ਨੂੰ ਭਰਨ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭ ਲਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੇ ਖੁਲਾਸੇ ਕਿ ਭਾਜਪਾ ਕੈਪਟਨ ਅਮਰਿੰਦਰ ਸਿੰਘ ਅਤੇ ਵੱਖ ਹੋਏ ਅਕਾਲੀ ਧੜੇ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਗੱਠਜੋੜ ਨੂੰ ਅੰਤਿਮ ਰੂਪ ਦੇ ਰਹੀ ਹੈ, ’ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ‘‘ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਨੇ ਭਾਰਤੀ ਜਨਤਾ ਪਾਰਟੀ ਦੇ ਵੰਡ-ਪਾਊ ਏਜੰਡੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਭਾਵ ਨੂੰ 2019 ’ਚ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਭਾਜਪਾ ਨੇ ਆਪਣੇ ਕਿਸਾਨ ਵਿਰੋਧੀ ਏਜੰਡੇ ’ਚ ਅਕਾਲੀ ਦਲ ਦੀ ਵਰਤੋਂ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਲਈ ਕੀਤੀ, ਜਿਨ੍ਹਾਂ ਨੂੰ ਰੱਦ ਕਰਨ ਲਈ ਧਰਮ ਨਿਰਪੱਖ ਕਿਸਾਨ ਸੰਘਰਸ਼ ਨੇ ਮੋਦੀ ਨੂੰ ਮਜਬੂਰ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਕਾਨੂੰਨਾਂ ਦਾ ਜ਼ੋਰਦਾਰ ਸਮਰਥਨ ਕੀਤਾ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਪਾਕ ਲੋਕ ਵਿਰੋਧੀ ਮਨਸੂਬਿਆਂ ਨੂੰ ਲਾਗੂ ਕਰਨ ਲਈ ਇਸ ਦੇ ਪੱਕੇ ਏਜੰਟ ਵਜੋਂ ਕੰਮ ਕਰ ਰਹੇ ਹਨ।’’ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਾਜਪਾ ਦੀ ਮੂਲ ਸੰਸਥਾ ਆਰ. ਐੱਸ. ਐੱਸ. ਦੀ ਮਦਦ ਕਰਨ ਅਤੇ ਇਸ ਦੇ ਪੰਜਾਬ ’ਚ ਪੈਰ ਪਸਾਰਨ ਲਈ ਅਕਾਲੀ ਦਲ ਭਾਜਪਾ ਦੇ ਮੋਹਰੀ ਵਜੋਂ ਕੰਮ ਕਰਦਾ ਰਿਹਾ।

ਇਹ ਵੀ ਪੜ੍ਹੋ : ਬੈਂਕਾਂ ਦੇ ਨਿੱਜੀਕਰਨ ਖ਼ਿਲਾਫ ਦੇਸ਼ ਪੱਧਰੀ ਸਾਂਝੇ ਅੰਦੋਲਨ ਦੀ ਹੈ ਜ਼ਰੂਰਤ : ਰਾਕੇਸ਼ ਟਿਕੈਤ

ਆਰ. ਐੱਸ. ਐੱਸ. ਵੱਲੋਂ ਸਿੱਖ ਇਤਿਹਾਸ ਤੇ ਵਿਚਾਰਧਾਰਾ ਨੂੰ ਵੀ ਵਿਗਾੜਨ ਦੀ ਹੱਦ ਤੱਕ ਕੋਸ਼ਿਸ਼ ਕੀਤੀ ਗਈ ਅਤੇ ਇਸ ਸੰਸਥਾ ਵੱਲੋਂ ਇਕ ਦਹਾਕਾ ਪਹਿਲਾਂ ਛਾਪਿਆ ਗਿਆ ਸਾਹਿਤ ਇਸ ਦੇ ਉਸੇ ਏਜੰਡੇ ਦਾ ਸਬੂਤ ਹੈ। ਅਕਾਲੀ ਦਲ ਨੇ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਚੰਨੀ ਨੇ ਕਿਹਾ ਕਿ ਅਕਾਲੀ ਦਲ ਨੇ ਦਹਾਕਿਆਂ ਤੋਂ ਸੰਘੀ ਢਾਂਚੇ ਦੇ ਹਮਾਇਤੀ ਹੋਣ ਦੇ ਬਾਵਜੂਦ ਭਾਜਪਾ ਦੀਆਂ ਕੇਂਦਰੀਕਰਨ ਅਤੇ ਸੱਭਿਆਚਾਰਕ ਸਮਰੂਪਤਾ ਦੀਆਂ ਨੀਤੀਆਂ ਨੂੰ ਪੂਰਾ ਸਮਰਥਨ ਦਿੱਤਾ। ਪੰਜਾਬ ਦੇ ਹਿੱਤ ਪਹਿਲਾਂ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਭਾਜਪਾ ਕੋਲ ਗਿਰਵੀ ਰੱਖੇ ਗਏ, ਜਿਨ੍ਹਾਂ 1996 ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ, ਜੋ ਸਿਰਫ 13 ਦਿਨ ਚੱਲੀ ਸੀ, ਬਣਾਉਣ ਵਾਸਤੇ ਅਟਲ ਬਿਹਾਰੀ ਵਾਜਪਾਈ ਨੂੰ ਬਿਨਾਂ ਸ਼ਰਤ ਸਮਰਥਨ ਦੇ ਕੇ ਇਸ ਗੱਠਜੋੜ ਲਈ ਰਾਹ ਪੱਧਰਾ ਕੀਤਾ ਸੀ। ਬਾਦਲ ਨੇ ਬਿਨਾਂ ਸ਼ਰਤ ਸਮਰਥਨ ਦੇ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਸੀ। ਇਸ ਤਰ੍ਹਾਂ ਕਰਕੇ ਬਾਦਲ ਨੇ ਪੰਜਾਬ ਦਾ ਸੌਦਾ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ, ਜੋ ਮੁੱਖ ਮੰਤਰੀ ਹੁੰਦਿਆਂ ਅਹਿਮ ਮੁੱਦਿਆਂ ’ਤੇ ਮੋਦੀ ਸਰਕਾਰ ਦਾ ਬਚਾਅ ਕਰਨ ਤੇ ਲੋਕ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਸਰਗਰਮ ਰਹੇ, ਹੁਣ ਇਸ ਖਤਰਨਾਕ ਭੂਮਿਕਾ ਨੂੰ ਨਿਭਾਉਣ ਲਈ ਤਿਆਰ-ਬਰ-ਤਿਆਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਤੱਕ ਭਾਜਪਾ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਨਿਭਾਈ ਗਈ ਭੂਮਿਕਾ ਨੂੰ ਦੇਖਦੇ ਹੋਏ ਇਸ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹ ਭਾਜਪਾ ਦੇ ਸਹਿਯੋਗੀ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਬਣਨਗੇ।

ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕਾਂ ਨੇ ਸੁਖਬੀਰ ਬਾਦਲ ਵੱਲੋਂ ਪਰਗਟ ਸਿੰਘ ’ਤੇ ਤੱਥ ਰਹਿਤ ਦੋਸ਼ ਲਾਉਣ ਦੀ ਕੀਤੀ ਨਿੰਦਾ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ

Manoj

This news is Content Editor Manoj