ਬਦਲਾਅ ਦੇ ਨਾਂ ''ਤੇ ਸੱਤਾ ''ਚ ਆਈ ''ਆਪ'' ''ਤੇ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਦੇ ਦੋਸ਼ : ਚੁੱਘ

10/06/2023 2:42:34 PM

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਭ੍ਰਿਸ਼ਟਾਚਾਰੀਆਂ ਦੀ ਡੌਨ ਹੈ। ਕੇਜਰੀਵਾਲ ਸਰਕਾਰ 'ਚ ਸ਼ਰਾਬ ਘਪਲੇ 'ਚ ਸ਼ਾਮਲ ਇੱਕ ਵੀ ਭ੍ਰਿਸ਼ਟ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਦਿੱਲੀ ਸਰਕਾਰ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ। ਚੁੱਘ ਨੇ ਕਿਹਾ ਕਿ ਮੋਦੀ ਸਰਕਾਰ 'ਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਰਾਜਨੀਤੀ ਪੂਰੀ ਤਾਕਤ ਨਾਲ ਘਪਲੇ ਕਰਨ ਦੀ ਹੈ ਅਤੇ ਜੇਕਰ ਤੁਸੀਂ ਫੜ੍ਹੇ ਗਏ ਤਾਂ ਇਸ 'ਤੇ ਸਵਾਲ ਚੁੱਕੋ। ਚੁੱਘ ਨੇ ਕਿਹਾ ਕਿ ਮੀਡੀਆ ਸੂਤਰਾਂ ਮੁਤਾਬਕ ਸੰਜੇ ਸਿੰਘ ਦੇ ਘਰ ਤੋਂ ਬਰਾਮਦ ਹੋਏ ਦਸਤਾਵੇਜ਼ਾਂ ਤੋਂ ਸ਼ਰਾਬ ਘਪਲੇ ਦੀਆਂ ਕੜੀਆਂ ਆਮ ਆਦਮੀ ਪਾਰਟੀ ਦੇ ਕਈ ਵੱਡੇ ਨੇਤਾਵਾਂ ਤੱਕ ਪਹੁੰਚ ਰਹੀਆਂ ਹਨ।

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੁੱਖ ਆਰਕੀਟੈਕਟ ਸੰਜੇ ਸਿੰਘ ਸੀ। ਚੁੱਘ ਨੇ ਸਵਾਲ ਉਠਾਇਆ ਕਿ ਕੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪੁਰਾਣੀ ਸ਼ਰਾਬ ਨੀਤੀ ਨੂੰ ਬਦਲਿਆ ਹੈ? ਕੀ ਕਾਰਨ ਸੀ ਕਿ ਸ਼ਰਾਬ ਉਤਪਾਦਕਾਂ ਨੂੰ ਪ੍ਰਚੂਨ ਕਾਰੋਬਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ? ਕੀ ਕਾਰਨ ਸੀ ਕਿ ਪਹਿਲਾਂ ਸ਼ਰਾਬ ਦੀ ਵਿਕਰੀ 'ਤੇ 2 ਫ਼ੀਸਦੀ ਕਮਿਸ਼ਨ ਸੀ, ਜਿਸ ਨੂੰ ਵਧਾ ਕੇ 12 ਫ਼ੀਸਦੀ ਕਰ ਦਿੱਤਾ ਗਿਆ? ਕਿਸ ਨੂੰ ਲਾਭ ਪਹੁੰਚਾਉਣ ਲਈ ਕਮਿਸ਼ਨ ਵਧਾਇਆ ਗਿਆ ਹੈ। ਚੁੱਘ ਨੇ ਕਿਹਾ ਕਿ ਸ਼ਰਾਬ ਦੀ ਵਿਕਰੀ 'ਤੇ ਕਮਿਸ਼ਨ ਵਧਾ ਕੇ ਕੇਜਰੀਵਾਲ ਸਰਕਾਰ ਨੇ ਪੈਸਾ ਨਿੱਜੀ ਅਤੇ ਆਪਣੇ ਕਾਰੋਬਾਰੀਆਂ ਨੂੰ ਟਰਾਂਸਫਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਕਮਿਸ਼ਨ ਦਾ ਪੈਸਾ ਵਾਪਸ ਆਮ ਆਦਮੀ ਪਾਰਟੀ ਨੂੰ ਚਲਾ ਗਿਆ। ਇਸ ਘਪਲੇ ਦੀ ਸਾਜ਼ਿਸ਼ ਪਿੱਛੇ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੀ ਮੁੱਖ ਭੂਮਿਕਾ ਸੀ।

 ਚੁੱਘ ਨੇ ਪੁੱਛਿਆ ਕਿ ਦਿੱਲੀ ਦੇ ਲੋਕਾਂ ਦੇ 30 ਕਰੋੜ ਰੁਪਏ ਸ਼ਰਾਬ ਕਾਰੋਬਾਰ ਦੇ ਲਾਇਸੈਂਸ ਧਾਰਕਾਂ ਨੂੰ ਕਿਉਂ ਵਾਪਸ ਕੀਤੇ ਗਏ? ਕੀ ਕਾਰਨ ਸੀ ਕੇਜਰੀਵਾਲ ਸਰਕਾਰ ਨੂੰ ਨਵੀਂ ਸ਼ਰਾਬ ਨੀਤੀ ਵਾਪਸ ਲੈਣੀ ਪਈ? ਜੇਕਰ ਨਵੀਂ ਸ਼ਰਾਬ ਨੀਤੀ ਇੰਨੀ ਵਧੀਆ ਸੀ ਤਾਂ ਇਸ ਨੂੰ ਵਾਪਸ ਕਿਉਂ ਲਿਆ ਗਿਆ? ਚੁੱਘ ਨੇ ਸਵਾਲ ਕੀਤਾ ਕਿ ਕੀ ਕਾਰਨ ਸੀ ਕਿ ਕੇਜਰੀਵਾਲ ਸਰਕਾਰ 'ਚ ਸ਼ਰਾਬ ਕਾਰੋਬਾਰੀਆਂ ਦੇ 145 ਕਰੋੜ ਰੁਪਏ ਮੁਆਫ਼ ਕਰ ਦਿੱਤੇ ਗਏ, ਉਹ ਵੀ ਕੈਬਨਿਟ ਦੀ ਮਨਜ਼ੂਰੀ ਤੋਂ ਬਿਨਾਂ? ਮੁਆਫ਼ ਕਰਨ ਦੀ ਇਜਾਜ਼ਤ ਕਿਸਨੇ ਦਿੱਤੀ? ਇਹ ਦਿੱਲੀ ਦੇ ਵੋਟਰਾਂ ਅਤੇ ਲੋਕਤੰਤਰ ਦਾ ਅਪਮਾਨ ਹੈ। ਚੁੱਘ ਨੇ ਕਿਹਾ ਕਿ ਜੇਕਰ ਕੇਜਰੀਵਾਲ ਜੀ ਕੋਲ ਇਹ ਤੱਥ ਹੁੰਦੇ ਕਿ ਉਨ੍ਹਾਂ ਦੀ ਸਰਕਾਰ 'ਚ ਭ੍ਰਿਸ਼ਟਾਚਾਰ ਨਹੀਂ ਹੁੰਦਾ ਤਾਂ ਅੱਜ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਜੇਲ੍ਹ 'ਚ ਨਾ ਹੁੰਦੇ ਅਤੇ ਦੋਵੇਂ ਜੇਲ੍ਹ 'ਚ ਵੀ. ਆਈ. ਪੀ. ਸਹੂਲਤਾਂ ਦਾ ਆਨੰਦ ਨਾ ਮਾਣ ਰਹੇ ਹੁੰਦੇ।

 
 

Babita

This news is Content Editor Babita