ਮੁਹੱਲਾ ਕਲੀਨਿਕਾਂ ਦੀ ਸ਼ੋਸ਼ੇਬਾਜ਼ੀ ਦੀ ਥਾਂ ਸਿਹਤ ਮਹਿਕਮੇ ਦੀਆਂ ਖ਼ਾਲੀ ਅਸਾਮੀਆਂ ਭਰੇ ਸਰਕਾਰ: ਨਿਮਿਸ਼ਾ ਮਹਿਤਾ

07/02/2022 5:19:05 PM

ਗੜ੍ਹਸ਼ੰਕਰ— ਭਾਰਤੀ ਜਨਤਾ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਨੇ ‘ਆਪ’ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਮੁਹੱਲਾ ਕਲੀਨਿਕ ਸਕੀਮ ਨੂੰ ਮਹਿਜ਼ ਸ਼ੋਸ਼ੇਬਾਜ਼ੀ ਕਰਾਰ ਦਿੱਤਾ ਹੈ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੇਜਰੀਵਾਲ ਨੇ 16 ਹਜ਼ਾਰ ਮੁਹੱਲਾ ਕਲੀਨਿਕ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ’ਚ ਬਣਾਉਣ ਦਾ ਵਾਅਦਾ ਕੀਤਾ ਸੀ, ਅੱਜ 77 ਕਰੋੜ ਦੀ ਲਾਗਤ ਨਾਲ 117 ਹਲਕਿਆਂ ’ਚ ਸਿਰਫ਼ ਇਕ-ਇਕ ਮੁਹੱਲਾ ਕਲੀਨਿਕ ਸ਼ੁਰੂ ਕੀਤਾ ਜਾ ਰਿਹਾ ਹੈ। 77 ਕਰੋੜ ਦੇ ਹਿਸਾਬ ਨਾਲ 117 ਹਲਕਿਆਂ ’ਚ 65 ਲੱਖ 81 ਹਜ਼ਾਰ ਦੀ ਲਾਗਤ ਨਾਲ ਇਕ ਮੁਹੱਲਾ ਕਲੀਨਿਕ ਬਣੇਗਾ। ਜੇਕਰ ਕੇਜਰੀਵਾਲ ਦੇ ਐਲਾਨ ਮੁਤਾਬਕ 16 ਹਜ਼ਾਰ ਕਲੀਨਿਕ ਬਣਾਏ ਜਾਣਗੇ ਤਾਂ 10 ਹਜ਼ਾਰ 529 ਕਰੋੜ ਰੁਪਏ ਖ਼ਰਚ ਹੋਣਗੇ।

ਇਨ੍ਹਾਂ ਮੁਹੱਲਾ ਕਲੀਨਿਕਾਂ ’ਚ ਪੱਕੇ ਮੁਲਾਜ਼ਮਾਂ ਦੀ ਥਾਂ ‘ਆਪ’ ਸਰਕਾਰ ਰਿਟਾਇਰਡ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਹੁੰਦਿਆਂ ਕੱਚੇ ਮੁਲਾਜ਼ਮਾਂ ਦੀ ਐਕਸਟੈਨਸ਼ਨ ਅਤੇ ਮੁੜ ਤਾਇਨਾਤੀ ਨੂੰ ਲੈ ਕੇ ਵਿਰੋਧ ਕਰਦੀ ਆਈ ਹੈ ਅਤੇ ਆਮ ਆਦਮੀ ਪਾਰਟੀ ਦਾ ਵਾਅਦਾ ਸੀ ਕਿ ਉਹ ਕੱਚੇ ਮੁਲਾਜ਼ਮਾਂ ਦੀ ਥਾਂ ਪੱਕੇ ਮੁਲਾਜ਼ਮ ਭਰਤੀ ਕਰਨਗੇ। ਸਰਦਾਰ ਭਗਵੰਤ ਮਾਨ ਨੇ ਸੱਤਾ ’ਚ ਆਉਂਦਿਆਂ ਹਰਾ ਪੈੱਨ ਚਲਾਉਣ ਦੇ ਵੱਡੇ ਦਾਅਵੇ ਕੀਤੇ ਸਨ ਪਰ ਅੱਜ ਲੱਗਦਾ ਹੈ ਕਿ ਮੁੱਖ ਮੰਤਰੀ ਦਾ ਹਰਾ ਪੈੱਨ ਗੁਆਚ ਗਿਆ ਹੈ ਅਤੇ ਨੌਜਵਾਨਾਂ ਦੀਆਂ ਆਸਾਂ ’ਤੇ ਪੁਰਾਣੇ ਮੁਲਾਜ਼ਮ ਰੱਖਣ ਨਾਲ ਇਕ ਵਾਰ ਫਿਰ ਤੋਂ ਪਾਣੀ ਫਿਰ ਜਾਵੇਗਾ। 

ਇਹ ਵੀ ਪੜ੍ਹੋ:   ਨੰਗਲ ਵਿਖੇ ਭਾਖੜਾ ਨਹਿਰ 'ਚ ਡੁੱਬਾ ਮਾਪਿਆਂ ਦਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਉਨ੍ਹਾਂ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਮੁਹੱਲਾ ਕਲੀਨਿਕਾਂ ’ਤੇ ਲਗਾਉਣ ਦੀ ਥਾਂ ਇਕ ਹਜ਼ਾਰ ਅਸਾਮੀਆਂ ਮੈਡੀਕਲ ਅਫ਼ਸਰਾਂ ਦੀਆਂ ਅਤੇ ਉਸ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ਼ ਦੀਆਂ ਪੱਕੀਆਂ ਭਰਤੀਆਂ ’ਤੇ ਜ਼ੋਰ ਦੇਵੇ ਕਿਉਂਕਿ ਪੰਜਾਬ ’ਚ ਪਿੰਡਾਂ ਅਤੇ ਸ਼ਹਿਰਾਂ ’ਚ ਕੁੱਲ ਮਿਲਾ ਕੇ ਪਹਿਲਾਂ ਹੀ 8 ਹਜ਼ਾਰ ਦੇ ਕਰੀਬ ਛੋਟੀਆਂ-ਵੱਡੀਆਂ ਸਰਕਾਰੀ ਸਿਹਤ ਸਹੂਲਤਾਂ ਮੌਜੂਦ ਹਨ ਪਰ ਇਨ੍ਹਾਂ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਦੀਆਂ ਇਮਾਰਾਤਾਂ ਹੋਣ ਦੇ ਬਾਵਜੂਦ ਸਟਾਫ਼ ਦੀ ਕਮੀ ਕਰਕੇ ਲੋਕਾਂ ਨੂੰ ਇਲਾਜ ਨਹੀਂ ਮਿਲ ਪਾ ਰਿਹਾ। 

ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ’ਚ ਸਿਰਫ਼ 10 ਰੁਪਏ ਪਰਚੀ ਲੱਗਦੀ ਹੈ ਅਤੇ ਮੁਹੱਲਾ ਕਲੀਨਿਕ ’ਚ 50 ਰੁਪਏ ਦੇਣੇ ਪੈਣਗੇ ਜੋਕਿ ਗ਼ਰੀਬਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਹੈ, ਜੋ ਹਰ ਜ਼ਿੰਮੇ ਵਿਚ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਕਰਵਾਉਣ ਜਾ ਰਹੀ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਜਿਸ ਨੇ 16 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦਾ ਦਾਅਵਾ ਕੀਤਾ ਸੀ ਅਤੇ ਸਿਰਫ਼ 117 ਮੁਹੱਲਾ ਕਲੀਨਿਕ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਗ਼ਰੀਬਾਂ ਦੇ ਇਲਾਜ ਲਈ ਚਲਾਈ ਪ੍ਰਧਾਨ ਮੰਤਰੀ ਆਯੁਸ਼ਮਾਨ ਬੀਮਾ ਯੋਜਨਾ ਠੱਪ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਗ਼ਰੀਬਾਂ ਦਾ ਕਿੰਨਾ ਕੁ ਫ਼ਿਕਰ ਹੈ ਅਤੇ ਅੱਜ ਜਿਹੜੇ ਗ਼ਰੀਬ ਹਸਪਤਾਲਾਂ ’ਚ 5 ਲੱਖ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦੇ ਸਨ, ਅੱਜ ਉਸ ਸਹੂਲਤ ਤੋਂ ਵਾਂਝੇ ਬੈਠੇ ਹਨ। ਉਨ੍ਹਾਂ ਕਿਹਾ ਕਿ ਹੁਣ ਇਕ ਵਿਧਾਨ ਸਭਾ ਹਲਕੇ ’ਚ ਇਕ ਮੁਹੱਲਾ ਕਲੀਨਿਕ ਦੇਣਾ ਪੂਰਨ ਤੌਰ ’ਤੇ ਡੇਢ-ਦੋ ਲੱਖ ਆਬਾਦੀ ਵਾਲੇ ਇਕ ਵਿਧਾਨ ਸਭਾ ਹਲਕੇ ਵਾਸਤੇ ਭੱਦੇ ਮਜ਼ਾਕ ਜਿਹੀ ਗੱਲ ਹੈ। 

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News