ਫਿਰੋਜ਼ਪੁਰ ''ਚ ਕਿਸਾਨਾਂ ਨੇ ਕੀਤਾ ਬੀ.ਜੇ.ਪੀ ਆਗੂ ਦਾ ਵਿਰੋਧ ,ਪੁਲਸ ਨਾਲ ਹੋਈ ਧੱਕਾ ਮੁੱਕੀ
Sunday, Jul 25, 2021 - 04:57 PM (IST)
ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸ਼ਹਿਰ ਦੇ ਗੁਰੂ ਨਗਰ ਵਿਚ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਦੇ ਬਾਹਰ ਅਤੇ ਇੰਚਾਰਜ ਲੋਕਲ ਬਾਡੀਜ ਭਾਜਪਾ ਪੰਜਾਬ ਪ੍ਰਧਾਨ ਦਵਿੰਦਰ ਬਜਾਜ ਦੀ ਡੇਅਰੀ ਦੇ ਬਾਹਰ ਕਿਸਾਨ ਸੰਗਠਨਾਂ ਵੱਲੋਂ ਅੱਜ ਘੰਟਿਆਂ ਬੱਧੀ ਘਿਰਾਓ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਸੈਂਕੜੇ ਇਕੱਠੇ ਹੋਏ ਕਿਸਾਨ ਮਜ਼ਦੂਰ ਅਤੇ ਛੋਟੇ ਬੱਚਿਆਂ ਨੇ ਹੱਥਾਂ ਵਿੱਚ ਝੰਡੇ ਫੜ ਕੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਯੁਕਤ ਕਿਸਾਨ ਮੋਰਚਾ ਭਾਜਪਾ ਦਾ ਜ਼ੋਰਦਾਰ ਵਿਰੋਧ ਕਰੇਗਾ ਅਤੇ ਜਿੱਥੇ ਵੀ ਭਾਜਪਾ ਆਗੂ ਆਉਣਗੇ, ਉਨ੍ਹਾਂ ਦਾ ਕਾਲੇ ਝੰਡੇ ਦਿਖਾ ਕੇ ਘਿਰਾਓ ਕਰਦੇ ਰਹਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਮਨ ਕੀ ਬਾਤ ਰਾਹੀਂ ਭਾਜਪਾਈਆਂ ਅਤੇ ਦੇਸ਼ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਜਾਣਾ ਸੀ ਅਤੇ ਭਾਜਪਾ ਕਾਰਜਕਾਰਨੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਰੱਖੀ ਗਈ ਸੀ, ਜਿਸ ਵਿੱਚ ਸੇਵਾ ਮੁਕਤ ਏ.ਡੀ.ਜੀ.ਪੀ. ਪੰਜਾਬ ਆਰ.ਪੀ. ਮਿੱਤਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨੀ ਸੀ। ਜਿਵੇਂ ਹੀ ਸੰਯੁਕਤ ਕਿਸਾਨ ਮੋਰਚਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸੈਂਕੜੇ ਕਿਸਾਨ ਹੱਥਾਂ ਵਿੱਚ ਝੰਡੇ ਲੈ ਕੇ ਗੁਰੂ ਨਗਰ ਗੇਟ ਪਹੁੰਚੇ ਜਿਥੇ ਉਨ੍ਹਾਂ ਨੇ ਭਾਜਪਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਗੁਰੂ ਨਗਰ ਏਰੀਆ ਨੂੰ ਜ਼ਿਲ੍ਹਾ ਫਿਰੋਜ਼ਪੁਰ ਪੁਲਸ ਵੱਲੋਂ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਵੱਡੇ ਪੱਧਰ ਤੇ ਐਸ.ਪੀ. ਹੈੱਡ ਕੁਆਟਰ ਅਤੇ ਐਸ.ਪੀ. ਇੰਨਵੈਸਟੀਗੇਸ਼ਨ ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ, ਜਿੱਥੇ ਐੱਸ.ਡੀ.ਐੱਮ ਅਮਿਤ ਕੁਮਾਰ ਗੁਪਤਾ ਵੀ ਪਹੁੰਚ ਗਏ। ਪੁਲਸ ਵੱਲੋਂ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਵੀ ਕੀਤੀ ਗਈ, ਪਰ ਕਿਸਾਨਾਂ ਵਿੱਚ ਬਹੁਤ ਵੱਡਾ ਰੋਸ ਦੇਖਿਆ ਗਿਆ। ਪੁਲਸ ਵੱਲੋਂ ਸੁਰੱਖਿਆ ਨੂੰ ਲੈ ਕੇ ਗੁਰੂ ਘਰ ਦਾ ਮੇਨ ਗੇਟ ਬੰਦ ਕਰ ਦਿੱਤਾ ਗਿਆ, ਪਰ ਕਈ ਕਿਸਾਨ ਬੰਦ ਗੇਟ ਦੇ ਉੱਪਰੋਂ ਗੁਰੂ ਨਗਰ ਵਿੱਚ ਦਾਖਲ ਹੋ ਗਏ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਨੇ ਘਰ ਦੇ ਬਾਹਰ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਵਾਰ ਵਾਰ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ।