ਭਾਜਪਾ ਨਾਲੋਂ ਗਠਜੋੜ ਤੋੜਣ ਤੋਂ ਬਾਅਦ ਵੀ ਵੱਡੇ ਬਾਦਲ ਦੀ ਚੁੱਪੀ ਨੇ ਖੜ੍ਹੇ ਕੀਤੇ ਸਵਾਲ

09/30/2020 6:13:44 PM

ਮਲੋਟ (ਜੁਨੇਜਾ) : 13 ਸਤੰਬਰ ਤੱਕ ਕੇਂਦਰ ਵੱਲੋਂ ਪਾਸ ਆਰਡੀਨੈਂਸਾਂ ਦੇ ਹੱਕ ਵਿਚ ਬੋਲਣ ਤੋਂ ਬਾਅਦ ਭਾਵੇਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅਚਾਨਕ ਪੈਂਤੜਾ ਬਦਲ ਕੇ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਆ ਗਏ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ 3 ਸਤੰਬਰ ਨੂੰ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿਚ ਜਾਰੀ ਵੀਡੀਓ ਤੋਂ ਬਾਅਦ ਕੋਈ ਬਿਆਨ ਨਹੀਂ ਦਿੱਤਾ ਗਿਆ। ਖਾਸ ਕਰਕੇ ਇਨ੍ਹਾਂ ਖੇਤੀ ਕਾਨੂੰਨਾਂ ਬਾਰੇ ਅਕਾਲੀ ਦਲ ਵੱਲੋਂ ਲਏ ਮੋੜੇ ਤੋਂ ਬਾਅਦ ਵੀ ਜਦੋਂ ਬਾਦਲ ਜੋੜੇ ਨੇ ਡੰਕੇ ਦੀ ਚੋਟ 'ਤੇ ਇਨ੍ਹਾਂ ਬਿੱਲਾਂ ਨੂੰ ਕਿਸਾਨ ਮਾਰੂ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਹਰਸਿਮਰਤ ਨੇ ਕੇਂਦਰ ਦੇ ਮੰਤਰੀ ਮੰਡਲ 'ਚੋਂ ਅਸਤੀਫ਼ਾ ਦੇ ਦਿੱਤਾ ਅਤੇ 27 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਐੱਨ. ਡੀ. ਏ. ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ। ਨਾਤਾ ਤੋੜਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇਸ ਤੋੜ ਵਿਛੋੜੇ ਨੂੰ ਅਕਾਲੀ ਦਲ ਦੀ ਮਜਬੂਰੀ ਦੱਸਿਆ ਸੀ। 

ਇਹ ਵੀ ਪੜ੍ਹੋ :  ਗਠਜੋੜ ਟੁੱਟਣ ਪਿੱਛੋਂ ਭਾਜਪਾ ਨੇ ਬੀੜੀਆਂ ਅਕਾਲੀ ਦਲ ਵੱਲ ਤੋਪਾਂ, ਬਾਦਲਾਂ ਨੂੰ ਦਿੱਤਾ ਮੋੜਵਾਂ ਜਵਾਬ

ਵਿਰੋਧੀ ਧਿਰਾਂ ਦਾ ਕਹਿਣਾ ਸੀ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫ਼ੇ 'ਤੇ ਭਾਜਪਾ ਨੇ ਗੰਭੀਰਤਾ ਨਾਲ ਨਾ ਲੈ ਕੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਕੇ ਮਹਿਕਮਾਂ ਨਰਿੰਦਰ ਸਿੰਘ ਤੋਮਰ ਨੂੰ ਦੇ ਦਿੱਤਾ ਪਰ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਸੀ ਕਿ 25 ਦੀ ਲੰਬੀ ਰੈਲੀ ਵਿਚ ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਮੋਦੀ ਉਪਰ ਅਸਤੀਫ਼ਾ ਬੰਬ ਸੁੱਟਣ ਦੇ ਬਿਆਨ ਤੋਂ ਖਫ਼ਾ ਹੋ ਕੇ ਭਾਜਪਾ ਨੇ ਅਕਾਲੀ ਦਲ ਨਾਲੋਂ ਨਾਤਾ ਤੋੜਨ ਦਾ ਐਲਾਨ ਕਰਨਾ ਸੀ ਪਰ ਇਸ ਦੀ ਜਾਣਕਾਰੀ ਮਿਲਨ 'ਤੇ ਸੁਖਬੀਰ ਬਾਦਲ ਨੇ ਸ਼ਾਮ ਨੂੰ ਕੋਰ ਕਮੇਟੀ ਦੀ ਮੀਟਿੰਗ ਕਰਕੇ ਪਹਿਲਾਂ ਹੀ ਤੋੜ ਵਿਛੋੜਾ ਕਰਨ ਦਾ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ :  ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਵਾਲਾ ਗਿਰੋਹ ਗਿੱਦੜਬਾਹਾ 'ਚ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ

ਉਧਰ ਤੋੜ ਵਿਛੋੜੇ ਤੋਂ 4 ਦਿਨ ਲੰਘ ਜਾਣ 'ਤੇ ਵੀ ਸੀਨੀਅਰ ਬਾਦਲ ਵੱਲੋਂ ਕੋਈ ਬਿਆਨ ਨਹੀਂ ਦਿੱਤਾ । ਭਾਵੇਂ ਸ. ਪ੍ਰਕਾਸ਼ ਸਿੰਘ ਬਾਦਲ ਕਰੀਬ 10-12 ਦਿਨ ਆਪਣਾ ਬਾਲਾ ਸਰ ਫਾਰਮ ਵਿਚ ਅਰਾਮ ਫਰਮਾ ਰਹੇ ਸਨ ਪਰ ਇਹ ਨਹੀਂ ਹੋ ਸਕਦਾ ਕਿ ਸਾਰੀ ਸਥਿਤੀ ਉਪਰ ਉਨ੍ਹਾਂ ਦੀ ਨਜ਼ਰ ਨਾ ਹੋਵੇ। ਹੁਣ ਸੋਮਵਾਰ ਸ਼ਾਮ ਤੋਂ ਸਾਬਕਾ ਮੁੱਖ ਮੰਤਰੀ ਆਪਣੀ ਬਾਦਲ ਰਿਹਾਇਸ਼ ਉਪਰ ਵਾਪਸ ਆ ਗਏ ਹਨ ਪਰ ਅਜੇ ਤੱਕ ਉਨ੍ਹਾਂ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਦੇਂ ਇਸ ਨੂੰ ਨੌਂਹ ਮਾਸ ਦਾ ਰਿਸ਼ਤਾ ਦੱਸਿਆ ਜਾਂਦਾ ਸੀ ਅਤੇ ਕਦੇ ਪਤੀ-ਪਤਨੀ ਦਾ ਅਤੇ ਉਨ੍ਹਾਂ ਦਾ ਇਥੋਂ ਤੱਕ ਕਹਿਣਾ ਸੀ ਜਿਨੀਂਂ ਦੇਰ ਉਨ੍ਹਾਂ ਦੀ ਜ਼ਿੰਦਗੀ ਹੈ ਉਨੀ ਦੇਰ ਉਹ ਭਾਜਪਾ ਨਾਲੋਂ ਸਾਂਝ ਨਹੀਂ ਤੋੜਨਗੇ ਪਰ ਸਿਆਸਤ ਵਿਚ ਸਭ ਕੁਝ ਸੰਭਵ ਹੋਣ ਵਾਂਗ ਇਹ ਰਿਸ਼ਤਾ ਟੁੱਟ ਗਿਆ। 

ਇਹ ਵੀ ਪੜ੍ਹੋ :  ਕਿਸਾਨ ਅੰਦੋਲਨ 'ਚ ਰਾਹੁਲ ਗਾਂਧੀ ਦੀ ਐਂਟਰੀ, 3 ਦਿਨ ਪੰਜਾਬ 'ਚ ਕੱਢਣਗੇ ਟ੍ਰੈਕਟਰ ਰੈਲੀਆਂ

ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੇ ਕੇਂਦਰ ਸਰਕਾਰ ਨਾਲੋਂ ਨਾਤਾ ਤੋੜਨ ਅਤੇ ਬਿਆਨ ਦਾਗਣ ਤੋਂ ਬਾਅਦ ਵੀ ਵੱਡੇ ਬਾਦਲ ਆਪਣੇ ਕੱਦ ਅਨੁਸਾਰ ਬਿੱਲਾਂ ਦੇ ਹੱਕ ਵਿਚ ਦਿੱਤੇ ਬਿਆਨਾਂ ਨੂੰ ਪਲਟਣਾ ਨਹੀਂ ਚਾਹੁੰਦੇ ਜਾਂ ਫਿਰ ਬਾਦਲ ਪਰਿਵਾਰ ਨੇ ਉਨ੍ਹਾਂ ਨੂੰ ਭਾਜਪਾ ਨਾਲ ਮੁੜ ਸਬੰਧਾਂ ਦੀ ਵਾਪਸੀ ਵਿਚ ਇਕ ਗੁੰਜਾਇਸ਼ ਵਜੋਂ ਰੱਖ ਲਿਆ ਹੋਵੇ। ਉਂਝ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਅੱਜ 1 ਅਕਤੂਬਰ ਨੂੰ ਤਿੰਨ ਤਖ਼ਤਾਂ ਤੋਂ ਅਕਾਲੀ ਦਲਾਂ ਦੇ ਜਥੇ ਤੁਰਨ ਤੋਂ ਪਹਿਲਾਂ ਜਦੋਂ ਹਰਸਿਮਰਤ ਅਤੇ ਸੁਖਬੀਰ ਸਵੇਰੇ ਘਰੋਂ ਜਾਣਗੇ ਤਾਂ ਬਾਦਲ ਸਾਹਿਬ ਇਸ ਮੌਕੇ ਕੋਈ ਬਿਆਨ ਦੇ ਦੇਣ।

ਇਹ ਵੀ ਪੜ੍ਹੋ :  ਪੰਜਾਬ ਆਉਣ ਵਾਲੇ ਮੁਸਾਫਰਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ

Gurminder Singh

This news is Content Editor Gurminder Singh