ਬਰਥਡੇਅ ਪਾਰਟੀ ''ਚ ਹਵਾਈ ਫਾਇਰ ਕਰਨ ਵਾਲੇ 6 ਨੌਜਵਾਨ ਗ੍ਰਿਫਤਾਰ

10/31/2019 1:16:39 AM

ਜਲੰਧਰ,(ਸੋਨੂੰ): ਸ਼ਹਿਰ 'ਚ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ ਕੁੱਝ ਨੌਜਵਾਨ ਪੰਜਾਬੀ ਗੀਤਾਂ 'ਤੇ ਨੱਚਦੇ ਹੋਏ ਗੋਲੀਆਂ ਚਲਾ ਰਹੇ ਸਨ। ਜਿਸ ਦੇ ਬਾਰੇ 'ਚ ਕੁੱਝ ਸਮਾਚਾਰ ਪੱਤਰਾਂ 'ਚ ਖਬਰ ਵੀ ਪ੍ਰਕਾਸ਼ਿਤ ਹੋਈ ਸੀ। ਇਸ ਮਾਮਲੇ 'ਚ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ-1 ਤੇ ਥਾਣਾ ਸਦਰ ਦੀ ਪੁਲਸ ਨੇ ਸੰਯੁਕਤ ਰੂਪ ਨਾਲ ਕਾਰਵਾਈ ਕਰਦੇ ਹੋਏ ਵੀਡੀਓ 'ਚ ਨਜ਼ਰ ਆ ਰਹੇ ਨੌਜਵਾਨਾਂ 'ਚੋਂ 6 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਇੰਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਤੇ ਸੀ. ਆਈ. ਏ. ਸਟਾਫ-1 ਦੀ ਟੀਮ ਗਸ਼ਤ ਦੌਰਾਨ ਪਿੰਡ ਬੋਡੇ ਸਪਰਾਏ ਮੋੜ 'ਤੇ ਮੌਜੂਦ ਸੀ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਦੇ ਬਾਰੇ 'ਚ ਪਤਾ ਲੱਗਾ। ਜਿਸ 'ਚ ਕੁੱਝ ਨੌਜਵਾਨ ਪੰਜਾਬੀ ਗੀਤਾਂ 'ਤੇ ਭੰਗੜਾ ਪਾਉਂਦੇ ਹੋਏ ਹਵਾਈ ਫਾਇਰ ਕਰ ਰਹੇ ਸਨ। ਜਾਂਚ ਕਰਨ 'ਤੇ ਪੁਲਸ ਪਾਰਟੀ ਨੂੰ ਪਤਾ ਲੱਗਾ ਕਿ 25 ਅਕਤੂਬਰ ਨੂੰ ਪਿੰਡ ਜਗਰਾਲ 'ਚ ਜਸਕਰਨ ਸਿੰਘ ਉਰਫ ਜੱਸੀ ਬਾਜਵਾ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਜਗਰਾਲ ਥਾਣਾ ਸਦਰ ਵਲੋਂ ਆਪਣੇ ਖੇਤਾਂ 'ਚ ਬਣੇ ਖੂਹ 'ਤੇ ਲੱਗੀ ਮੋਟਰ 'ਤੇ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਕੀਤੀ ਜਾ ਰਹੀ ਸੀ। ਇਸ ਦੌਰਾਨ ਨੌਜਵਾਨਾਂ ਨੇ ਹਵਾਈ ਫਾਇਰ ਕੀਤੇ ਸਨ।

ਪੁਲਸ ਟੀਮਾਂ ਨੇ ਵੀਡੀਓ ਦੇ ਆਧਾਰ 'ਤੇ ਨੌਜਵਾਨਾਂ ਦੀ ਪਛਾਣ ਕਰ ਉਨ੍ਹਾਂ ਨੂੰ ਪਿੰਡ ਅਲੀਪੁਰ ਦੇ ਪਾਲਮ ਵਿਹਾਰ ਤੇ ਕੁੱਝ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ 'ਚੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੁਮਿਤ ਕੁਮਾਰ ਪੁੱਤਰ ਪਰਮਜੀਤ ਸਿੰਘ ਨਿਵਾਸੀ ਪਿੰਡ ਕੋਟ ਸਦੀਕ ਥਾਣਾ ਭਾਰਗਵ ਕੈਂਪ ਜਲੰਧਰ, ਗਗਨਪ੍ਰੀਤ ਸਿੰਘ ਉਰਫ ਬਾਵਾ ਪੁੱਤਰ ਲੇਟ ਅਤਰ ਸਿੰਘ ਨਿਵਾਸੀ ਪਾਲਮ ਵਿਹਾਰ ਪਿੰਡ ਅਲੀਪੁਰ ਥਾਣਾ ਸਦਰ ਜ਼ਿਲਾ ਜਲੰਧਰ, ਪ੍ਰਹਿਲਾਦ ਉਰਫ ਸੋਨੂੰ ਪੁੱਤਰ ਰਾਜੇਸ਼ ਧਵਨ ਨਿਵਾਸੀ ਭਗਤ ਸਿੰਘ ਨਗਰ ਮਾਡਲ ਹਾਊਸ ਜਲੰਧਰ, ਨਰਿੰਦਰ ਸਿੰਘ ਉਰਫ ਨਵੀ ਪੁੱਤਰ ਲੇਟ ਪ੍ਰੀਤਮ ਸਿੰਘ ਨਿਵਾਸੀ ਰਵਿੰਦਰ ਨਗਰ ਫੇਸ 2 ਥਾਣਾ ਡਿਵੀਜ਼ਨ ਨੰਬਰ 7, ਗੁਰਿੰਦਰ ਸਿੰਘ ਉਰਫ ਗਗਨ ਪੁੱਤਰ ਲੇਟ ਜਗਦੇਵ ਸਿੰਘ ਨਿਵਾਸੀ ਪ੍ਰੋਫੈਸਰ ਕਾਲੋਨੀ ਖੁਰਲਾ ਕਿੰਗਰਾ ਜਲੰਧਰ ਤੇ ਜਗੀਰ ਸਿੰਘ ਪੁੱਤਰ ਬੁੱਟਾ ਸਿੰਘ ਨਿਵਾਸੀ ਪੰਜਾਬੀ ਬਾਗ ਨਜ਼ਦੀਕ ਦੁਲਹਨ ਪੈਲੇਸ ਜਲੰਧਰ ਦੇ ਰੂਪ 'ਚ ਹੋਈ ਹੈ। ਫੜੇ ਗਏ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਹਥਿਆਰਾਂ ਤੋਂ ਹਵਾਈ ਫਾਇਰ ਕੀਤੇ ਸਨ। ਪੁਲਸ ਨੇ ਉਕਤ ਨੌਜਵਾਨਾਂ ਨੇ ਸਾਥੀਆਂ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਉਕਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News