ਸਿਵਲ ਸਰਜਨ ਦਫਤਰ ਦੇ ਜਨਮ-ਮੌਤ ਰਜਿਸਟਰੇਸ਼ਨ ਵਿਭਾਗ ’ਤੇ ਵਿਜੀਲੈਂਸ ਦੀ ਰੇਡ
Wednesday, Aug 22, 2018 - 06:32 AM (IST)
ਜਲੰਧਰ, (ਬੁਲੰਦ, ਰੱਤਾ)— ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਸਿਵਲ ਸਰਜਨ ਦਫਤਰ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਸਿਵਲ ਸਰਜਨ ਦਫਤਰ ਦੇ ਜਨਮ-ਮੌਤ ਰਜਿਸਟਰੇਸ਼ਨ ਵਿਭਾਗ ਵਿਚ ਸਰਟੀਫਿਕੇਟ ਵੰਡਣ ਦੇ ਨਾਂ ’ਤੇ ਹੋ ਰਹੀ ਧਾਂਦਲੀ ਉੱਤੋਂ ਪਰਦਾ ਚੁੱਕਦਿਆਂ ਇਕ ਏਜੰਟ ਥੋਮਸ ਮਸੀਹ ਨੂੰ 5 ਹਜ਼ਾਰ ਰੁਪਏ ਸਣੇ ਰੰਗੇ ਹੱਥੀਂ ਫੜਿਆ ਅਤੇ ਉਕਤ ਏਜੰਟ ਨਾਲ ਸੈਟਿੰਗ ਕਰ ਕੇ ਸਰਟੀਫਿਕੇਟ ਜਾਰੀ ਕਰਨ ਵਾਲੇ ਸੁਪਰਿੰਟੈਂਡੈਂਟ ਨਿਰਮਲ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਦੇਵ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਕਟਾਣਾ ਡਾਕਖਾਨਾ ਅੱਪਰਾ ਜਲੰਧਰ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਆਪਣੇ ਕਿਸੇ ਨਿੱਜੀ ਕੰਮ ਲਈ ਆਪਣੇ ਜਨਮ ਸਰਟੀਫਿਕੇਟ ਦੀ ਲੋੜ ਸੀ ਪਰ ਉਸ ਨੂੰ ਜੋ ਸਰਟੀਫਿਕੇਟ ਜਾਰੀ ਹੋਇਆ ਸੀ, ਉਸ ’ਤੇ ਉਸ ਦਾ ਨਾਂ ਅਤੇ ਜਨਮ ਤਰੀਕ ਗਲਤ ਲਿਖੀ ਗਈ ਸੀ। ਆਪਣੇ ਸਰਟੀਫਿਕੇਟ ਵਿਚ ਸੋਧ ਕਰਵਾਉਣ ਲਈ ਉਸ ਨੇ ਅਪਲਾਈ ਕੀਤਾ ਸੀ ਚੱਕਰ ਲਾਉਣ ਤੋਂ ਬਾਅਦ ਵੀ ਉਸ ਦੇ ਸਰਟੀਫਿਕੇਟ ਨੂੰ ਠੀਕ ਕਰ ਕੇ ਜਾਰੀ ਨਹੀਂ ਕੀਤਾ ਗਿਆ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ 3 ਮਹੀਨੇ ਪਹਿਲਾਂ ਜਦੋਂ ਉਹ ਜਨਮ-ਮੌਤ ਰਜਿਸਟਰੇਸ਼ਨ ਵਿਭਾਗ ਦੇ ਸੁਪਰਿੰਟੈਂਡੈਂਟ ਨਿਰਮਲ ਸਿੰਘ ਨੂੰ ਮਿਲਿਆ ਅਤੇ ਆਪਣਾ ਗਲਤ ਜਾਰੀ ਸਰਟੀਫਿਕੇਟ ਦਿਖਾਇਆ ਤਾਂ ਉਸ ਨੇ ਕਿਹਾ ਕਿ ਬਿਨਾਂ ਕਾਰਨ ਚੱਕਰ ਲਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਜੇਕਰ ਸਰਟੀਫਿਕੇਟ ਠੀਕ ਕਰਵਾਉਣਾ ਹੈ ਤਾਂ ਸਿਵਲ ਹਸਪਤਾਲ ਦੇ ਬਾਹਰ ਬੈਠੇ ਇਕ ਏਜੰਟ ਥੋਮਸ ਨੂੰ ਮਿਲੋ, ਉਹ ਤੁਹਾਡਾ ਕੰਮ ਕਰਵਾ ਦੇਵੇਗਾ। ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਉਹ ਏਜੰਟ ਥੋਮਸ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਕੰਮ ਤਾਂ ਮੈਂ ਤੁਹਾਡਾ ਕਰਵਾ ਦੇਵਾਂਗਾ ਪਰ ਇਸਦੇ ਲਈ ਸੁਪਰਿੰਟੈਂਡੈਂਟ ਨਿਰਮਲ ਸਿੰਘ ਦੀ ਜੇਬ ਗਰਮ ਕਰਨੀ ਪਵੇਗੀ, ਜਿਸ ਦੇ ਲਈ 15 ਹਜ਼ਾਰ ਰੁਪਏ ਦੀ ਰਿਸ਼ਵਤ ਏਜੰਟ ਨੇ ਮੰਗੀ। ਇਸ ਤੋਂ ਬਾਅਦ ਏਜੰਟ ਥੋਮਸ ਨੇ ਸ਼ਿਕਾਇਤਕਰਤਾ ਕੋਲੋਂ 10 ਹਜ਼ਾਰ ਰੁਪਏ ਪਹਿਲਾਂ ਲਏ ਅਤੇ 5 ਹਜ਼ਾਰ ਰੁਪਏ ਸਰਟੀਫਿਕੇਟ ਦੇਣ ਸਮੇਂ ਦੇਣ ਦੀ ਗੱਲ ਕਹੀ। ਸ਼ਿਕਾਇਤਕਰਤਾ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਏਜੰਟ ਕੋਲ ਨਹੀਂ ਆ ਸਕਿਆ ਕਿਉਂਕਿ ਉਹ ਆਪਣੀ ਭੈਣ ਨੂੰ ਮਿਲਣ ਆਸਟਰੇਲੀਆ ਚਲਾ ਗਿਆ। ਬੀਤੇ ਦਿਨ ਜਦੋਂ ਉਹ ਥੋਮਸ ਦੇ ਅੱਡੇ ’ਤੇ ਪਹੁੰਚਿਆ ਤਾਂ ਏਜੰਟ ਨੇ ਉਸ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਗਿਆ ਹੈ।
5 ਹਜ਼ਾਰ ਰੁਪਏ ਲਿਆਓ ਤੇ ਆਪਣਾ ਸਰਟੀਫਿਕੇਟ ਲੈ ਜਾਓ।ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਸਾਰੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਅੱਜ ਡੀ. ਐੱਸ. ਪੀ. ਸਤਪਾਲ, ਇੰਸ. ਮਨਦੀਪ ਸਿੰਘ, ਗੁਰਬਖਸ਼ ਸਿੰਘ, ਜਗਰੂਪ ਸਿੰਘ, ਗੁਰਜੀਤ ਸਿੰਘ, ਇੰਦਰ ਸਿੰਘ ਤੇ ਅਮਨਦੀਪ ਮਾਨ ਦੀ ਟੀਮ ਨੇ ਮੌਕੇ ’ਤੇ ਟਰੈਪ ਲਾ ਕੇ ਸਰਕਾਰੀ ਗਵਾਹਾਂ ਸੁਰਜੀਤ ਸਿੰਘ, ਮੁਕੇਸ਼ ਕੁਮਾਰ, ਅਰੁਣ ਕਪੂਰ ਤੇ ਲਖਵਿੰਦਰ ਸਿੰਘ ਨੂੰ ਨਾਲ ਲੈ ਕੇ ਏਜੰਟ ਥੋਮਸ ਨੂੰ ਰੰਗੇ ਹੱਥੀਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਟੀਮ ਨੇ ਥੋਮਸ ਕੋਲੋਂ ਪੁੱਛਗਿੱਛ ਕਰ ਕੇ ਸੁਪਰਿੰਟੈਂਡੈਂਟ ਨਿਰਮਲ ਸਿੰਘ ਦੇ ਦਫਤਰ ਦਾ ਰੁਖ਼ ਕੀਤਾ। ਦਫਤਰ ਵਿਚ ਜਾ ਕੇ ਸਾਰੇ ਰਿਕਾਰਡ ਦੀ ਛਾਣਬੀਣ ਕਰ ਕੇ ਸਰਟੀਫਿਕੇਟਾਂ ਦਾ ਰਿਕਾਰਡ ਜ਼ਬਤ ਕੀਤਾ ਗਿਆ ਅਤੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ।
ਸਿਵਲ ਵਰਦੀ, ਪ੍ਰਾਈਵੇਟ ਕਾਰ ’ਚ ਆਈ ਵਿਜੀਲੈਂਸ ਟੀਮ ਤੇ ਨਾਨ ਖਾਂਦਿਆਂ ਬਣਾਈ ਸਾਰੀ ਵੀਡੀਓ
ਮਾਮਲੇ ਬਾਰੇ ਵਿਜੀਲੈਂਸ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸਾਰਾ ਟਰੈਪ ਬੜੀ ਸਾਵਧਾਨੀ ਨਾਲ ਲਾਇਆ ਗਿਆ ਸੀ। ਸਾਰੀ ਵਿਜੀਲੈਂਸ ਟੀਮ ਸਿਵਲ ਵਰਦੀ ਵਿਚ ਸਿਵਲ ਸਰਜਨ ਆਫਿਸ ਵਿਚ ਦਾਖਲ ਹੋਈ। ਟੀਮ ਕੋਲ ਪ੍ਰਾਈਵੇਟ ਕਾਰਾਂ ਸਨ ਅਤੇ ਸਾਰੀ ਟੀਮ ਸਿਵਲ ਸਰਜਨ ਆਫਿਸ ਵਿਚ ਥਾਂ-ਥਾਂ ਫੈਲ ਗਈ। ਕੋਈ ਨਾਨ ਖਾਂਦੇ ਹੋਏ ਏਜੰਟਾਂ ਦੀ ਵੀਡੀਓ ਬਣਾਉਣ ਲੱਗਾ, ਕੋਈ ਚਾਹ ਪੀਂਦੇ ਅਤੇ ਕੋਈ ਉਥੇ ਗੱਲਾਂ ਕਰਦੇ ਹੋਏ ਏਜੰਟਾਂ ’ਤੇ ਨਜ਼ਰ ਰੱਖ ਰਿਹਾ ਸੀ। ਜਿਵੇਂ ਹੀ ਥੋਮਸ ਏਜੰਟ ਨੇ 5 ਹਜ਼ਾਰ ਰੁਪਏ ਲਏ ਤੁਰੰਤ ਟੀਮ ਨੇ ਉਸ ਨੂੰ ਕਾਬੂ ਕਰ ਲਿਆ।
ਛਾਪੇਮਾਰੀ ਦੌਰਾਨ ਏਜੰਟਾਂ ਸਣੇ ਕਈ ਡਾਕਟਰ ਵੀ ਹੋਏ ਗਾਇਬ
ਵਿਜੀਲੈਂਸ ਵਿਭਾਗ ਦੀ ਸਿਵਲ ਸਰਜਨ ਦਫਤਰ ਵਿਚ ਰੇਡ ਦੀ ਖਬਰ ਸਾਹਮਣੇ ਆਉਂਦਿਆਂ ਹੀ ਦਫਤਰ ਵਿਚ ਫੈਲੇ ਦਰਜਨਾਂ ਏਜੰਟ ਅਤੇ ਕਈ ਡਾਕਟਰ ਸਿਵਲ ਹਸਪਤਾਲ ਤੋਂ ਗਾਇਬ ਹੋ ਗਏ। ਵਿਭਾਗੀ ਕਰਮਚਾਰੀਆਂ ਨੇ ਦੱਸਿਆ ਕਿ ਸਿਵਲ ਸਰਜਨ ਦਫਤਰ ਦੇ ਬਾਹਰ ਟੇਬਲ ਲਾ ਕੇ ਬੈਠੇ ਏਜੰਟਾਂ ਨੇ ਸਰਕਾਰੀ ਵਿਭਾਗ ਵਿਚ ਰਿਸ਼ਵਤਖੋਰੀ ਦਾ ਮਾਇਆ ਜਾਲ ਫੈਲਾਇਆ ਹੋਇਆ ਹੈ। ਸਾਰੇ ਦਲਾਲ ਅਸਲ ਵਿਚ ਸਰਕਾਰੀ ਕਰਮਚਾਰੀਆਂ ਲਈ ਰਿਸ਼ਵਤ ਦੇ ਪੈਸੇ ਦੀ ਕੁਲੈਕਸ਼ਨ ਕਰਦੇ ਹਨ, ਜਿਸ ਕਾਰਨ ਸਰਕਾਰੀ ਕਰਮਚਾਰੀ ਤੇ ਬਾਬੂ ਉਸ ਫਾਈਲ ਨੂੰ ਹੀ ਕਲੀਅਰ ਕਰਦੇ ਹਨ, ਜਿਨ੍ਹਾਂ ਦੇ ਪੈਸੇ ਏਜੰਟਾਂ ਰਾਹੀਂ ਉਨ੍ਹਾਂ ਤੱਕ ਪਹੁੰਚਦੇ ਹਨ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਏਜੰਟਾਂ ਤੋਂ ਇਲਾਵਾ ਪ੍ਰਾਈਵੇਟ ਸਕਿਓਰਿਟੀ ਗਾਰਡ ਵੀ ਇਸ ਦਲਾਲੀ ਦੇ ਕੰਮ ਵਿਚ ਲੱਗੇ ਹੋਏ ਹਨ।
ਆਪਣੇ ਸਾਥੀ ਦੇ ਪਿੱਛੇ ਪਹੁੰਚੇ ਵਿਭਾਗ ਦੇ ਹੋਰ ਕਰਮਚਾਰੀ ਵਿਜੀਲੈਂਸ ਦਫਤਰ ’ਚ
ਵਿਜੀਲੈਂਸ ਦੇ ਕਰਮਚਾਰੀਆਂ ਨੇ ਏਜੰਟ ਥੋਮਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੁਪਰਿੰਟੈਂਡੈਂਟ ਨਿਰਮਲ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ, ਸਗੋਂ ਉਸ ਨੂੰ ਇਹ ਕਿਹਾ ਕਿ ਜ਼ਬਤ ਰਿਕਾਰਡ ਬਾਰੇ ਪੁੱਛਗਿੱਛ ਕਰਨੀ ਹੈ, ਇਸ ਲਈ ਨਾਲ ਲੈ ਕੇ ਜਾਣਾ ਹੈ।
ਵਿਜੀਲੈਂਸ ਅਧਿਕਾਰੀਆਂ ਨੇ ਨਿਰਮਲ ਸਿੰਘ ਨੂੰ ਆਪਣੇ ਨਾਲ ਲਿਆ ਅਤੇ ਵਿਜੀਲੈਂਸ ਦਫਤਰ ਲਿਜਾ ਕੇ ਉਸ ਨੂੰ ਅਤੇ ਏਜੰਟ ਥੋਮਸ ਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਓਧਰ ਨਿਰਮਲ ਸਿੰਘ ਦੇ ਪਿੱਛੇ ਹੀ ਵਿਭਾਗ ਦੇ ਦਰਜਨ ਦੇ ਕਰੀਬ ਕਰਮਚਾਰੀ ਵੀ ਆਪਣੇ ਸਾਥੀ ਨੂੰ ਛੁਡਵਾਉਣ ਵਿਜੀਲੈਂਸ ਵਿਭਾਗ ਦੇ ਦਫਤਰ ਪਹੁੰਚ ਗਏ ਪਰ ਨਾ ਤਾਂ ਉਨ੍ਹਾਂ ਨੂੰ ਨਿਰਮਲ ਸਿੰਘ ਨੂੰ ਮਿਲਣ ਦਿੱਤਾ ਗਿਆ।
