ਪੰਜਾਬ ਟੈਕਸੇਸ਼ਨ ਵਿਭਾਗ ਦੀ ਵੱਡੀ ਕਾਰਵਾਈ, 5 ਕਰੋੜ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਕੀਤੇ ਜ਼ਬਤ

Monday, Mar 18, 2024 - 03:22 AM (IST)

ਪਟਿਆਲਾ/ਸਨੌਰ (ਮਨਦੀਪ ਜੋਸਨ, ਰਾਜੇਸ਼ ਪੰਜੌਲਾ)– ਲੋਕ ਸਭਾ ਚੋਣਾਂ 2024 ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਟੈਕਸੇਸ਼ਨ ਵਿਭਾਗ ਨੇ ਸੜਕੀ ਨਿਰੀਖਣ ’ਚ ਕੀਤੇ ਵਾਧੇ ਦੇ ਮੱਦੇਨਜ਼ਰ ਇਕ ਨਿੱਜੀ ਵਾਹਨ ’ਚੋਂ ਟੈਕਸ ਚੋਰੀ ਕਰਕੇ ਲਿਜਾਏ ਜਾ ਰਹੇ ਕਰੀਬ 5 ਕਰੋੜ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਜ਼ਬਤ ਕੀਤੇ ਹਨ।

ਇਹ ਜਾਣਕਾਰੀ ਦਿੰਦਿਆਂ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਜੀਵਨਜੋਤ ਕੌਰ ਨੇ ਖ਼ੁਲਾਸਾ ਕੀਤਾ ਕਿ ਵਧੀਕ ਮੁੱਖ ਸਕੱਤਰ (ਟੈਕਸੇਸ਼ਨ) ਪੰਜਾਬ ਵਿਕਾਸ ਪ੍ਰਤਾਪ ਸਿੰਘ ਤੇ ਕਰ ਕਮਿਸ਼ਨਰ ਪੰਜਾਬ ਵਰੁਣ ਰੂਜਮ ਦੇ ਨਿਰਦੇਸ਼ਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ 2024 ਦੌਰਾਨ ਸਖ਼ਤ ਸੜਕੀ ਜਾਂਚ ਰਾਹੀਂ ਟੈਕਸ ਚੋਰੀ ਦਾ ਪਤਾ ਲਗਾਉਣ ਦੀ ਮੁਹਿੰਮ ਅਾਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਤੁਰੰਤ ਬਾਅਦ ਸ਼ੁਰੂ ਹੋਈ ਇਸ ਪਹਿਲਕਦਮੀ ਦੌਰਾਨ ਐੱਸ. ਟੀ. ਓ. ਹੁਕਮ ਚੰਦ ਬਾਂਸਲ ਦੀ ਅਗਵਾਈ ਹੇਠ ਇਕ ਟੀਮ, ਜੋ ਕਿ ਏ. ਸੀ. ਐੱਸ. ਟੀ. ਪ੍ਰਦੀਪ ਕੌਰ ਢਿੱਲੋਂ, ਐੱਸ. ਆਈ. ਪੀ. ਯੂ. ਪਟਿਆਲਾ ਦੀ ਨਿਗਰਾਨੀ ’ਚ ਤਾਇਨਾਤ ਸੀ, ਵਲੋਂ ਭਰੋਸੇਯੋਗ ਜਾਣਕਾਰੀ ਦੇ ਆਧਾਰ ’ਤੇ ਕਰੀਬ 5 ਕਰੋੜ ਰੁਪਏ ਦੀ ਕੀਮਤ ਵਾਲੇ ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਖੀਰ ਫੜਿਆ ਗਿਆ ਐਲਵਿਸ਼ ਯਾਦਵ, ਪੁਲਸ ਨੇ ਇਸ ਮਾਮਲੇ ’ਚ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

ਕਰ ਵਿਭਾਗ ਦੇ ਵਧੀਕ ਕਮਿਸ਼ਨਰ ਜੀਵਨਜੋਤ ਕੌਰ ਨੇ ਦੱਸਿਆ ਕਿ ਸਟੇਟ ਟੈਕਸ ਅਫ਼ਸਰ ਨੂੰ ਬਠਿੰਡਾ ਤੋਂ ਚੰਡੀਗੜ੍ਹ ਜਾਣ ਲਈ ਇਕ ਚਿੱਟੇ ਰੰਗ ਦੀ ਇਨੋਵਾ ਕਾਰ ਰਜਿਸਟ੍ਰੇਸ਼ਨ ਨੰਬਰ ਸੀ. ਐੱਚ. 01 ਬੀ. ਕਿਯੂ. 0402 ’ਚ ਵੱਡੀ ਮਾਤਰਾ ’ਚ ਕੀਮਤੀ ਧਾਤਾਂ ਦੀ ਢੋਆ-ਢੁਆਈ ਬਾਰੇ ਭਰੋਸੇਯੋਗ ਖ਼ੁਫ਼ੀਆ ਜਾਣਕਾਰੀ ਪ੍ਰਾਪਤ ਹੋਈ ਸੀ, ਇਸ ਗੱਡੀ ਦਾ ਵਿਆਪਕ ਪਿੱਛਾ ਕਰਨ ਤੋਂ ਬਾਅਦ ਵਾਹਨ ਨੂੰ 16 ਮਾਰਚ ਦੀ ਲੰਘੀ ਰਾਤ ਕਰੀਬ 10:51 ਵਜੇ ਟੋਲ ਪਲਾਜ਼ਾ ਕਾਲਾਝਾੜ (ਭਵਾਨੀਗੜ੍ਹ-ਪਟਿਆਲਾ ਰੋਡ) ਨੇੜੇ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਸਤੂਆਂ ਦਾ ਮਾਲਕ ਜੀ. ਐੱਸ. ਟੀ. ਐਕਟ 2017 ਦੇ ਉਪਬੰਧਾਂ ਦੁਆਰਾ ਲਾਜ਼ਮੀ ਤੌਰ ’ਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ’ਚ ਅਸਫ਼ਲ ਰਿਹਾ।

ਇਸ ਦੌਰਾਨ ਸ਼ੁਰੂਆਤੀ ਭੌਤਿਕ ਤਸਦੀਕ ਨੇ ਪੁਸ਼ਟੀ ਕੀਤੀ ਕਿ ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣਿਆਂ ਦੇ ਰੂਪ ’ਚ ਅੰਗੂਠੀਆਂ, ਚੂੜੀਆਂ, ਚੋਕਰ ਸੈੱਟ ਤੇ ਹਾਰ ਆਦਿ ਸ਼ਾਮਲ ਸਨ, ਜਿਨ੍ਹਾਂ ਨੂੰ ਸਹੀ ਤੇ ਪ੍ਰਮਾਣਿਕ ਦਸਤਾਵੇਜ਼ਾਂ ਦੀ ਅਣਹੋਂਦ ’ਚ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ। ਹਾਲਾਂਕਿ ਮਾਲ ਦੀ ਅਸਲ ਕੀਮਤ ਦਾ ਪਤਾ ਲਗਾਉਣ ਤੇ ਨਾਲ ਦੇ ਦਸਤਾਵੇਜ਼ਾਂ ਨੂੰ ਪ੍ਰਮਾਣਿਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਜੀਵਨਜੋਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਸੋਨੇ ਤੇ ਹੀਰਿਆਂ ਦਾ ਮੁਲਾਂਕਣ ਪੂਰਾ ਹੋਣ ਤੋਂ ਬਾਅਦ ਸਬੰਧਤ ਫਰਮ ਨੂੰ ਟੈਕਸ ਚੋਰੀ ਲਈ ਭਾਰੀ ਜੁਰਮਾਨਾ ਭਰਨਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News