ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ 200 ਕਰੋੜ ਰੁਪਏ ਤੋਂ ਵੀ ਵੱਧ ਦਾ ਨਸ਼ਾ ਬਰਾਮਦ

Tuesday, Aug 25, 2026 - 07:08 PM (IST)

ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ 200 ਕਰੋੜ ਰੁਪਏ ਤੋਂ ਵੀ ਵੱਧ ਦਾ ਨਸ਼ਾ ਬਰਾਮਦ

ਫਿਰੋਜ਼ਪੁਰ (ਵੈੱਬ ਡੈਸਕ): ਨਸ਼ਾ ਤਸਕਰੀ ਦੇ ਕੌਮਾਂਤਰੀ ਨੈੱਟਵਰਕ ਅਤੇ ਸਰਹੱਦ ਪਾਰਲੇ ਗੰਢਤੁਪ 'ਤੇ ਕਰਾਰੀ ਸੱਟ ਮਾਰਦਿਆਂ ਪੰਜਾਬ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਅਤੇ ਬੀ.ਐੱਸ.ਐੱਫ. ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਨਸ਼ਾ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਸਾਂਝੀ ਕਾਰਵਾਈ ਦੌਰਾਨ 44.5 ਕਿੱਲੋ ਹੈਰੋਇਨ ਅਤੇ 3 ਕਿੱਲੋ ਆਈਸ ਡਰੱਗ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ 200 ਕਰੋੜ ਰੁਪਏ ਤੋਂ ਵੀ ਕਿਤੇ ਵੱਧ ਦੱਸੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਇਕ ਵੱਡੀ ਖੇਪ ਭਾਰਤੀ ਖੇਤਰ ਵਿਚ ਪਹੁੰਚਾਈ ਗਈ ਹੈ। ਬਿਨਾਂ ਸਮਾਂ ਗੁਆਏ, ਕਾਊਂਟਰ ਇੰਟੈਲੀਜੈਂਸ ਨੇ ਬੀ.ਐੱਸ.ਐੱਫ. ਦੇ ਨਾਲ ਤਾਲਮੇਲ ਕਰਕੇ ਫਿਰੋਜ਼ਪੁਰ ਦੇ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕ ਸਥਿਤ ਪਿੰਡ ਗਜਨੀਵਾਲਾ ਵਿਚ 'ਕੋਰਡਨ ਐਂਡ ਸਰਚ ਆਪ੍ਰੇਸ਼ਨ' (ਕਾਸੋ) ਚਲਾਇਆ। ਖੇਤਾਂ ਦੇ ਚੱਪੇ-ਚੱਪੇ ਦੀ ਤਲਾਸ਼ੀ ਲੈਣ ਉਪਰੰਤ, ਮਿੱਟੀ ਵਿਚ ਲੁਕੋ ਕੇ ਰੱਖੀ ਗਈ ਨਸ਼ਿਆਂ ਦੀ ਇਹ ਭਾਰੀ ਖੇਪ ਬਰਾਮਦ ਕੀਤੀ ਗਈ। ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਖੇਪ ਆਉਣ ਵਾਲੇ ਦਿਨਾਂ ਵਿਚ ਅੱਗੇ ਸਪਲਾਈ ਕੀਤੀ ਜਾਣੀ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਸਮਾਂ ਰਹਿੰਦਿਆਂ ਬਰਾਮਦ ਕਰ ਲਿਆ।

ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਦਿਆਂ ਪੁਲਸ ਨੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਫਾਜ਼ਿਲਕਾ ਵਿਚ NDPS ਐਕਟ ਦੇ ਤਹਿਤ ਸਖ਼ਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਇਹ ਜਾਂਚ ਸਿਰਫ ਬਰਾਮਦਗੀ ਤੱਕ ਸੀਮਤ ਨਹੀਂ ਰਹੇਗੀ। ਪੁਲਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਖੇਪ ਸਰਹੱਦ ਪਾਰੋਂ ਕਿਹੜੇ ਹੈਂਡਲਰਾਂ ਨੇ ਭੇਜੀ ਸੀ ਅਤੇ ਭਾਰਤ ਵਿਚ ਇਸ ਨੂੰ ਕਿਹੜੇ ਤਸਕਰਾਂ ਨੇ ਚੁੱਕ ਕੇ ਅੱਗੇ ਵੰਡਣਾ ਸੀ। 


author

Anmol Tagra

Content Editor

Related News