ਪੰਜਾਬ ਨੇ ਲੋੜਵੰਦਾਂ ਦੇ ਖਾਣ ਲਈ ਕਣਕ ਤੇ ਚੌਲਾਂ ਦੇ 938 ਰੈਕ ਹੋਰਨਾਂ ਸੂਬਿਆਂ ਨੂੰ ਭੇਜੇ : ਆਸ਼ੂ

Friday, May 01, 2020 - 06:14 PM (IST)

ਪੰਜਾਬ ਨੇ ਲੋੜਵੰਦਾਂ ਦੇ ਖਾਣ ਲਈ ਕਣਕ ਤੇ ਚੌਲਾਂ ਦੇ 938 ਰੈਕ ਹੋਰਨਾਂ ਸੂਬਿਆਂ ਨੂੰ ਭੇਜੇ : ਆਸ਼ੂ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 23.5 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲਾਂ ਨਾਲ ਭਰੇ 938 ਰੈਕ ਭੇਜੇ ਗਏ ਹਨ ਤਾਂ ਜੋ ਕੋਵਿਡ-19 ਕਾਰਨ ਦੇਸ਼ ਭਰ 'ਚ ਕੀਤੇ ਗਏ ਲਾਕਡਾਊਨ ਦੀ ਇਸ ਸਥਿਤੀ 'ਚ ਗਰੀਬਾਂ ਅਤੇ ਲੋੜਵੰਦਾਂ ਦਾ ਢਿੱਡ ਭਰਿਆ ਜਾ ਸਕੇ। ਜਦੋਂ ਦੇਸ਼ ਕੋਰੋਨਾਵਾਇਰਸ ਅਤੇ ਆਪਣੇ ਨਾਗਰਿਕਾਂ ਨੂੰ ਖਾਣਾ ਦੇਣ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਤਾਂ ਪੰਜਾਬ, ਦੇਸ਼ ਦਾ ਅੰਨਦਾਤਾ ਹੋਣ ਦੀ ਆਪਣੀ ਸ਼ਾਖ ਨੂੰ ਕਾਇਮ ਰੱਖਦਿਆਂ ਸਾਰੇ ਰਾਜਾਂ ਨੂੰ ਇਸ ਵਿਸ਼ਾਲ ਕਾਰਜ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਜਦੋਂ ਤੋਂ ਦੇਸ਼ ਵਿੱਚ ਲਾਕਡਾਊਨ ਕੀਤਾ ਗਿਆ ਹੈ ਉਦੋਂ ਤੋਂ ਪੰਜਾਬ ਵੱਲੋਂ ਅਨਾਜ ਦੇ 938 ਰੈਕ ਹੋਰਨਾਂ ਰਾਜਾਂ ਨੂੰ ਭੇਜੇ ਗਏ ਹਨ ਅਤੇ ਇਸ ਤਰ੍ਹਾਂ 26 ਮਾਰਚ ਤੋਂ ਲੈ ਕੇ ਹੁਣ ਤੱਕ ਤਕਰੀਬਨ 23.5 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ 938 ਵਿਸ਼ੇਸ਼ ਰੇਲਗੱਡੀਆਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵਿਲੱਖਣ ਪਹਿਲਕਦਮੀ ਦੇਸ਼ ਦੇ ਦੂਸਰੇ ਸੂਬਿਆਂ ਨੂੰ ਸਮਾਜ ਦੇ ਪਛੜੇ ਵਰਗਾਂ ਦਰਮਿਆਨ ਅਨਾਜ ਦੀ ਵੰਡ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸੂਬੇ ਦੇ 50 ਫੀਸਦੀ ਪਰਿਵਾਰਾਂ (1,41,44,291 ਲਾਭਪਾਤਰੀ) ਪੀ. ਐਮ. ਜੀ. ਕੇ. ਏ. ਵਾਈ. ਅਧੀਨ ਆਉਂਦੇ ਅੰਨਤੋਦਿਆ ਅੰਨ ਯੋਜਨਾ ਅਤੇ ਪਰੀਓਰਿਟੀ ਹਾਊਸ ਹੋਲਡ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ (ਅਪ੍ਰੈਲ 2020 ਤੋਂ ਜੂਨ 2020 ਤੱਕ) 15 ਕਿਲੋ ਅਨਾਜ ਮੁਫ਼ਤ 'ਚ ਮੁਹੱਈਆ ਕਰਵਾਇਆ ਹੈ ਇਸ ਤੋਂ ਇਲਾਵਾ 3 ਕਿਲੋ ਦਾਲ ਪ੍ਰਤੀ ਘਰ ਨੂੰ ਬਿਲਕੁਲ ਮੁਫਤ ਦਿੱਤੀ ਗਈ ਹੈ ਜਦਕਿ ਜਿਹੜੇ ਵਿਅਕਤੀ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਨਹੀਂ ਆਉਂਦੇ ਉਨ੍ਹਾਂ ਨੂੰ 15 ਲੱਖ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਗਏ ਹਨ। ਜਿਨ੍ਹਾਂ 'ਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਵੀ ਬਿਲਕੁਲ ਮੁਫਤ ਵੰਡੇ ਗਏ‌ ਹਨ।

ਇਸ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਕਰਫਿਊ ਦੌਰਾਨ ਗਰੀਬ ਲੋਕਾਂ ਨੂੰ ਪੱਕਿਆਂ ਹੋਇਆ ਖਾਣਾ ਵੰਡ ਰਹੇ ਐਨ. ਜੀ. ਓਜ  ਅਤੇ ਧਾਰਮਿਕ ਜਥੇਬੰਦੀਆਂ ਨੂੰ ਓ. ਐਮ. ਐਸ. ਐਸ. ਸਕੀਮ ਅਧੀਨ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰਾਂ ਨੇ ਐਫ. ਸੀ. ਆਈ. ਤੋਂ ਕਣਕ ਅਤੇ ਚੌਲ ਦੁਆਏ ਗਏ ਹਨ। ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਵਸਦੀ ਪ੍ਰਵਾਸੀ ਅਬਾਦੀ ਨੂੰ 50000 ਤੋਂ ਜ਼ਿਆਦਾ 5 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਰੀਫਿਲ ਕਰਕੇ ਮੁਫ਼ਤ ਵਿੱਚ ਦਿੱਤੇ ਗਏ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਕਡਾਊਨ ਦੌਰਾਨ ਸੂਬੇ 'ਚ 47,12,522 ਲੱਖ ਗੈਸ ਸਿਲੰਡਰ ਦੀ ਸਪਲਾਈ ਸੁਚਾਰੂ ਢੰਗ ਨਾਲ ਵੱਖ-ਵੱਖ ਗੈਸ ਕੰਪਨੀਆਂ ਵਲੋਂ ਕੀਤੀ ਗਈ ਹੈ। ਜਿਸ 'ਚੋਂ 35761 ਗੈਸ ਸਿਲੰਡਰ ਆਈ.ਓ.ਸੀ. ਵਲੋਂ 164970 ਐਚ. ਪੀ. ਸੀ. ਐਲ. ਵਲੋਂ ਅਤੇ 283075 ਬੀ. ਪੀ. ਸੀ. ਐਲ. ਵਲੋਂ ਕੀਤੀ ਗਈ ਹੈ। ਇਸੇ ਤਰ੍ਹਾਂ ਸੂਬੇ 'ਚ ਉਜਵਲਾ ਯੋਜਨਾ ਅਧੀਨ 8 ਲੱਖ ਤੋਂ ਵੱਧ ਗੈਸ ਸਿਲੰਡਰ ਮੁਫ਼ਤ ਵਿੱਚ ਰੀਫਿਲ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਸ ਜ਼ਰੂਰੀ ਵਸਤਾਂ ਸਹੀ ਮੁੱਲ 'ਤੇ ਮਿਲਣ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਇਸ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਵਲੋਂ ਹੈਲਪ ਲਾਈਨ ਨੰਬਰ  0172-2684000  ਸਥਾਪਤ ਕੀਤਾ ਗਿਆ ਹੈ। ਜਿੱਥੇ ਖਪਤਕਾਰ ਜ਼ਰੂਰੀ ਵਸਤਾਂ ਦੀ ਵਿਕਰੀ ਵੱਧ ਭਾਅ 'ਤੇ ਹੋਣ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਡੇ ਕੋਲ ਇਸ ਨੰਬਰ 'ਤੇ 4 ਸ਼ਿਕਾਇਤਾਂ ਮਿਲੀਆਂ ਹਨ। ਜਿਸ ਤੋਂ ਬਾਅਦ ਸੂਬੇ ਭਰ ਵਿਚ 892 ਵਪਾਰਕ ਅਦਾਰਿਆਂ 'ਤੇ ਛਾਪੇ ਮਾਰੇ ਗਏ ਅਤੇ ਵੱਧ ਕੀਮਤ ਵਸੂਲਣ ਵਾਲਿਆਂ ਨੂੰ 7,94,000 ਜ਼ੁਰਮਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਦੇਸ਼ ਵਾਸੀਆਂ ਨੂੰ ਖੁਰਾਕ ਸੁਰੱਖਿਆ ਦੇਣ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਦੀ ਖਰੀਦ ਲਈ ਵੀ ਅਜਿਹੇ ਉਚਿਤ ਪ੍ਰਬੰਧ ਕੀਤੇ ਹਨ। ਜਿਸ ਨਾਲ ਨਾ ਕੇਵਲ ਕਣਕ ਦੀ ਖਰੀਦ ਦਾ ਕਾਰਜ ਸੁਚਾਰੂ ਢੰਗ ਨਾਲ ਚਲ ਰਿਹਾ ਹੈ, ਉਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸੀਜ਼ਨ ਵਿਚ ਘੱਟ ਲੇਬਰ ਅਤੇ ਬੰਦਿਸ਼ਾਂ ਦੇ ਬਾਵਜੂਦ ਕਣਕ ਖਰੀਦ ਦੇ 14 ਦਿਨਾਂ ਵਿਚ ਰਿਕਾਰਡ 6165203 ਮੀਟ੍ਰਿਕ ਟਨ ਕਣਕ ਖਰੀਦ ਲਈ ਹੈ ਜੋ ਕਿ ਪਿਛਲੇ ਸਾਲ ਨਾਲੋਂ ਕਈ ਗੁਣਾਂ ਜ਼ਿਆਦਾ ਹੈ।


author

Deepak Kumar

Content Editor

Related News