ਬੇਅੰਤ ਸਿੰਘ ਹੱਤਿਆਕਾਂਡ ''ਚ ਜਗਤਾਰ ਸਿੰਘ ਤਾਰਾ ਦੋਸ਼ੀ ਕਰਾਰ, ਸਜ਼ਾ ਅੱਜ

03/17/2018 3:43:33 PM

ਚੰਡੀਗੜ੍ਹ (ਯੂ. ਐੱਨ. ਆਈ.)  - ਚੰਡੀਗੜ੍ਹ ਦੀ ਵਿਸ਼ੇਸ਼  ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਮਾਮਲੇ ਵਿਚ ਅੱਤਵਾਦੀ ਜਗਤਾਰ ਸਿੰਘ ਤਾਰਾ ਨੂੰ ਅੱਜ ਦੋਸ਼ੀ ਕਰਾਰ ਦਿੰਦਿਆਂ ਇਸ ਮਾਮਲੇ ਵਿਚ ਸਜ਼ਾ ਸੁਣਾਉਣ ਲਈ ਸ਼ਨੀਵਾਰ ਦਾ ਦਿਨ ਮੁਕੱਰਰ ਕੀਤਾ ਹੈ।
ਇਸ ਮਾਮਲੇ ਨੂੰ ਸਥਾਨਕ ਬੁੜੈਲ ਜੇਲ ਵਿਚ ਸਥਾਪਿਤ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਜੇ. ਐੱਸ. ਸਿੱਧੂ ਦੀ ਵਿਸ਼ੇਸ਼ ਅਦਾਲਤ ਨੇ ਬੀਤੀ 9 ਮਾਰਚ ਨੂੰ ਸੁਣਵਾਈ ਕੀਤੀ ਸੀ, ਜਿਸ ਵਿਚ ਉਸਨੇ ਤਾਰਾ ਨੂੰ ਆਪਣੇ ਬਚਾਅ ਵਿਚ ਗਵਾਹ ਪੇਸ਼ ਕਰਨ ਲਈ ਕਿਹਾ ਸੀ ਪਰ ਮੁਲਜ਼ਮ ਨੇ ਇਸ ਤੋਂ ਨਾਂਹ ਕਰਦੇ ਹੋਏ ਕਿਹਾ ਕਿ ਉਹ 25 ਜਨਵਰੀ 2018 ਨੂੰ ਦਿੱਤੇ ਗਏ ਆਪਣੇ ਲਿਖਤੀ ਬਿਆਨ 'ਤੇ ਕਾਇਮ ਹੈ ਅਤੇ ਇਨ੍ਹਾਂ ਨੂੰ ਹੀ ਅੰਤਿਮ ਸਮਝਿਆ ਜਾਵੇ।
ਤਾਰਾ ਨੇ ਆਪਣੇ ਬਿਆਨ ਵਿਚ ਹੱਤਿਆ ਦਾ ਜੁਰਮ ਕਬੂਲਦਿਆਂ ਕਿਹਾ ਸੀ ਕਿ ਉਸਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ। ਅੱਜ ਇਸ ਮਾਮਲੇ ਵਿਚ ਮੁੜ ਤੋਂ ਸੁਣਵਾਈ ਹੋਈ, ਜਿਸ ਵਿਚ ਤਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਉਸਨੇ ਅੱਜ ਵੀ ਕਿਹਾ ਕਿ ਉਸਨੂੰ ਆਪਣੇ ਕੀਤੇ 'ਤੇ ਕੋਈ ਅਫਸੋਸ ਨਹੀਂ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਸ਼ਨੀਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਵਰਣਨਯੋਗ ਹੈ ਕਿ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ 31 ਅਗਸਤ 1995 ਨੂੰ ਅੱਤਵਾਦੀਆਂ ਨੇ ਇਕ ਮਨੁੱਖੀ ਬੰਬ ਧਮਾਕਾ ਕਰ ਕੇ  ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਵਿਚ 17 ਵਿਅਕਤੀ ਮਾਰੇ ਗਏ ਹਨ, ਜਿਨ੍ਹਾਂ ਵਿਚ ਪੰਜਾਬ ਪੁਲਸ ਦਾ ਕਾਂਸਟੇਬਲ ਦਿਲਾਵਰ ਸਿੰਘ ਵੀ ਸ਼ਾਮਲ ਸੀ, ਜੋ ਮਨੁੱਖੀ ਬੰਬ ਬਣਿਆ ਸੀ।


Related News