ਬਠਿੰਡਾ ’ਚ ਹੋਇਆ ਸੂਰਿਆ ਕਿਰਨ ਐਰੋਬੈਟਿਕ ਸ਼ੋਅ, ਏਅਰ ਫੋਰਸ ਦੇ ਜਵਾਨਾਂ ਨੇ ਹਵਾਈ ਕਰਤੱਬਾਂ ਨਾਲ ਕੀਲੇ ਲੋਕ

Wednesday, Mar 08, 2023 - 12:31 AM (IST)

ਬਠਿੰਡਾ (ਵਰਮਾ)-ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ ਭਾਰਤੀ ਏਅਰ ਫੋਰਸ ਸਟੇਸ਼ਨ ਭਿਸੀਆਣਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ਸੂਰਿਆ ਕਿਰਨ ਐਰੋਬੈਟਿਕ ਸ਼ੋਅ ਬਠਿੰਡਾ ਵਾਸੀਆਂ ਲਈ ਯਾਦਗਾਰ ਹੋ ਨਿੱਬੜਿਆ। ਦੋਵੇਂ ਦਿਨਾਂ ਦੌਰਾਨ ਇਸ ਸ਼ੋਅ ’ਚ ਬਠਿੰਡਾ ਤੇ ਆਸ-ਪਾਸ ਦੇ ਖੇਤਰਾਂ ਤੋਂ 36 ਹਜ਼ਾਰ ਤੋਂ ਵਧੇਰੇ ਆਮ ਲੋਕਾਂ, ਭਾਰੀ ਗਿਣਤੀ ’ਚ ਸਕੂਲੀ ਵਿਦਿਆਰਥੀਆਂ, ਭਾਰਤੀ ਹਵਾਈ ਤੇ ਆਰਮੀ ਸੈਨਾ, ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਿਰਕਤ ਕਰ ਕੇ ਇਸ ਦਾ ਆਨੰਦ ਮਾਣਿਆ ਗਿਆ। ਇਸ ਸ਼ੋਅ ਨੂੰ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਵੱਲੋਂ ਬੜੇ ਹੀ ਉਤਸ਼ਾਹ ਤੇ ਉਤਸੁਕਤਾ ਨਾਲ ਦੇਖਿਆ ਗਿਆ। ਬਠਿੰਡਾ ਵਿਖੇ ਇਸ ਤਰ੍ਹਾਂ ਦਾ ਇਹ ਸ਼ੋਅ ਕਰੀਬ ਡੇਢ ਦਹਾਕੇ ਪਹਿਲਾਂ ਸਾਲ 2007 ’ਚ ਹੋਇਆ ਸੀ, ਉਸ ਉਪਰੰਤ ਦੂਸਰੀ ਵਾਰ ਹੋਏ ਇਸ ਸ਼ੋਅ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਸ਼ੋਅ ਨੂੰ ਦੇਖਣ ਲਈ ਭਾਰੀ ਗਿਣਤੀ ’ਚ ਆਮ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਦੂਸਰੇ ਦਿਨ ਦੇ ਇਸ ਸ਼ੋਅ ਦਾ ਆਰੰਭ ਸਵੇਰੇ 10.30 ਵਜੇ ਹੋਇਆ, ਜੋ ਕਰੀਬ 12.20 ਵਜੇ ਤਕ ਚੱਲਿਆ।

ਇਹ ਖ਼ਬਰ ਵੀ ਪੜ੍ਹੋ : ਦੁਕਾਨਦਾਰਾਂ ਤੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ (ਵੀਡੀਓ)

PunjabKesari

ਇਸ ਸ਼ੋਅ ਦੀ ਸ਼ੁਰੂਆਤ ਭਾਰਤੀ ਏਅਰ ਫੋਰਸ ਬੈਂਡ ਦੀ ਟੀਮ ਦੇ 16 ਨੌਜਵਾਨਾਂ ਵੱਲੋਂ ਮਨਮੋਹਕ ਧੁਨਾਂ ਰਾਹੀਂ ਕੀਤੀ ਗਈ ਅਤੇ ਜਿਨ੍ਹਾਂ ਨੇ ਆਪਣੀ ਪੇਸ਼ਕਾਰੀ ਦੌਰਾਨ ਦੇਸ਼ਭਗਤੀ ਦੀਆਂ ਧੁਨਾਂ ਰਾਹੀਂ ਦਰਸ਼ਕਾਂ ਦਾ ਮਨ ਮੋਹੀ ਰੱਖਿਆ। ਇਸ ਉਪਰੰਤ ਆਕਾਸ਼ ਗੰਗਾ ਸਕਾਈ ਡਾਈਵਿੰਗ ਟੀਮ ਦੇ 8 ਜਾਂਬਾਜ਼ ਮੈਂਬਰਾਂ ਵੱਲੋਂ ਦਿਖਾਏ ਗਏ ਕਰਤੱਬਾਂ ਨੂੰ ਦੇਖਣ ਲਈ ਕਰੀਬ 15 ਮਿੰਟ ਆਕਾਸ਼ ਤੋਂ ਲੈ ਕੇ ਜ਼ਮੀਨ ਤਕ ਦਰਸ਼ਕਾਂ ਦੀਆਂ ਨਜ਼ਰਾਂ ਇਨ੍ਹਾਂ ਨੂੰ ਦੇਖਣ ਲਈ ਆਸਮਾਨ ਵੱਲ ਟਿਕੀਆਂ ਰਹੀਆਂ। ਇਸ ਤੋਂ ਬਾਅਦ ਸੂਰਿਆ ਕਿਰਨ ਐਰੋਬੈਟਿਕ ਦੀ ਟੀਮ ਵੱਲੋਂ ਗਰੁੱਪ ਕੈਪਟਨ ਜੀ. ਐੱਸ. ਢਿੱਲੋਂ ਦੀ ਅਗਵਾਈ ਹੇਠ ਬਹਾਦਰ ਨੌਜਵਾਨਾਂ ਨੇ 9 ਹਵਾਈ ਜਹਾਜ਼ਾਂ ਰਾਹੀਂ ਕਰੀਬ 25 ਮਿੰਟ ਆਕਾਸ਼ ਵਿਚ ਵੱਖ-ਵੱਖ ਤਰ੍ਹਾਂ ਦੇ ਅਨੋਖੇ, ਦਿਲਖਿੱਚਵੇਂ ਤੇ ਹੈਰਾਨ ਕਰਨ ਵਾਲੇ ਕਰਤੱਬ ਦਿਖਾਏ, ਜਿਸ ਨੂੰ ਦਰਸ਼ਕਾਂ ਵੱਲੋਂ ਆਕਾਸ਼ ਵੱਲ ਪੂਰੀ ਟਿਕ-ਟਿਕੀ ਲਗਾ ਕੇ ਉਤਸੁਕਤਾ ਨਾਲ ਦੇਖਿਆ ਗਿਆ।

ਇਸ ਉਪਰੰਤ ਏਅਰ ਵਾਰੀਅਰ ਡਰਿੱਲ ਸਬਰੋਤੋ ਟੀਮ ਦੇ 20 ਨੌਜਵਾਨਾਂ ਵੱਲੋਂ ਬਹੁਤ ਹੀ ਸ਼ਾਨਦਾਰ ਪਰੇਡ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਅਨੁਸ਼ਾਸਨ ਤੇ ਇਕਸਾਰਤਾ ’ਚ ਰਹਿ ਕੇ ਬਹੁਤ ਹੀ ਅਨੋਖੇ ਕਰਤੱਬ ਦਿਖਾ ਕੇ ਦਰਸ਼ਕਾਂ ਦਾ ਮਨ ਟੁੰਬਿਆ। ਇਸ ਸ਼ੋਅ ਦੇ ਅਖ਼ੀਰ ਵਿਚ ਭਾਰਤੀ ਸੈਨਾ ਦੇ ਸਭ ਤੋਂ ਅਤਿ-ਆਧੁਨਿਕ ਲੜਾਕੂ ਜਹਾਜ਼ ਸਖੋਈ-30 ਵੱਲੋਂ ਆਕਾਸ਼ ਵਿਚ ਆਪਣੇ ਅਨੋਖੇ ਕਰਤੱਬ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਗਿਆ। ਇਸ ਸ਼ੋਅ ਦੇ ਦੋਵੇਂ ਦਿਨਾਂ ਦੌਰਾਨ 185 ਤੋਂ ਵਧੇਰੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਨੰਦ ਮਾਣਿਆ ਗਿਆ।

ਸਮਾਗਮ ਦੇ ਅਖ਼ੀਰ ’ਚ ਸੂਰਿਆ ਕਿਰਨ ਐਰੋਬੈਟਿਕ ਦੀ ਟੀਮ ਵੱਲੋਂ ਗਰੁੱਪ ਕੈਪਟਨ ਜੀ. ਐੱਸ. ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੂਰਿਆ ਕਿਰਨ ਐਰੋਬੈਟਿਕ ਦੀ ਟੀਮ ’ਚ ਨੌਜਵਾਨਾਂ ਨੂੰ 6 ਮਹੀਨਿਆਂ ਦੀ ਬਹੁਤ ਹੀ ਸਖ਼ਤ ਸਿਖਲਾਈ ਤੋਂ ਬਾਅਦ ਹੀ ਸ਼ਾਮਲ ਕੀਤਾ ਜਾਂਦਾ ਹੈ। ਇਸ ਟੀਮ ਵਿਚ ਸ਼ਾਮਲ ਮੈਂਬਰਾਂ ਵੱਲੋਂ ਸਿਰਫ਼ 3 ਸਾਲ ਲਈ ਹੀ ਆਪਣੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਇਸ ਮੌਕੇ ਜ਼ਿਲ੍ਹਾਂ ਪ੍ਰਸ਼ਾਸਨ ਤੇ ਭਾਰਤੀ ਏਅਰ ਫੋਰਸ ਵੱਲੋਂ ਇਸ ਸ਼ੋਅ ਦੌਰਾਨ ਵੱਖ-ਵੱਖ ਤਰ੍ਹਾਂ ਦੇ ਹਵਾਈ ਕਰਤੱਬ ਦਿਖਾਉਣ ਵਾਲੇ ਜਾਂਬਾਜ ਜਵਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਰਤੀ ਏਅਰਪੋਰਟ ਅਥਾਰਟੀ ਅਤੇ ਸਿਵਲ ਏਅਰਪੋਰਟ ਵਿਰਕ ਕਲਾਂ ਦੇ ਡਾਇਰੈਕਟਰ ਰਾਕੇਸ਼ ਰਾਵਤ, ਆਈ. ਜੀ. ਪੁਲਸ ਬਠਿੰਡਾ ਰੇਂਜ ਐੱਸ. ਪੀ. ਐੱਸ. ਪਰਮਾਰ, ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਵਿਨੀਤ ਕੁਮਾਰ, ਪੁਲਸ ਤੇ ਸਿਵਲ ਪ੍ਰਸ਼ਾਸਨ ਅਤੇ ਏਅਰ ਫੋਰਸ ਦੇ ਅਧਿਕਾਰੀਆਂ ਤੋਂ ਇਲਾਵਾ ਭਾਰੀ ਗਿਣਤੀ ’ਚ ਆਮ ਲੋਕ ਤੇ ਵਿਦਿਆਰਥੀ ਆਦਿ ਹਾਜ਼ਰ ਸਨ।


Manoj

Content Editor

Related News