ਢਿੱਲਵਾਂ ਕਤਲ ਕਾਂਡ ਦਾ ਦੂਜਾ ਮੁਲਜ਼ਮ ਵੀ ਗ੍ਰਿਫਤਾਰ

Saturday, Dec 07, 2019 - 12:06 PM (IST)

ਢਿੱਲਵਾਂ ਕਤਲ ਕਾਂਡ ਦਾ ਦੂਜਾ ਮੁਲਜ਼ਮ ਵੀ ਗ੍ਰਿਫਤਾਰ

ਬਟਾਲਾ (ਬੇਰੀ) : ਦਲਬੀਰ ਸਿੰਘ ਢਿੱਲਵਾਂ ਕਤਲ ਕਾਂਡ ਦੇ ਦੂਜੇ ਮੁਲਜ਼ਮ ਨੂੰ ਵੀ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਕੋਟਲੀ ਸੂਰਤ ਮੱਲ੍ਹੀ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਪਿਛਲੇ ਦਿਨੀਂ ਬਟਾਲਾ ਦੇ ਨਜ਼ਦੀਕੀ ਪਿੰਡ ਢਿੱਲਵਾਂ ਵਿਖੇ ਕਤਲ ਹੋਏ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਕਾਂਡ ਵਿਚ ਸ਼ਾਮਲ ਤਿੰਨ ਕਥਿਤ ਮੁਲਜ਼ਮਾਂ 'ਚੋਂ ਦੂਜੇ ਮੁਲਜ਼ਮ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਰਛਪਾਲ ਸਿੰਘ ਵਾਸੀ ਗਰਾਲਾ ਥਾਣਾ ਅਜਨਾਲਾ ਅੰਮ੍ਰਿਤਸਰ ਨੂੰ ਵੀ ਉਸਦੇ ਪਿੰਡ ਗਰਾਲਾ ਤੋਂ ਗ੍ਰਿਫਤਾਰ ਕੀਤਾ ਹੈ ਜਦਕਿ ਢਿੱਲਵਾਂ ਕਤਲ ਕਾਂਡ 'ਚ ਸ਼ਾਮਲ ਪਹਿਲੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਦਾਲਮ ਨੰਗਲ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਰਹਿੰਦਾ ਤੀਜਾ ਮੁਲਜ਼ਮ ਵੀ ਜਲਦ ਪੁਲਸ ਦੀ ਗ੍ਰਿਫਤ ਵਿਚ ਹੋਵੇਗਾ, ਜਿਸ ਲਈ ਪੁਲਸ ਨਿਰੰਤਰ ਛਾਪੇਮਾਰੀ ਕਰ ਰਹੀ ਹੈ।

ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਵਲੋਂ ਲਖਵਿੰਦਰ ਸਿੰਘ ਉਰਫ ਲੱਖਾ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਤੋਂ ਹੋਰ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾਵੇਗੀ ਤਾਂ ਜੋ ਰਹਿੰਦੇ ਤੀਜੇ ਕਥਿਤ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਬੰਦ ਕੀਤਾ ਜਾ ਸਕੇ ਅਤੇ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਮਿਲ ਸਕੇ।


author

Baljeet Kaur

Content Editor

Related News