14 ਫਰਵਰੀ ਨੂੰ ਸੁਣਾਈ ਗਈ ਸੀ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ

2/14/2020 9:22:25 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕਹਿੰਦੇ ਹਨ ਪਿਆਰ ਨੂੰ ਖੁਦਾ ਤੋਂ ਵੀ ਉਪਰ ਦਾ ਦਰਜਾ ਪ੍ਰਾਪਤ ਹੈ। ਜਦੋਂ ਪਿਆਰ ਕਿਸੇ ਦੀ ਜ਼ਿੰਦਗੀ 'ਚ ਆਉਂਦਾ ਹੈ ਤਾਂ ਉਸ ਦੀ ਜ਼ਿੰਦਗੀ ਦੇ ਮਾਇਨੇ ਹੀ ਬਦਲ ਜਾਂਦੇ ਹਨ ਜੇਕਰ ਕਿਸੇ ਨੂੰ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਉਸ ਨੂੰ ਇਜ਼ਹਾਰ-ਏ-ਇਸ਼ਕ ਜ਼ਰੂਰ ਕਰਨਾ ਚਾਹੀਦਾ ਹੈ। ਉਥੇ ਹੀ 14 ਫਰਵਰੀ ਨੂੰ ਮਨਾਏ ਜਾਣ ਵਾਲੇ ਵੈਲੇਨਟਾਈਨ ਡੇਅ ਨੂੰ ਲੈ ਕੇ ਨੌਜਵਾਨਾਂ 'ਚ ਕਾਫੀ ਉਤਸ਼ਾਹ ਬਣਿਆ ਹੋਇਆ ਹੈ। ਹਰ ਕੋਈ ਵੈਲੇਨਟਾਈਨ ਡੇਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਨੌਜਵਾਨਾਂ 'ਚ ਇਸ ਨੂੰ ਮਨਾਉਣ ਲਈ ਫਰਵਰੀ ਮਹੀਨੇ ਦੀ ਸ਼ੁਰੂਆਤ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।

ਪਰ ਪੱਛਮੀ ਸੱਭਿਅਤਾ ਦਾ ਪ੍ਰਤੀਕ ਵੈਲੇਨਟਾਈਨ ਮਨਾਉਣ 'ਚ ਮਸ਼ਗੂਲ ਨੌਜਵਾਨ ਦੁਨੀਆ ਭਰ 'ਚ ਸਰਵ ਸ੍ਰੇਸ਼ਠ ਸੱਭਿਅਤਾ ਨੂੰ ਭੁੱਲਦਾ ਜਾ ਰਿਹਾ ਹੈ। ਇਤਿਹਾਸਕਾਰਾਂ ਦੀ ਮੰਨੀਏ ਤਾਂ 14 ਫਰਵਰੀ 1931 ਦੇ ਦਿਨ ਬ੍ਰਿਟਿਸ਼ ਸਰਕਾਰ ਨੇ ਦੇਸ਼ ਨੂੰ ਵਿਦੇਸ਼ੀ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਦਾ ਯਤਨ ਕਰ ਰਹੇ 3 ਜਾਂਬਾਜ਼ ਬਹਾਦਰਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਹ ਕਿਹੋ ਜਿਹੀ ਵਿਡੰਭਨਾ ਹੈ ਕਿ ਬੱਚੇ, ਬੁੱਢੇ ਅਤੇ ਨੌਜਵਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੀ ਬਜਾਏ ਵੈਲੇਨਟਾਈਨ ਡੇਅ ਮਨਾਉਣ ਵਿਚ ਮਸ਼ਗੂਲ ਹਨ। ਨੌਜਵਾਨ ਵੈਲੇਨਟਾਈਨ ਡੇਅ 'ਤੇ ਹਜ਼ਾਰਾਂ ਰੁਪਏ ਖਰਚ ਕਰ ਕੇ ਆਪਣੇ ਪਿਆਰੇ ਨੂੰ ਤਾਂ ਮਹਿੰਗੇ ਗਿਫਟ ਪ੍ਰਦਾਨ ਕਰ ਰਹੇ ਹਨ ਪਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਿਹੇ ਸ਼ਹੀਦਾਂ ਅਤੇ ਦੇਸ਼ ਭਗਤਾਂ ਦੇ ਬੁੱਤਾਂ 'ਤੇ ਫੁੱਲ ਭੇਟ ਕਰਨ ਲਈ ਉਨ੍ਹਾਂ ਕੋਲ ਫੁੱਟੀ ਕੌਡੀ ਤੱਕ ਨਹੀਂ ਹੈ। ਪਿਆਰ ਦੀ ਆੜ 'ਚ ਸ਼ਹੀਦਾਂ ਦੀ ਸ਼ਹਾਦਤ ਨੂੰ ਭੁਲਾਉਣਾ ਭਾਰਤੀ ਸੰਸਕ੍ਰਿਤੀ ਦੇ ਉਲਟ ਹੈ।

ਭਾਰਤ ਦੀ ਸੰਸਕ੍ਰਿਤੀ ਦਾ ਹੋ ਰਿਹਾ ਹੈ ਅਪਮਾਨ
ਬਜਰੰਗ ਦਲ ਦੇ ਪ੍ਰਧਾਨ ਨੀਲਮਣੀ ਸਮਾਧੀਆ ਦਾ ਕਹਿਣਾ ਹੈ ਕਿ ਅੱਜ ਦੇ ਦੌਰ 'ਚ ਜ਼ਿਆਦਾਤਰ ਵਿਅਕਤੀ ਪੱਛਮੀ ਸੰਸਕ੍ਰਿਤੀ ਦੇ ਰੰਗ 'ਚ ਰੰਗਦਾ ਜਾ ਰਿਹਾ ਹੈ ਜੋ ਸਵਦੇਸ਼ੀ ਸੱਭਿਅਤਾ ਦਾ ਅਪਮਾਨ ਹੈ। ਪਿਆਰ ਦੀ ਆੜ 'ਚ ਵੈਲੇਨਟਾਈਨ ਮਨਾਉਣਾ ਅਤੇ ਸ਼ਹੀਦਾਂ ਨੂੰ ਭੁੱਲਣਾ ਉਨ੍ਹਾਂ ਦੀ ਸ਼ਹਾਦਤ ਦਾ ਅਪਮਾਨ ਹੈ। ਜਦੋਂ ਦੇਸ਼ 'ਚ ਵੈਲੇਨਟਾਈਨ ਡੇਅ ਨਹੀਂ ਮਨਾਇਆ ਜਾਂਦਾ ਸੀ ਕੀ ਉਦੋਂ ਭਾਰਤੀ ਪਿਆਰ ਦੀ ਪਰਿਭਾਸ਼ਾ ਨਹੀਂ ਜਾਣਦੇ ਸਨ, ਕੀ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲ ਕੇ ਪਿਆਰ ਦਾ ਇਜ਼ਹਾਰ ਕਰਨਾ ਨਿਆਸੰਗਤ ਹੈ।

ਸ਼ਹੀਦਾਂ ਦੀ ਸ਼ਹਾਦਤ ਨੂੰ ਸਮਝਣਾ ਜ਼ਰੂਰੀ
ਨੀਤੂ ਲੂਬੀ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਪਿਆਰ ਦੀ ਪਰਿਭਾਸ਼ਾ ਦੇ ਨਾਲ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਝਣਾ ਵੀ ਜ਼ਰੂਰੀ ਹੈ। ਸ਼ਹੀਦਾਂ ਦੇ ਬਲਿਦਾਨ ਦੇ ਕਾਰਣ ਹੀ ਅੱਜ ਦੇਸ਼ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਨੌਜਵਾਨ ਪੱਛਮੀ ਸੱਭਿਅਤਾ ਦੇ ਰੰਗ 'ਚ ਰੰਗ ਕੇ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਭੁਲਦੇ ਜਾ ਰਹੇ ਹਨ ਪਰ ਨੌਜਵਾਨਾਂ ਨੂੰ ਜਾਗਣ ਦੀ ਜ਼ਰੂਰਤ ਹੈ।

ਸ਼ਹੀਦਾਂ ਨੂੰ ਕਰੋ ਸ਼ਰਧਾਂਜਲੀ ਭੇਟ
ਪਵਨ ਢੀਂਗਰਾ ਦਾ ਕਹਿਣਾ ੲੈ ਕਿ ਇਹ ਸਹੀ ਹੈ ਕਿ ਵੈਲੇਨਟਾਈਨ ਪਿਆਰ ਦਾ ਪ੍ਰਤੀਕ ਹੈ ਪਰ ਇਸ ਨੂੰ ਸੱਚੇ ਪਿਆਰ ਦੇ ਰੂਪ 'ਚ ਮਨਾਇਆ ਜਾਣਾ ਚਾਹੀਦਾ ਹੈ। ਪਿਆਰ ਦਾ ਇਜ਼ਹਾਰ ਕਰਨ ਲਈ ਕਿਸੇ ਇਕ ਦਿਨ ਦੀ ਚੋਣ ਸਹੀ ਨਹੀਂ ਹੈ। ਕੀ ਬਾਕੀ ਦਿਨਾਂ 'ਚ ਪਤੀ ਜਾਂ ਦੋਸਤ ਨਾਲ ਕੀਤਾ ਜਾਣ ਵਾਲਾ ਪਿਆਰ, ਪਿਆਰ ਨਹੀਂ ਹੈ ਪਰ ਸਾਨੂੰ ਸ਼ਹੀਦਾਂ ਦੀ ਇਸ ਸ਼ਹਾਦਤ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਜਿਨ੍ਹਾਂ ਦੇ ਯਤਨਾਂ ਨਾਲ ਅੱਜ ਅਸੀਂ ਆਜ਼ਾਦੀ 'ਚ ਸਾਹ ਲੈ ਰਹੇ ਹਾਂ। ਸਾਨੂੰ ਅੱਜ ਦੇ ਦਿਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ।

ਭਾਰਤੀ ਸੰਸਕ੍ਰਿਤੀ 'ਚ ਵੈਲੇਨਟਾਈਨ ਦਾ ਨਹੀਂ ਕੋਈ ਸਥਾਨ
ਵਿਪਨ ਭਦੌੜ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਪੱਛਮੀ ਸੱਭਿਅਤਾ ਦਾ ਪ੍ਰਤੀਕ ਹੈ ਜਦੋਂ ਕਿ ਭਾਰਤੀ ਸੰਸਕ੍ਰਿਤੀ 'ਚ ਵੈਲੇਨਟਾਈਨ ਡੇਅ ਦਾ ਕੋਈ ਵਿਸ਼ੇਸ਼ ਸਥਾਨ ਨਹੀਂ ਹੈ, ਜਿਸ ਪਿਆਰ ਲਈ ਵੈਲੇਨਟਾਈਨ ਡੇਅ ਨੂੰ ਮਨਾਇਆ ਜਾਂਦਾ ਹੈ, ਉਸ ਪਿਆਰ ਦੇ ਮਹੱਤਵ ਨੂੰ ਤਾਂ ਜ਼ਿਆਦਾਤਰ ਨੌਜਵਾਨ ਸਮਝ ਹੀ ਨਹੀਂ ਪਾ ਰਹੇ। ਅੱਜ ਦੇ ਸਮੇਂ 'ਚ ਜ਼ਿਆਦਾਤਰ ਪਿਆਰ ਨੂੰ ਵਾਸ਼ਨਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਜੋ ਕਿ ਗਲਤ ਗੱਲ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

cherry

This news is Edited By cherry