ਬਰਨਾਲਾ ਜ਼ਿਲੇ 'ਚ ਬਣਾਏ 494 ਪੋਲਿੰਗ ਬੂਥ
Saturday, May 18, 2019 - 01:35 PM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਲੈਕਸ਼ਨ ਕਮਿਸ਼ਨ ਨੇ ਹਰ ਪੋਲਿੰਗ ਬੂਥ 'ਤੇ ਵੀਲ੍ਹਚੇਅਰ ਅਤੇ ਅਪਾਹਜਾਂ ਨੂੰ ਪੋਲਿੰਗ ਬੂਥ ਵਿਚ ਘਰ ਤੋਂ ਲੈ ਕੇ ਆਉਣ ਅਤੇ ਛੱਡਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ ਅਤੇ ਇਸ ਸਬੰਧੀ ਹਰ ਪੋਲਿੰਗ ਬੂਥ 'ਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਡੀ. ਸੀ. ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਰਨਾਲਾ 'ਚ ਕੁੱਲ 494 ਪੋਲਿੰਗ ਬੂਥ ਹਨ ਅਤੇ 264 ਸਥਾਨਾਂ 'ਤੇ ਇਹ ਪੋਲਿੰਗ ਬੂਥ ਲਾਏ ਜਾਣਗੇ। ਬਰਨਾਲਾ 'ਚ ਕੁਲ 3 ਵਿਧਾਨ ਸਭਾ ਹਲਕੇ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਹਨ। ਜ਼ਿਲੇ ਵਿਚ ਕੁਲ ਵੋਟਰਾਂ ਦੀ ਗਿਣਤੀ 4 ਲੱਖ 88 ਹਜ਼ਾਰ 801 ਹਨ, ਜਿਸ 'ਚੋਂ 2 ਲੱਖ 60 ਹਜ਼ਾਰ 181 ਪੁਰਸ਼ ਵੋਟਰ ਅਤੇ 2 ਲੱਖ 28 ਹਜ਼ਾਰ 620 ਮਹਿਲਾ ਵੋਟਰ ਹਨ।
ਕੁਲ ਬਣਾਏ ਗਏ ਹਨ 8 ਮਾਡਲ ਬੂਥ
ਭਦੌੜ ਵਿਧਾਨ ਸਭਾ ਹਲਾਕੇ 'ਚ ਤਪਾ ਦਾ ਸਰਕਾਰੀ ਸਕੂਲ ਖੱਟਰ ਪੱਤੀ ਨੂੰ ਮਾਡਲ ਬੂਥ ਬਣਾਇਆ ਗਿਆ ਹੈ। ਬਰਨਾਲਾ ਵਿਧਾਨ ਸਭਾ ਹਲਕੇ 'ਚ 3 ਮਾਡਲ ਬੂਥ ਬਣਾਏ ਗਏ ਹਨ, ਇਹ ਤਿੰਨੇ ਮਾਡਲ ਬੂਥ ਆਰੀਆ ਮਹਿਲਾ ਕਾਲਜ ਵਿਚ ਬਣਾਏ ਗਏ ਹਨ। ਮਹਿਲ ਕਲਾਂ ਵਿਧਾਨ ਸਭਾ ਹਲਕੇ ਵਿਚ 4 ਮਾਡਲ ਬੂਥ ਬਣਾਏ ਗਏ ਹਨ, ਜਿਸ 'ਚ ਸਰਕਾਰੀ ਪ੍ਰਾਇਮਰੀ ਸਕੂਲ ਸਹਿਜੜਾ, ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ, ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਵਿਚ 2 ਸਮਾਰਟ ਬੂਥ ਬਣਾਏ ਗਏ ਹਨ। ਇਹ ਸਾਰੇ ਪ੍ਰਾਇਮਰੀ ਸਮਾਰਟ ਸਕੂਲ ਹਨ। ਮਾਡਲ ਬੂਥਾਂ 'ਚ ਟੈਂਟ ਲਾਏ ਜਾਣਗੇ, ਪੇਂਟਿੰਗ ਕੀਤੀ ਜਾਵੇਗੀ ਅਤੇ ਦੁਲਹਨ ਦੀ ਤਰ੍ਹਾਂ ਸਜਾਇਆ ਜਾਵੇਗਾ ਤਾਂ ਕਿ ਵੋਟਰਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ।
ਇਕ ਬੂਥ 'ਤੇ ਡਿਊਟੀ ਕਰਨਗੀਆਂ ਔਰਤਾਂ, ਇਕ ਬੂਥ 'ਤੇ ਸਾਰੇ ਅਪਾਹਜ
ਔਰਤਾਂ ਅਤੇ ਅਪਾਹਜਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲੇ 'ਚ ਇਕ ਪੀ. ਡਬਲਿਊ. ਡੀ. ਬੂਥ ਬਣਾਇਆ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਬਾਜਵਾ 'ਚ ਇਹ ਬੂਥ ਬਣਾਇਆ ਗਿਆ ਹੈ। ਇਸ ਬੂਥ 'ਚ ਸਾਰੇ ਅਪਾਹਜ ਹੀ ਡਿਊਟੀ ਕਰਨਗੇ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਅਪਾਹਜ ਲੋਕਾਂ ਵਿਚ ਵੀ ਉਤਸ਼ਾਹ ਪੈਦਾ ਹੋਵੇ ਕਿ ਅਸੀਂ ਵੀ ਕਿਸੇ ਤੋਂ ਘੱਟ ਨਹੀਂ।
ਇਸੇ ਤਰ੍ਹਾਂ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲੇ 'ਚ 3 ਪਿੰਕ ਬੂਥ ਬਣਾਏ ਗਏ ਹਨ। ਬਰਨਾਲਾ ਵਿਚ ਇਹ ਬੂਥ ਗੌਰਮਿੰਟ ਐਲੀਮੈਂਟਰੀ ਜੁਮਲਾ ਮਾਲਕਾਨ ਸਕੂਲ ਵਿਚ ਬਣਾਇਆ ਗਿਆ ਹੈ, ਜਿਥੇ ਸਾਰੀਆਂ ਔਰਤਾਂ ਡਿਊਟੀ ਕਰਨਗੀਆਂ ਅਤੇ ਉਨ੍ਹਾਂ ਦੇ ਪਿੰਕ ਰੰਗ ਦੀ ਡਰੈੱਸ ਪਹਿਨੀ ਹੋਵੇਗੀ, ਇਸ ਤਰ੍ਹਾਂ ਭਦੌੜ ਵਿਧਾਨ ਸਭਾ ਹਲਕੇ ਦੇ ਗੌਰਮਿੰਟ ਪ੍ਰਾਇਮਰੀ ਸਕੂਲ, ਤਪਾ ਮੰਡੀ ਅਤੇ ਮਹਿਲ ਕਲਾਂ ਵਿਧਾਨ ਸਭਾ ਹਲਕਾ 'ਚ ਗੌਰਮਿੰਟ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਚ ਪਿੰਕ ਬੂਥ ਬਣਾਇਆ ਗਿਆ ਹੈ।
ਅਪਾਹਜਾਂ ਅਤੇ ਹੋਰ ਪੀੜਤ ਵਿਅਕਤੀਆਂ ਲਈ ਲਾਂਚ ਕੀਤੀ ਗਈ ਪੀ. ਡਬਲਿਊ. ਡੀ. ਦੀ ਐਪ
ਅਪਾਹਜਾਂ ਅਤੇ ਹੋਰ ਪੀੜਤ ਵਿਅਕਤੀਆਂ ਲਈ ਪੀ. ਡਬਲਿਊ. ਡੀ. ਐਪ ਲਾਂਚ ਕੀਤਾ ਗਿਆ ਹੈ, ਜਿਸ ਕਿਸੇ ਅਪਾਹਜ ਵਿਅਕਤੀ ਨੇ ਪੋਲਿੰਗ ਬੂਥ ਵਿਚ ਜਾਣ ਲਈ ਸਹਾਇਤਾ ਲੈਣੀ ਹੋਵੇ ਤਾਂ ਉਹ ਇਸ ਐਪ ਵਿਚ ਜਾ ਕੇ ਸਹਾਇਤਾ ਮੰਗ ਸਕਦਾ ਹੈ। ਉਸ ਨੂੰ ਲੈਣ ਲਈ ਸਰਕਾਰੀ ਕਰਮਚਾਰੀ ਆਉਣਗੇ। ਬੱਚਿਆਂ ਨੂੰ ਸੰਭਾਲਣ ਲਈ ਵੀ ਆਂਗਣਵਾੜੀ ਵਰਕਰਾਂ ਦੀ ਹਰ ਪੋਲਿੰਗ ਬੂਥ 'ਤੇ ਡਿਊਟੀ ਲਾਈ ਗਈ ਹੈ। ਵੋਟ ਕੇਂਦਰਾਂ ਵਿਚ ਮੋਬਾਇਲ ਲਿਜਾਣ 'ਤੇ ਪਾਬੰਦੀ ਲਗਾਈ ਗਈ ਹੈ।