ਸਿਆਸਤ 'ਚ ਆਉਣ ਬਾਰੇ ਦੇਖੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀ ਦਿੱਤਾ ਜਵਾਬ (ਵੀਡੀਓ)

Tuesday, Mar 19, 2024 - 11:07 PM (IST)

ਸਿਆਸਤ 'ਚ ਆਉਣ ਬਾਰੇ ਦੇਖੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀ ਦਿੱਤਾ ਜਵਾਬ (ਵੀਡੀਓ)

ਬਠਿੰਡਾ (ਸੁਖਵਿੰਦਰ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਇਕ ਵਾਰ ਫਿਰ ਮੂਸੇਵਾਲਾ ਲਈ ਇਨਸਾਫ ਦੀ ਲੜਾਈ ਹੋਰ ਮਜ਼ਬੂਤੀ ਨਾਲ ਲੜਨ ਦਾ ਐਲਾਨ ਕੀਤਾ ਹੈ। ਬਲਕੌਰ ਸਿੰਘ ਨੇ ਦੱਸਿਆ ਕਿ ਹੁਣ ਤਕ ਉਹ ਮਾਨਸਿਕ ਤੌਰ ’ਤੇ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਸਨ ਪਰ ਹੁਣ ਪ੍ਰਮਾਤਮਾ ਨੇ ਉਸ ਨੂੰ ਮੁੜ ਪੁੱਤਰ ਬਖਸ਼ਿਆ ਹੈ ਅਤੇ ਹੁਣ ਉਹ ਬਿਨਾਂ ਕਿਸੇ ਚਿੰਤਾ ਦੇ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਆਪਣੀ ਲੜਾਈ ਹੋਰ ਤੇਜ਼ ਕਰਨਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਲਕੌਰ ਸਿੰਘ ਨੇ ਬਠਿੰਡਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਬੱਚੇ ਦਾ ਨਾਂ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਸ਼ੁਭਦੀਪ ਸਿੰਘ ਰੱਖਿਆ ਗਿਆ ਹੈ, ਕਿਉਂਕਿ ਉਨ੍ਹਾਂ ਲਈ ਸਿੱਧੂ ਮੂਸੇਵਾਲਾ ਹੀ ਵਾਪਸ ਆਇਆ ਹੈ। ਬਲਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਪਿਛਲੇ ਦੋ ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ ਪਰ ਵਿਡੰਬਨਾ ਇਹ ਹੈ ਕਿ ਅੱਜ ਤਕ ਪੁਲਸ ਉਸ ਦਾ ਕੇਸ ਨਹੀਂ ਸ਼ੁਰੂ ਕਰ ਸਕੀ। ਉਨ੍ਹਾਂ ਕਿਹਾ ਕਿ ਜੇਲਾਂ ਵਿਚੋਂ ਗੈਂਗਸਟਰਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਮਾਮਲੇ ਦੀ ਜਾਂਚ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ, 24 ਘੰਟਿਆਂ 'ਚ ਹੀ ਮਾਰ ਸੁੱਟਿਆ ਸ਼ਹੀਦ ਮੁਲਾਜ਼ਮ ਅੰਮ੍ਰਿਤਪਾਲ ਦਾ ਕਾਤਲ (ਵੀਡੀਓ)

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨਾਲ ਪੰਜਾਬ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਸਰਕਾਰ ਨੂੰ ਉਨ੍ਹਾਂ ਨਾਲ ਇਨਸਾਫ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ ਪਰ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਉਮੀਦਵਾਰਾਂ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ ਜੋ ਆਮ ਲੋਕਾਂ ਦੇ ਹੱਕਾਂ ਲਈ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿਚ ਜਾ ਕਿ ਉਨ੍ਹਾਂ ਨੂੰ ਜਾਗਰੂਕ ਵੀ ਕਰਨਗੇ।

ਸਿਆਸਤ ਵਿਚ ਆਉਣ ਜਾਂ ਚੋਣ ਲੜਨ ਦੇ ਸਵਾਲ ’ਤੇ ਬਲਕੌਰ ਸਿੰਘ ਨੇ ਕਿਹਾ ਕਿ ਫਿਲਹਾਲ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਰਾਜਨੀਤੀ ਵਿਚ ਆਉਣ ਤੋਂ ਇਨਕਾਰ ਨਹੀਂ ਕੀਤਾ ਪਰ ਇਸ ਸਮੇਂ ਉਨ੍ਹਾਂ ਨੂੰ ਮੂਸੇਵਾਲਾ ਦੇ ਮਾਮਲੇ ਵਿਚ ਨਿਆਂ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਇਕ ਨਵਾਂ ਗੀਤ ਵੀ ਜਲਦ ਹੀ ਰਿਲੀਜ਼ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News