ਡਾ.  ਬਲਜੀਤ ਕੌਰ ਦੇ ਯਤਨਾਂ ਨੇ ਮਲੋਟ ਵਿਖੇ ਜਲ ਸਰੋਤ ਵਿਭਾਗ ਵਿਚ ਸੁਧਾਰ ਅਤੇ ਮੈਪਿੰਗ ਪਹਿਲਕਦਮੀ ਕੀਤੀ

Tuesday, Mar 18, 2025 - 03:49 PM (IST)

ਡਾ.  ਬਲਜੀਤ ਕੌਰ ਦੇ ਯਤਨਾਂ ਨੇ ਮਲੋਟ ਵਿਖੇ ਜਲ ਸਰੋਤ ਵਿਭਾਗ ਵਿਚ ਸੁਧਾਰ ਅਤੇ ਮੈਪਿੰਗ ਪਹਿਲਕਦਮੀ ਕੀਤੀ

ਚੰਡੀਗੜ੍ਹ : ਪੰਜਾਬ ਸਰਕਾਰ ਜਲ ਸਰੋਤ ਵਿਭਾਗ ਵਿਚ ਕੁਸ਼ਲਤਾ ਵਧਾਉਣ ਅਤੇ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਲਗਾਤਾਰ ਕੀਤੇ ਯਤਨਾਂ ਦੇ ਨਤੀਜੇ ਵਜੋਂ ਲਾਈਨਿੰਗ ਸਬ-ਡਵੀਜ਼ਨ ਨੰ. 12, ਮਲੋਟ ਨੂੰ ਕਾਰਜਕਾਰੀ ਇੰਜੀਨੀਅਰ, ਅਬੋਹਰ (ਪੀ.ਡਬਲਿਊ.ਆਰ.ਐਮ.ਡੀ.ਸੀ. ਡਵੀਜ਼ਨ, ਅਬੋਹਰ) ਨਾਲ ਅਟੈਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਕਾਰਜਕਾਰੀ ਇੰਜੀਨੀਅਰ, ਦੇਵੀਗੜ੍ਹ (ਪੀ.ਡਬਲਿਊ.ਆਰ.ਐੱਮ.ਡੀ.ਸੀ. ਡਵੀਜ਼ਨ, ਸੰਗਰੂਰ) ਅਧੀਨ ਸੀ, ਜੋ ਕਿ ਮਲੋਟ ਤੋਂ ਬਹੁਤ ਦੂਰ ਹੋਣ ਕਾਰਨ ਦਫ਼ਤਰੀ ਕੰਮ ਕਾਜ ਵਿਚ ਦੇਰੀ ਹੋਣ ਦੇ ਨਾਲ-ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਡਾ. ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪੁਨਰਗਠਨ ਨਾਲ ਚੱਲ ਰਹੇ ਪ੍ਰੋਜੈਕਟਾਂ ਵਿਚ ਤੇਜ਼ੀ ਆਵੇਗੀ, ਵਿਭਾਗੀ ਕੁਸ਼ਲਤਾ ਵਿਚ ਵਾਧਾ ਹੋਵੇਗਾ ਅਤੇ ਮਲੋਟ ਦੇ ਵਸਨੀਕਾਂ ਲਈ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਲਾ ਇਕ ਵਿਸਤ੍ਰਿਤ ਮੈਪਿੰਗ ਰਿਪੋਰਟ 'ਤੇ ਅਧਾਰਤ ਹੈ, ਜੋ ਕਿ ਪੰਜਾਬ ਦੇ ਨਹਿਰੀ ਡਿਵੀਜ਼ਨਾਂ ਅਤੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੀ ਵਿਆਪਕ ਸਮੀਖਿਆ ਤੋਂ ਬਾਅਦ ਤਿਆਰ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਵੀ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਮਲੋਟ ਇਲਾਕੇ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ। 

ਡਾ. ਬਲਜੀਤ ਕੌਰ ਨੇ ਦੱਸਿਆ ਕਿ ਨਵੇਂ ਢਾਂਚੇ ਅਨੁਸਾਰ, ਲਾਈਨਿੰਗ ਸਬ-ਡਵੀਜ਼ਨ ਨੰ.  12, ਮਲੋਟ, ਦੇ ਪਹਿਲਾਂ ਚੱਲ ਰਹੇ ਕੰਮਾਂ ਨੂੰ ਕਾਰਜਕਾਰੀ ਇੰਜੀਨੀਅਰ, ਦੇਵੀਗੜ੍ਹ (ਪੀ.ਡਬਲਿਊ.ਆਰ.ਐਮ.ਡੀ.ਸੀ. ਡਵੀਜ਼ਨ, ਸੰਗਰੂਰ) ਅਧੀਨ ਹੀ ਕਰਵਾਇਆ ਜਾਵੇਗਾ, ਜਦੋਂ ਕਿ ਨਵੇਂ ਕੰਮਾਂ ਸਬੰਧੀ ਰਿਪੋਰਟ ਕਾਰਜਕਾਰੀ ਇੰਜੀਨੀਅਰ, ਅਬੋਹਰ ਨੂੰ  ਸੌਂਪੀ ਜਾਵੇਗੀ। ਮੰਤਰੀ ਨੇ ਪੁਸ਼ਟੀ ਕੀਤੀ ਕਿ ਇਹ ਪਹਿਲਕਦਮੀ ਪ੍ਰਸ਼ਾਸਨ ਨੂੰ ਮਜ਼ਬੂਤ ਕਰੇਗੀ, ਜਲ ਸਰੋਤ ਪ੍ਰਬੰਧਨ ਵਿਚ ਸੁਧਾਰ ਕਰੇਗੀ ਅਤੇ ਕਿਸਾਨਾਂ ਅਤੇ ਪਾਣੀ ਦੇ ਖਪਤਕਾਰਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਏਗੀ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਇਸ ਪੁਨਰਗਠਨ ਨੂੰ ਤੁਰੰਤ ਲਾਗੂ ਕਰਨ ਅਤੇ ਸੋਧੇ ਹੋਏ ਢਾਂਚੇ ਤਹਿਤ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।


author

Gurminder Singh

Content Editor

Related News