"ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਘਰੇਲੂ ਉਡਾਣਾ ਦੀ ਗਿਣਤੀ ਘਟਾਉਣ ਦੀ ਲੋੜ"

Saturday, May 30, 2020 - 09:30 AM (IST)

ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ 'ਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਖਾਸਕਰ ਮੁੰਬਈ ਅਤੇ ਅਹਿਮਦਾਬਾਦ ਤੋਂ ਘਰੇਲੂ ਉਡਾਣਾਂ ਦੀ ਗਿਣਤੀ ਘਟਾਉਣ ਦੀ ਲੋੜ ਹੈ ਕਿਉਂਕਿ ਇੱਥੇ ਵੱਡੀ ਗਿਣਤੀ 'ਚ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲਏ ਗਏ 72, 468 ਨਮੂਨਿਆਂ 'ਚੋਂ ਸਿਰਫ਼ 2.8 ਫ਼ੀਸਦੀ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ 'ਚ ਰਿਪੋਰਟ ਕੀਤੇ ਗਏ ਜ਼ਿਆਦਾਤਰ ਮਾਮਲੇ ਦੂਜੇ ਸੂਬਿਆਂ ਅਤੇ ਦੇਸ਼ਾਂ ਦੀ ਟਰੈਵਲ ਹਿਸਟਰੀ ਨਾਲ ਸਬੰਧਤ ਹਨ, ਇਸ ਲਈ ਇਸ ਵਾਇਰਸ ਦੇ ਸਮੂਹ 'ਚ ਫੈਲਾਅ ਨੂੰ ਰੋਕਣ ਲਈ ਵਿਸ਼ੇਸ਼ ਤੌਰ ‘ਤੇ ਉੱਚ ਜੋਖ਼ਮ ਵਾਲੇ ਰਾਜਾਂ ਅਤੇ ਦੇਸ਼ਾਂ `ਚੋਂ ਆਉਣ ਵਾਲੇ ਯਾਤਰੀਆਂ `ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਉਹ ਭਲਕੇ ਹੋਣ ਵਾਲੀ ਕੈਬਨਿਟ ਮੀਟਿੰਗ 'ਚ ਮੁੱਖ ਮੰਤਰੀ ਪੰਜਾਬ ਨਾਲ ਇਸ ਅਹਿਮ ਮੁੱਦੇ ‘ਤੇ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਰਿਕਾਰਡ 'ਚ ਹੈ ਕਿ ਸੂਬੇ 'ਚ ਸਿਰਫ 151 ਪਾਜ਼ੇਟਿਵ ਵਿਅਕਤੀ ਅਜਿਹੇ ਹਨ, ਜਿਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। 99.9 ਫੀਸਦੀ ਸੰਪਰਕ ਟਰੇਸਿੰਗ 'ਚੋਂ, 1476 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, ਜੋ ਕਿ ਲਗਭਗ 8 ਫੀਸਦੀ ਬਣਦਾ ਹੈ। ਮੰਤਰੀ ਨੇ ਮੀਟਿੰਗ ਦੌਰਾਨ ਹਦਾਇਤਾਂ ਜਾਰੀ ਕੀਤੀਆਂ ਕਿ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਪਤਾ ਲਗਾਉਣ ਲਈ ਯਾਤਰੀਆਂ ਦੇ ਵੱਧ ਤੋਂ ਵੱਧ ਨਮੂਨੇ ਲੈਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤੱਕ 40 ਮਰੀਜ਼ਾਂ ਦੀ ਮੌਤ ਹੋਈ ਹੈ, ਉਹਨਾਂ ਦੀ ਉਮਰ 50 ਸਾਲ ਤੋਂ ਵੱਧ ਸੀ। ਇਨਾਂ ਵਿੱਚੋਂ 31 ਵਿਅਕਤੀ (77 ਫ਼ੀਸਦੀ) ਆਖਰੀ ਪੜਾਅ ‘ਤੇ ਗੁਰਦੇ, ਕੈਂਸਰ ਤੇ ਐੱਚਆਈਵੀ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਇਲਾਵਾ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੇ ਸਨ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਮੌਤ ਦਰ ਨੂੰ ਅੱਗੇ ਹੋਰ ਕੰਟਰੋਲ ਕਰਨ ਲਈ ਸਾਰੀਆਂ ਮੌਤਾਂ ਦਾ ਡੂੰਘਾਈ ਨਾਲ ਆਡਿਟ ਕੀਤਾ ਜਾਵੇਗਾ। ਬਲਬੀਰ ਸਿਘ ਸਿੱਧੂ ਨੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਨੂੰ ਹਦਾਇਤ ਕੀਤੀ ਕਿ ਉਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਅਸਾਮੀਆਂ ਦੀ ਫਾਈਲ ਪੇਸ਼ ਕਰਨ ਤਾਂ ਕਿ ਸਟਾਫ ਦੀ ਘਾਟ ਨੂੰ ਦੂਰ ਕਰਨ ਲਈ ਇਹ ਫਾਈਲ ਅਗਲੀ ਕੈਬਨਿਟ ਮੀਟਿੰਗ 'ਚ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਸਿਹਤ ਵਿਭਾਗ 'ਚ ਵਿਸ਼ਵਾਸ਼ ਨਹੀਂ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਸੰਸਥਾਵਾਂ 'ਚ ਮੁਹੱਈਆ ਕਰਾਈਆਂ ਗਈਆਂ ਮਿਆਰੀ ਸਿਹਤ ਸੇਵਾਵਾਂ ਨਾਲ ਹੁਣ ਸੂਬੇ ਦੀਆਂ ਸਿਹਤ ਸੇਵਾਵਾਂ 'ਚ ਉਨ੍ਹਾਂ ਦਾ ਪੂਰਾ ਭਰੋਸਾ ਬੱਝ ਗਿਆ ਹੈ।
      


Babita

Content Editor

Related News