ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਜੋੜ ਮੇਲਾ ਰਸਮੀ ਤੌਰ ’ਤੇ ਸੰਪੰਨ

Wednesday, Apr 14, 2021 - 09:46 PM (IST)

ਤਲਵੰਡੀ ਸਾਬੋ, (ਮੁਨੀਸ਼)- ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਚਾਰ ਰੋਜ਼ ਤੋਂ ਚੱਲ ਰਿਹਾ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਦੀ ਅਗਵਾਈ ਵਿਚ ਖਾਲਸਾਈ ਜਾਹੋ-ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਰਸਮੀ ਤੌਰ ’ਤੇ ਸੰਪੰਨ ਹੋ ਗਿਆ।

PunjabKesari

ਅੱਜ ਸਭ ਤੋਂ ਪਹਿਲਾਂ ਬੁੱਢਾ ਦਲ ਦੇ ਮੁੱਖ ਅਸਥਾਨ ਗੁ. ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਪਿਛਲੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਖਾਲਸਾਈ ਜਾਹੋ-ਜਲਾਲ ਨਾਲ ਮਹੱਲਾ ਰਵਾਨਾ ਹੋਇਆ।

PunjabKesari

ਤਖਤ ਸ੍ਰੀ ਦਮਦਮਾ ਸਾਹਿਬ ’ਤੇ ਮਹੱਲੇ ਦੇ ਨਤਮਸਤਕ ਹੋਣ ਉਪਰੰਤ ਅਗਲੇ ਪੜਾਅ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾ. ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਰਵਾਨਾ ਕੀਤਾ। ਗੁ. ਮਹੱਲਸਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੁਰੂ ਕੀਆਂ ਲਾਡਲੀਆਂ ਫੌਜਾਂ ਗੁ. ਜੰਡਸਰ ਸਾਹਿਬ ਕੋਲ ਬਣੇ ਮੈਦਾਨ ਵਿਚ ਪੁੱਜੀਆਂ, ਜਿੱਥੇ ਉਨ੍ਹਾਂ ਨੇ ਜੰਗਜੂ ਕਰਤੱਬ ਦਿਖਾਉਂਦਿਆਂ ਘੋੜਸਵਾਰੀ ਦੇ ਹੈਰਤਅੰਗੇਜ਼ ਕਰਤੱਬ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਸੰਗਤਾਂ ਨੂੰ ਦਿਖਾਏ। ਖਾਲਸਾਈ ਯੁੱਧ ਕੌਸ਼ਲ ਦੀ ਪ੍ਰਤੀਕ ਖੇਡ ਗੱਤਕੇ ਦੇ ਜੌਹਰ ਵੀ ਨਿਹੰਗ ਸਿੰਘਾਂ ਨੇ ਦਿਖਾਏ।

PunjabKesari

ਇਸ ਮੌਕੇ ਸੰਬੋਧਨ ’ਚ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਬੀਤੇ ਦਿਨ ਸ੍ਰੀ ਹਜ਼ੂਰ ਸਾਹਿਬ ਵਿਖੇ ਮਹੱਲਾ ਕੱਢਣ ਦੌਰਾਨ ਸਿੱਖ ਸੰਗਤਾਂ ਤੇ ਮਹਾਰਾਸ਼ਟਰ ਪੁਲਸ ਵੱਲੋਂ ਦਰਜ ਕੀਤੇ ਕੇਸਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਗ੍ਰਿਫਤਾਰ ਸਿੰਘਾਂ ਨੂੰ ਛੁਡਾਉਣ ਲਈ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਦਮ ਕਰਨਗੀਆਂ।

PunjabKesari

ਦਲ ਪੰਥ ਬਿਧੀ ਚੰਦ ਦੇ ਬਾਬਾ ਅਵਤਾਰ ਸਿੰਘ ਨੇ ਖਾਲਸਾ ਸਾਜਨਾ ਦਿਵਸ ਮੌਕੇ ਸਜਾਏ ਜਾਂਦੇ ਮਹੱਲੇ ਨੂੰ ਪੁਰਾਤਨ ਸਿੱਖ ਰਵਾਇਤ ਅਨੁਸਾਰ ਦੱਸਦਿਆਂ ਸਭਨਾਂ ਨੂੰ ਵਧਾਈ ਦਿੱਤੀ।

PunjabKesari

ਇਸ ਮੌਕੇ ਬਾਬਾ ਅਵਤਾਰ ਸਿੰਘ ਮੁਖੀ ਦਲ ਪੰਥ ਬਿਧੀ ਚੰਦ, ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ, ਜਥੇ. ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਬਾਬਾ ਨਿਹਾਲ ਸਿੰਘ ਹਰੀਆਂਵੇਲਾਂ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ,ਬਾਬਾ ਲਾਲ ਸਿੰਘ ਮਾਲਵਾ ਤਰਨਾ ਦਲ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮਨਮੋਹਣ ਸਿੰਘ ਬਾਰਨ, ਬਾਬਾ ਤ੍ਰਿਲੋਕ ਸਿੰਘ ਖਿਆਲੇਵਾਲੇ, ਬਾਬਾ ਰਘੁਵੀਰ ਸਿੰਘ ਖਿਆਲੇਵਾਲੇ, ਬਾਬਾ ਬਲਦੇਵ ਸਿੰਘ ਬੱਲਾ, ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਜੱਸਾ ਸਿੰਘ, ਗਿਆਨੀ ਰਣ ਸਿੰਘ ਬੁੱਢਾਦਲ, ਸਰਵਣ ਸਿੰਘ ਮਝੈਲ, ਬਾਬਾ ਹਰਪ੍ਰੀਤ ਸਿੰਘ, ਬਾਬਾ ਰਣਯੋਧ ਸਿੰਘ, ਬਾਬਾ ਅਰਜਨਦੇਵ ਸਿੰਘ ਸ਼ਿਵਜੀ, ਬਾਬਾ ਗੁਰਪ੍ਰੀਤ ਸਿੰਘ, ਵਿਸ਼ਵਪ੍ਰਤਾਪ ਸਿੰਘ, ਗੁਰਮੁਖ ਸਿੰਘ, ਸਕੱਤਰ ਦਿਲਜੀਤ ਸਿੰਘ ਬੇਦੀ, ਸੁਖਜੀਤ ਸਿੰਘ ਘਨ੍ਹੱਈਆ ਆਦਿ ਮੌਜੂਦ ਸਨ। ਸਟੇਜ ਦੀ ਕਾਰਵਾਈ ਭਾਈ ਸੁਖਮਿੰਦਰ ਸਿੰਘ ਮੋਰ ਨੇ ਬਾਖੂਬੀ ਨਿਭਾਈ।


Bharat Thapa

Content Editor

Related News